ਗੁਰੂ ਸਾਹਿਬਾਨ ਅਤੇ ਗੁਰਬਾਣੀ ਦਾ ਪੂਰਨ ਸਤਿਕਾਰ ਕਰਦਾ ਹਾਂ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਲ ਇੱਕ ਚੋਣ ਜਲਸੇ ਦੌਰਾਨ ਉਨ੍ਹਾਂ ਵੱਲੋਂ ਜਾਣੇ-ਅਣਜਾਣੇ ਵਿੱਚ ਦਸਮ ਗੁਰੂ ਸਾਹਿਬ ਦੁਆਰਾ ਰਚਿਤ ਸ਼ਬਦ ਬੋਲਦਿਆਂ ਹੋਈ ਭੁੱਲ-ਚੁੱਕ ਲਈ ਗਲਤੀ ਦਾ ਅਹਿਸਾਸ ਕਰਦਿਆਂ ਨਿਮਰਤਾ ਸਹਿਤ ਖ਼ਿਮਾ ਜਾਚਨਾ ਕੀਤੀ ਹੈ। ਉਹਨਾਂ ਕਿਹਾ ਕਿ ਇੱਕ ਨਿਮਾਣੇ ਅਤੇ ਭੁੱਲਣਹਾਰ ਸਿੱਖ ਵਾਂਗ ਉਹ ਗੁਰੂ ਸਾਹਿਬਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ, ਸੁਣਨ, ਮੰਨਣ ਵਾਲਿਆਂ ਸਮੇਤ ਸਮੁੱਚੇ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਪਾਸੋਂ ਉਹਨਾਂ ਵੱਲੋਂ ਜਾਣੇ-ਅਣਜਾਣੇ ਵਿੱਚ ਹੋਈ ਉਕਤ ਭੁੱਲ ਦੀ ਖਿਮਾ ਜਾਚਨਾ ਚਾਹੁੰਦੇ ਹਨ ਅਤੇ ਮੁਆਫ਼ੀ ਮੰਗਦੇ ਹਨ। ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਮਜੀਠੀਆ ਨੇ ਬੜੇ ਸਾਫ਼ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲੋਂ ਜਾਣੇ-ਅਣਜਾਣੇ ਵਿੱਚ ਗਲਤੀ ਹੋਈ ਹੈ ਜਦ ਕਿ ਉਨ੍ਹਾਂ ਦਾ ਕਿਸੇ ਵੀ ਨਾਨਕ ਨਾਮ-ਲੇਵਾ ਸੰਗਤ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦਾ ਪੂਰਨ ਸਤਿਕਾਰ ਕਰਦੇ ਹਨ ਅਤੇ ਦਸਮ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਅਤੇ ਸ਼ਬਦ ਕਹਿਣ ਵਿੱਚ ਹੋਈ ਇਸ ਗਲਤੀ ਲਈ ਬਿਨਾਂ ਕੋਈ ਬਹਾਨਾ ਬਣਾਉਂਦਿਆਂ ”ਮੈਂ ਪਾਪੀ ਤੂੰ ਬਖ਼ਸ਼ਣਹਾਰ”- ”ਭੁਲਣ ਵਿੱਚ ਕੀਆ ਸਭੁ ਕੋਈ ਕਰਤਾ ਆਪ ਨਾ ਭੁਲੇ” ”ਭੁਲਣ ਅੰਦਰ ਸਭੁ ਕੋ ਅਭੁਲ ਗੁਰੂ ਕਰਤਾਰੁ” ਦੇ ਪਵਿੱਤਰ ਮਹਾਂਵਾਕਾਂ ਦੀ ਭਾਵਨਾ ਅਨੁਸਾਰ ਖਿਮਾ ਜਾਚਨਾ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਗੁਰਬਾਣੀ ਪੜ੍ਹਦਿਆਂ-ਸੁਣਦਿਆਂ ਕਿਸੇ ਵੀ ਨਾਨਕ ਨਾਮ-ਲੇਵਾ ਸਿੱਖ ਕੋਲੋਂ ਜਾਣੇ-ਅਣਜਾਣੇ ਵਿੱਚ ਗਲਤੀ ਹੋ ਸਕਦੀ ਹੈ ਤੇ ਉਹ ਆਪਣੇ ਗੁਰੂ ਸਾਹਿਬ ਕੋਲੋਂ ਨਿਮਰ ਹੋ ਕੇ ਖਿਮਾ ਮੰਗ ਲੈਂਦਾ ਹੈ ਅਤੇ ਗੁਰੂ ਸਾਹਿਬ ਆਪਣੇ ਭੁੱਲਣਹਾਰ ਸਿੱਖ ਨੂੰ ਮੁਆਫ਼ ਵੀ ਕਰ ਦਿੰਦੇ ਹਨ। ਉਹਨਾਂ ਕਿਹਾ ”ਮੈਂ ਗੁਰੂ ਘਰ ਦਾ ਕੂਕਰ ਅਤੇ ਨਿਮਾਣਾ ਸਿੱਖ ਹਾਂ ਮੈਂ ਅੱਜ ਜੋ ਵੀ ਹਾਂ ਗੁਰੂ ਘਰ ਦੀ ਬਖਸ਼ਿਸ਼, ਕ੍ਰਿਪਾ, ਦਯਾ ਅਤੇ ਮਿਹਰ ਸਦਕਾ ਹੀ ਹਾਂ”