ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਗਦਰ ਪਾਰਟੀ ਅਤੇ ਉਸ ਵੱਲੋਂ ਚਲਾਈ ਗਈ ਗਦਰ ਲਹਿਰ ਨੇ ਅਹਿਮ ਭੂਮਿਕਾ ਨਿਭਾਈ।ਗਦਰ ਪਾਰਟੀ ਦੀ ਸਥਾਪਨਾ ਬਾਬਾ ਸੋਹਣ ਸਿੰਘ ਭਕਨਾ ਨੇ ਕੀਤੀ ਅਤੇ ਇਸ ਪਾਰਟੀ ਦੇ ਪ੍ਰਧਾਨ ਦਾ ਅਹੁੱਦਾ ਸੰਭਾਲਦਿਆਂ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਦੇ ਰਹੇ।
ਸੋਹਣ ਸਿੰਘ ਦਾ ਜਨਮ 4 ਜਨਵਰੀ 1870 ਈ. ਨੂੰ ਭਾਈ ਕਰਮ ਸਿੰਘ ਸ਼ੇਰਗਿੱਲ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਉਹਨਾਂ ਦੇ ਨਾਨਕੇ ਪਿੰਡ ਖੁਤਰਾਏ ਖੁਰਦ ਅੰਮ੍ਰਿਤਸਰ ਵਿੱਚ ਹੋਇਆ।ਉਹਨਾਂ ਦਾ ਜੱਦੀ ਪਿੰਡ ਭਕਨਾ ਹੈ ਜੋ ਕਿ ਉਹਨਾਂ ਦੇ ਨਾਮ ਨਾਲ ਹਮੇਸ਼ਾਂ ਲਈ ਜੁੜ ਗਿਆ।ਆਪ ਦੇ ਪਿਤਾ ਜੀ ਦੀ ਮੌਤ ਬਚਪਨ ਵਿੱਚ ਹੀ ਹੋ ਗਈ, ਉਸ ਸਮੇਂ ਆਪ ਦੀ ਉਮਰ ਕੇਵਲ ਇੱਕ ਸਾਲ ਸੀ।ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਗੁਰਦਵਾਰੇ ਵਿੱਚੋ ਹਾਸਲ ਕੀਤੀ ਅਤੇ ਪੰਜਵੀਂ ਪਿੰਡ ਦੇ ਸਕੂਲ ਤੋਂ ਕੀਤੀ।ਆਪ ਨੇ 16 ਸਾਲ ਦੀ ਉਮਰ ਤੱਕ ਉਰਦੂ ਅਤੇ ਫ਼ਾਰਸੀ ਵਿੱਚ ਵੀ ਚੰਗੀ ਮੋਹਾਰਤ ਹਾਸਲ ਕਰ ਲਈ।ਉਹਨਾਂ ਦਾ ਵਿਆਹ ਬਚਪਨ ਵਿੱਚ ਕੇਵਲ 10 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਗਿਆ।
ਪਹਿਲੀ ਵਾਰ ਬਾਬਾ ਸੋਹਣ ਸਿੰਘ ਭਕਨਾ ਨੇ ਬਸਤੀਵਾਦ ਬਿੱਲ ਦੇ ਖਿਲਾਫ 1906-07 ਈ. ਦੇ ਅੰਦੋਲਨ ਵਿੱਚ ਹਿੱਸਾ ਲਿਆ।1909 ਈ. ਵਿੱਚ ਆਪ ਅਮਰੀਕਾ ਚਲੇ ਗਏ, ਉਥੇ ਆਪ ਨੇ ਲੱਕੜੀ ਦੀ ਮਿੱਲ ਵਿੱਚ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ।ਬਾਬਾ ਜੀ ਨੇ ਅਮਰੀਕਾ ਅਤੇ ਕਨੇਡਾ ਵਿੱਚ ਭਾਰਤੀਆਂ ਨਾਲ ਹੁੰਦੇ ਬੁਰੇ ਵਿਹਾਰ ਅਤੇ ਵਿਤਕਰੇ ਨੂੰ ਦੇਖਦਿਆ ਹੋਇਆ ‘ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਂ ਦੀ ਜਥੇਬੰਦੀ ਬਣਾਈ।ਸੋਹਣ ਸਿੰਘ ਭਕਨਾ ਨੂੰ ਇਸ ਪਾਰਟੀ ਦਾ ਪ੍ਰਧਾਨ ਅਤੇ ਲਾਲ ਹਰਦਿਆਲ ਨੂੰ ਇਸ ਦਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ।ਇੱਕ ਨਵੰਬਰ 1913 ਨੂੰ ਆਪ ਵੱਲੋ ਹਫ਼ਤਾਵਾਰੀ ਅਖ਼ਬਾਰ ਗਦਰ ਦੀ ਸ਼ੁਰੂਆਤ ਕੀਤੀ ਗਈ।ਇਸ ਅਖ਼ਬਾਰ ਨੇ ਲੋਕਾਂ ਵਿੱਚ ਕ੍ਰਾਂਤੀਕਾਰੀ ਭਾਵਨਾਵਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।ਸੋਹਣ ਸਿੰਘ ਭਕਨਾ ਨੂੰ ਜਥੇਬੰਦੀ ਵੱਲੋਂ ਜਪਾਨ ਵਿੱਚ ਹਥਿਆਰ ਪਹੁੰਚਾਉਣ ਦੀ ਜਿੰਮੇਵਾਰੀ ਦਿੱਤੀ ਗਈ।ਇਹ ਹਥਿਆਰ ਕਾਮਾਗਾਟਾਮਾਰੂ ਜਹਾਜ਼ ਰਾਹੀ ਪਹੁੰਚਾਏ ਗਏ, ਵਾਪਸੀ ਸਮੇਂ ਸੋਹਣ ਸਿੰਘ ਭਕਨਾ ਨੂੰ ਖੁਫ਼ੀਆ ਪੰਜਾਬ ਪੁਲਿਸ ਦੀ ਰਿਪੋਰਟ ਦੇ ਅਧਾਰ ਤੇ ਕਲੱਕਤਾ ਵਿਖੇ 13 ਅਕਤੂਬਰ 1914 ਈ. ਨੂੰ ਗ੍ਰਿਫਤਾਰ ਕਰ ਲਿਆ ਗਿਆ।
ਲਾਹੌਰ ਸ਼ਾਜਿਸ਼ ਕੇਸ ਵਿੱਚ ਬਾਬਾ ਸੋਹਣ ਸਿੰਘ ਭਕਨਾ ਨੂੰ ਉਮਰ ਕੈਦ ਹੋ ਗਈ।ਆਪ ਨੇ 16 ਸਾਲ ਜੇਲ੍ਹ ਵਿੱਚ ਗੁਜ਼ਾਰੇ।ਆਪ ਨੇ ਜੇਲ੍ਹ ਵਿਚ ਭਗਤ ਸਿੰਘ ਅਤੇ ਹੋਰ ਕ੍ਰਾਂਤੀਕਾਰੀਆ ਨਾਲ ਮਿਲ ਕੇ ਭੁੱਖ ਹੜਤਾਲ ਵੀ ਰੱਖੀ।ਇਸ ਸਮੇਂ ਜਦੋਂ ਭਗਤ ਸਿੰਘ ਨੇ ਆਪ ਨੂੰ ਬਜ਼ੁੱਰਗ ਹੋਣ ਕਾਰਨ ਭੁੱਖ ਹੜਤਾਲ ਨਾ ਰੱਖਣ ਲਈ ਕਿਹਾ ਤਾਂ ਆਪ ਨੇ ਕਿਹਾ ਕਿ ਬੇਸ਼ੱਕ ਮੇਰਾ ਸਰੀਰ ਵੇਖਣ ਨੂੰ ਬਜ਼ੁੱਰਗ ਲੱਗਦਾ ਹੈ, ਪਰੰਤੂ ਮੇਰੇ ਅੰਦਰ ਦਾ ਕ੍ਰਾਂਤੀਕਾਰੀ ਅਜੇ ਬੁੱਢਾ ਨਹੀਂ ਹੋਇਆ।ਜੁਲਾਈ 1930 ਈ. ਵਿੱਚ ਆਪ ਨੂੰ ਜੇਲ੍ਹ ਵਿਚੋਂ ਰਿਹਾ ਕਰ ਦਿੱਤਾ ਗਿਆ।ਆਪ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਲਗਾਤਾਰ ਆਪਣਾ ਯੋਗਦਾਨ ਪਾਉਂਦੇ ਰਹੇ ਅਤੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਅਤੇ ਕਮਿਊਨਿਸਟ ਪਾਰਟੀ ਨਾਲ ਜੁੜ ਗਏ।ਅੰਤ ਸਮੇਂ ਆਪ ਨਮੂਨੀਏ ਦੀ ਬਿਮਾਰੀ ਤੋਂ ਪੀੜਤ ਹੋ ਗਏ ਅਤੇ 21 ਦਸੰਬਰ, 1968 ਨੂੰ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ।ਸੋਹਣ ਸਿੰਘ ਭਕਨਾ ਵੱਲੋ ਦੇਸ਼ ਦੀ ਅਜ਼ਾਦੀ ਵਿੱਚ ਪਾਏ ਸੰਘਰਸ਼ ਨੂੰ ਦੇਸ਼ ਵਾਸੀ ਕਦੀ ਨਹੀਂ ਭੁਲਾ ਸਕਣਗੇ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231