ਨਵੀ ਦਿੱਲੀ, 13 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੁਦਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਦਿੱਲੀ ਕਮੇਟੀ ਨੇ ਹਾਸੋ ਹਿਣਾ ਕਰਾਰ ਦਿੰਦੇ ਹੋਏ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਦੀ ਸਰਨਾ ਨੂੰ ਚੁਨੌਤੀ ਦਿੱਤੀ ਹੈ। ਕਮੇਟੀ ਦੇ ਮੀਡਿਆ ਸਲਹਾਕਾਰ ਪਰਮਿੰਦਰਪਾਲ ਸਿੰਘ ਨੇ ਸਰਨਾ ਨੂੰ ਤੱਥਾਂ ਦੇ ਅਧਾਰ ਤੇ ਦੋਸ਼ ਲਗਾਉਣ ਦੀ ਸਲਾਹ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਜਦੋ ਸਰਨਾ ਨੇ 27 ਫਰਵਰੀ 2013 ਨੂੰ ਨਵੀਂ ਕਮੇਟੀ ਨੂੰ ਚਾਰਜ ਸੌਂਪਿਆਂ ਸੀ ਤਾਂ 6 ਕਰੋੜ 38 ਲੱਖ 36 ਹਜਾਰ 140 ਰੁਪਏ ਦੀਆਂ ਐਫ ਡੀਆਂ ਨਵੀਂ ਕਮੇਟੀ ਨੂੰ ਪ੍ਰਾਪਤ ਹੋਈਆਂ ਸਨ ਤੇ ਹੁਣ 14 ਮਹੀਨਿਆਂ ਤੋਂ ਬਾਅਦ ਦਿੱਲੀ ਕਮੇਟੀ ਕੋਲ 7 ਕਰੋੜ 20 ਲੱਖ 1700 ਰੁਪਏ ਐਫਡੀਆਂ ‘ਚ ਮੌਜੂਦ ਨੇ, ਮਤਲਬ 14ਮਹੀਨਿਆਂ ‘ਚ ਲਗਭਗ 9 ਲੱਖ ਦਾ ਇਜ਼ਾਫਾ ਹੋਇਆ ਹੈ ਜੱਦਕਿ ਜੁਲਾਈ 2002’ਚ ਜਦੋ ਸਰਨਾ ਨੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ ਪਾਸੋ ਕਮੇਟੀ ਦਾ ਚਾਰਜ ਲਿਆ ਸੀ ਤਾਂ ਉਸ ਵੇਲੇ ਸਰਨਾ ਨੂੰ 7 ਕਰੋੜ 94 ਲੱਖ 34 ਹਜਾਰ 704 ਰੁਪਏ ਐਫਡੀਆਂ ਦੇ ਤੌਰ ਤੇ ਪ੍ਰਾਪਤ ਹੋਏ ਸਨ ਤੇ 11 ਸਾਲ ਬਾਅਦ ਸਰਨਾ ਸਾਹਿਬ ਉਸ ਵਿਚ ਲਗਭਗ 56 ਲੱਖ ਦਾ ਘਾਟਾ ਕਰਕੇ ਦੇ ਕੇ ਗਏ ਸਨ।
ਸਰਨਾ ਨੂੰ ਆਪਣੀ ਸਿਆਸੀ ਜ਼ਮੀਨ ਖੋਹਨ ਕਰਕੇ ਲਗੇ ਸਦਮੇ ਦਾ ਜਿਕਰ ਕਰਦੇ ਹੋਏ ਪਰਮਿੰਦਰ ਨੇ ਕਿਹਾ ਕਿ ਸਰਨਾ ਨੂੰ ਕੁਫਰ ਤੋਲਨ ਤੋਂ ਪਹਿਲੇ ਆਪਣੇ ਆਪ ਨੂੰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਵਕਾਰੀ ਅਹੁਦੇ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਆਪਣੀ ਕਾਂਗਰਸ ਪਰਟੀ ਦੀ ਸੰਭਾਵੀ ਹਾਰ ਨੂੰ ਦੇਖਦੇ ਹੋਏ ਦਿੱਲੀ ਕਮੇਟੀ ਪ੍ਰਬੰਧਕਾਂ ਤੇ ਜਿਨੇ ਵੀ ਦੁਰਭਾਵਨਾ ਵਿਚ ਭਿੱਜ ਕੇ ਜੋ ਦੋਸ਼ ਲਗਾਏ ਨੇ ਉਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਉਸ ਨੂੰ ਉਹ ਕਦੇ ਵੀ ਸਾਬਿਤ ਨਹੀਂ ਕਰ ਪਾਣਗੇ। ਇਸ ਲਈ ਅਸੀ ਸਰਨਾ ਨੂੰ ਅਫਵਾਹ ਵਾਦੀ ਮਾਨਸਿਕਤਾ ਦੇ ਪੈਰੋਕਾਰ ਵਜੋ ਯਾਦ ਕਰੀਏ ਤਾਂ ਜ਼ਿਆਦਾ ਠੀਕ ਹੋਵੇਗਾ। ਸਰਨੇ ਦੇ ਸੁਚੱਤਾ ਦੇ ਗੁਬਾਰੇ ਦੀ ਹਵਾ ਕੱਢਦੇ ਹੋਏ ਪਰਮਿੰਦਰ ਨੇ ਦਾਅਵਾ ਕੀਤਾ ਕਿ ਦੂਸਰੇ ਤੇ ਦੋਸ਼ ਲਗਾਉਣ ਵਾਲੇ ਸਰਨਾ ਖੁਦ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਖਾਸ ਇਕ ਸਾਬਕਾ ਮੈਂਬਰ ਨੂੰ ਨਾਲ ਬਿਠਾ ਕੇ ਬੈਠੇ ਸਨ ਜਿਸ ਤੇ ਸਕੂਲ ਦੇ ਚੇਅਰਮੈਨ ਦੇ ਅਹੁਦੇ ਤੇ ਰਹਿਣ ਦੌਰਾਨ ਇਕ ਅਧਿਆਪਿਕਾ ਨਾਲ ਯੋਨ ਸ਼ੋਸ਼ਣ ਦੇ ਦੋਸ਼ਾਂ ਤਹਿਤ ਕੋਰਟ ‘ਚ ਮੁਕੱਦਮਾ ਅੱਜ ਵੀ ਵਿਚ ਚਲ ਰਿਹਾ ਹੈ।
ਅੰਮ੍ਰਿਤਸਰ ਦੀ ਸਰਾਂ ਦੀ ਆਨਲਾਈਨ ਬੁਕਿੰਗ ਦੀ ਜਾਣਕਾਰੀ ਦੇਣ ਦੇ ਨਾਲ ਹੀ ਪਰਮਿੰਦਰ ਨੇ ਸਰਾਂ ਦੀ ਕਿਸੇ ਪ੍ਰਕਾਰ ਦੀ ਸਿਆਸੀ ਵਰਤੋਂ ਤੋਂ ਵੀ ਇਨਕਾਰ ਕਰਦੇ ਹੋਏ ਕਿਹਾ ਕਿ ਸਰਨਾ ਜੀ ਇਹ ਸਰਾਂ ਨੂੰ ਦਿੱਲੀ ਕਮੇਟੀ ਨੂੰ ਇਕ ਚਿੱਟੇ ਹਾਥੀ ਵਾਂਗ ਸੌਪ ਕੇ ਗਏ ਸਨ ਤੇ ਇਸ ਦਾ ਕਿਰਾਇਆ ਅੰਮ੍ਰਿਤਸਰ ਦੇ ਹੋਟਲਾਂ ਦੇ ਬਰਾਬਰ ਸੀ, ਜਿਸ ਕਰਕੇ ਯਾਤਰੂ ਇਸ ਸਰਾਂ ‘ਚ ਜਾਣ ਦੀ ਬਜਾਏ ਹੋਟਲਾਂ ‘ਚ ਠਹਿਰਣਾ ਜ਼ਿਆਦਾ ਪਸੰਦ ਕਰਦੇ ਸਨ ਪਰ ਨਵੀਂ ਕਮੇਟੀ ਨੇ ਸੇਵਾ ਸੰਭਾਲਦੇ ਹੀ ਕਿਰਾਇਆਂ ‘ਚ 45 ਤੋਂ 100ਫੀਸਦੀ ਦੀ ਗਿਰਾਵਟ ਕੀਤੀ ਜਿਸ ਕਰਕੇ ਹੁਣ ਇਹ ਸਰਾਂ ਸ੍ਰੀ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਇਸ ਦਾ ਕਿਰਾਇਆ ਸ਼੍ਰੋਮਣੀ ਕਮੇਟੀ ਦੀ ਸਰਾਂਵਾਂ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ 1984 ਦੀਆਂ ਵਿਧਵਾਵਾਂ ਨੂੰ ਪੈਂਸ਼ਨ, ਫੀਸ ਮਾਫੀ, ਰਾਸ਼ਨ, ਫ੍ਰੀ ਵਰਦੀਆਂ, ਅੰਮ੍ਰਿਤਧਾਰੀ ਬੱਚਿਆਂ ਨੂੰ ਫੀਸ ਮਾਫੀ , ਲੋੜਵੰਦ ਬੱਚਿਆਂ ਨੂੰ ਫੀਸ ਮਾਫੀ, ਕਮੇਟੀ ਸਟਾਫ ਦੀ ਤਨਖਾਹ ‘ਚ ਇਜਾਫਾ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਨੂੰ 6ਵਾਂ ਪੈਅ ਕਮੀਸ਼ਨ ਦੇਣਾ, ਉਤਰਾਖੰਡ ‘ਚ ਕੁਦਰਤੀ ਕਰੋਪੀ ਦੌਰਾਨ ਮਨੁੱਖਤਾ ਦੀ ਸੇਵਾ ਕਰਨਾ, ਦਿੱਲੀ ਫਤਹਿ ਦਿਵਸ ਅਤੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ‘ਚ ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ 14 ਮਹੀਨਿਆ ਬਾਅਦ ਕਮੇਟੀ ਘਾਟੇ ਦੀ ਬਜਾਏ ਫਾਇਦੇ ਵਿਚ ਹੈ ਹੁਣ ਸਰਨਾ ਸਾਹਿਬ ਕਿਸ ਮਾਨਸਿਕ ਅਵਸਥਾ ‘ਚ ਬੇਲੋੜੇ ਦੋਸ਼ ਲਗਾ ਰਹੇ ਹਨ, ਸਮਝ ਤੋਂ ਪਰੇ ਹੈ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …