Monday, July 8, 2024

ਈਡੀਅਟ ਕਲੱਬ ਵੱਲੋਂ ਜੂਨੀਅਰ ਕਮੇਡੀ ਕਿੰਗ ਮੁਕਾਬਲੇ 15 ਜੂਨ ਨੂੰ- ਰਿਖੀ

ਭਗਵੰਤ ਮਾਨ ਦੀ ਜਿੱਤ ਨਾਲ ਕਲਾਕਾਰ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ

PPN190513

ਅੰਮ੍ਰਿਤਸਰ, 19 ਮਈ (ਜਸਬੀਰ ਸਿੰਘ ਸੱਗੂ)- ਬੱਚਿਆਂ ਦੇ ਜੂਨੀਅਰ ਕਮੇਡੀ ਕਿੰਗ ਮੁਕਾਬਲੇ 15 ਜੂਨ ਨੂੰ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਇਕ ਮੀਟਿੰਗ ਵਿਚ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਦੇ ਖਿਲਾਫ ਵਿਅੰਗਾਤਮਕ ਚੋਟ ਕਰਨਾ ਅਤੇ ਲੋਕਾਂ ਵਿਚ ਲੁਕੇ ਹੋਏ ਟੇਲੈਂਟ ਨੂੰ ਲੱਭ ਕੇ ਉਹਨਾਂ ਨੂੰ ਸਹੀ ਅਤੇ ਵਧੀਆ ਪਲੇਟਫਾਰਮ ਪ੍ਰਦਾਨ ਕਰਨਾ ਹੈ। ਮੀਟਿੰਗ ਵਿਚ ਉਚੇਚੇ ਤੌਰ ਤੇ ਪੁੱਜੇ ਕਮੇਡੀ ਨਾਈਟਸ ਵਿਦ ਕਪਿਲ ਦੇ (ਰਾਜੂ ਫੇਮ) ਚੰਦਨ ਪ੍ਰਭਾਕਰ ਕਮੇਡੀਅਨ ਨੇ ਕਿਹਾ ਕਿ ਭਗਵੰਤ ਮਾਨ ਦੇ ਜਿੱਤਣ ਨਾਲ ਆਮ ਆਦਮੀ ਦੀ ਆਵਾਜ ਦੇ ਨਾਲ-ਨਾਲ ਕਲਾਕਾਰ ਭਾਈਚਾਰੇ ਦੀ ਆਵਾਜ ਵੀ ਸੰਸਦ ਵਿਚ ਪਹੁੰਚੇਗੀ। ਚੰਦਨ ਨੇ ਈਡੀਅਟ ਕਲੱਬ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕਮੇਡੀ ਦੇ  ਪ੍ਰੋਗਰਾਮ ਕਰਵਾਉਣਾ ਬਹੁਤ ਵਧੀਆ ਹੈ ਕਿਉਂਕਿ ਅੱਜ ਦੇ ਟੈਂਸ਼ਨ ਭਰੇ ਮਾਹੌਲ ਵਿਚ ਹਰ ਵਿਅਕਤੀ ਕੁਝ ਅਜਿਹੇ ਪਲ ਲੱਭਦਾ ਹੈ ਜਿਨਾਂ ਵਿਚ ਉਹ ਆਪਣੀ ਥਕਾਵਟ ਦੂਰ ਕਰ ਸਕੇ ਅਤੇ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਭਰੇ ਮਾਹੌਲ ਵਿਚ ਬੈਠ ਸਕੇ। ਈਡੀਅਟ ਕਲੱਬ ਦੇ ਪ੍ਰਧਾਨ ਰਿਖੀ ਨੇ ਦੱਸਿਆ ਕਿ ਅਲਫਾਵਨ ਅੰਮ੍ਰਿਤਸਰ ਵਿਚ ੧੫ ਜੂਨ ਨੂੰ ਇੰਟਰ ਡਿਸਟ੍ਰਿਕ ਜੂਨੀਅਰ ਕਮੇਡੀ ਕਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ 6  ਤੋਂ 10  ਸਾਲ ਅਤੇ 11 ਤੋਂ 15  ਸਾਲ ਦੇ ਬੱਚੇ ਹਿੱਸਾ ਲੈ ਸਕਦੇ ਹਨ। ਇਸ ਪ੍ਰੋਗਰਾਮ ਵਿਚ ਜੇਤੂਆਂ ਨੂੰ ਇਨਾਮਾਂ ਦੇ ਨਾਲ-ਨਾਲ ਆਕਰਸ਼ਕ ਗਿਫਟ ਵੀ ਦਿੱਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਜਸਪਾਲ ਭੱਟੀ ਦੀ ਮੌਤ ਤੋਂ ਬਾਦ ਉਹਨਾਂ ਦੀ ਯਾਦ ਨੂੰ ਹਮੇਸ਼ਾਂ ਤਾਜਾ ਰੱਖਣ ਲਈ ਉਹਨਾਂ ਨੇ ਹਰ ਸਾਲ ਜਸਪਾਲ ਭੱਟੀ ਮੈਮੋਰੀਅਲ ਅਵਾਰਡ ਕਰਵਾਉਣ ਦਾ ਐਲਾਨ ਕੀਤਾ ਸੀ ਅਤੇ ਮਾਰਚ ਮਹੀਨੇ ਦੂਸਰੇ ਜਸਪਾਲ ਭੱਟੀ ਮੈਮੋਰੀਅਲ ਅਵਾਰਡ ਕਰਵਾਉਣ ਵੇਲੇ ਹੀ ਉਹਨਾਂ ਨੇ ਇਹ ਪ੍ਰੋਗਰਾਮ ਕਰਵਾਉਣ ਦਾ ਮਨ ਬਣਾ ਲਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਛੋਟੇ ਤੋਂ ਛੋਟੇ ਬੱਚੇ ਅੰਦਰ ਵੀ ਕਲਾ ਕੁੱਟ-ਕੁੱਟ ਕੇ ਭਰੀ ਹੋਈ ਹੈ, ਪਰ ਜਿਆਦਾਤਰ ਵਿਅਕਤੀਆਂ ਨੂੰ ਸਹੀ ਪਲੇਟਫਾਰਮ ਹੀ ਨਹੀਂ ਮਿਲਦਾ ਅਤੇ ਉਹਨਾਂ ਦੀ ਕਲਾ ਉਹਨਾਂ ਦੇ ਅੰਦਰ ਹੀ ਦਫਨ ਹੋ ਜਾਂਦੀ ਹੈ। ਰਿਖੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆਡੀਸ਼ਨ ਲਏ ਜਾ ਰਹੇ ਹਨ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਆਡੀਸ਼ਨ ਦੀ ਤਰੀਕ ਅਤੇ ਜਗਾ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਫਿਲਮੀ ਕਲਾਕਾਰ ਅਰਵਿੰਦਰ ਭੱਟੀ ਅਤੇ ਕਲੱਬ ਦੇ ਮੀਤ ਪ੍ਰਧਾਨ ਕੇ.ਐਸ.ਪਾਰਸ (ਐਸਟ੍ਰੋਲੋਜਰ) ਵੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply