ਨਵੀਂ ਦਿੱਲੀ, 20 ਮਈ (ਅੰਮ੍ਰਤ ਲਾਲ ਮੰਨਂਣ)- ਆਂਧ੍ਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਮੁੱਖੀ ਚੰਦਰਬਾਬੂ ਨਾਇਡੂ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਮੁਲਾਕਾਤ ਕਰਕੇ ਹੈਦਰਾਬਾਦ ‘ਚ ਹਿੰਸਾ ਦਾ ਸ਼ਿਕਾਰ ਹੋਏ ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਅਧਾਰਿਤ ਇਸ ਵਫ਼ਦ ਨੇ ਹੈਦਰਾਬਾਦ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਨਾਉਣ ਅਤੇ ਸਿੱਖਾਂ ਖਿਲਾਫ ਨਾਜਾਇਜ਼ ਦਰਜ ਹੋਏ ਮੁਕੱਦਮਿਆਂ ਨੂੰ ਵੀ ਵਾਪਿਸ ਲੈਣ ਦੀ ਮੰਗ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਾਇਡੂ ਨਾਲ ਮੁਲਾਕਾਤ ਕਰਨ ਗਏ ਇਸ ਵਫ਼ਦ ਨੇ ਬਾਦਲ ਵੱਲੋਂ ਐਨ.ਡੀ.ਐ. ਦੇ ਸਾਥੀ ਵਜੋ ਤੇਲਗੂਦੇਸ਼ਮ ਪਾਰਟੀ ਨੂੰ ਲੋਕਸਭਾ ਚੋਣਾਂ ‘ਚ ਮਿਲੀ ਵੱਡੀ ਜਿੱਤ ਤੇ ਵਧਾਈ ਵੀ ਦਿੱਤੀ। ਬੀਤੇ ਦਿਨੀ ਕਿਸ਼ਨਬਾਗ ਇਲਾਕੇ ਦੇ ਇਕ ਗੁਰਦੁਆਰਾ ਸਾਹਿਬ ‘ਚ ਨਿਸ਼ਾਨ ਸਾਹਿਬ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾਉਣ ਤੋਂ ਬਾਅਦ ਭੜਕੀ ਹਿੰਸਾ ਤੋਂ ਬਾਅਦ ਦਿੱਲੀ ਕਮੇਟੀ ਦੇ ਵਫ਼ਦ ਵੱਲੋਂ ਆਂਧ੍ਰਾ ਪ੍ਰਦੇਸ਼ ਦੇ ਰਾਜਪਾਲ ਈ.ਐਸ਼. ਲਕਸ਼ਮੀ ਨਰਸੀਮਹਨ ਅਤੇ ਸਾਇਬ੍ਰਾਬਾਦ ਜ਼ਿਲੇ ਦੇ ਪੁਲਿਸ ਕਮੀਸ਼ਨਰ ਸੀ.ਵੀ.ਪ੍ਰਸ਼ਾਦ ਨਾਲ ਕੀਤੀ ਗਈ ਮੁਲਾਕਾਤਾਂ ਦਾ ਵੀ ਨਾਇਡੂ ਨੂੰ ਵੇਰਵਾ ਦਿੱਤਾ। ਨਾਇਡੂ ਨੇ ਵਫ਼ਦ ਨੂੰ ਸਿੱਖਾਂ ਦੀਆਂ ਸਾਰੀਆਂ ਮੰਗਾ ਤੇ ਗੌਰ ਕਰਨ ਦਾ ਭਰੋਸਾ ਦਿੰਦੇ ਹੋਏ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਨ ਵਾਸਤੇ ਹਰ ਪ੍ਰਕਾਰ ਦੇ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕੀਤੀ। ਨਾਇਡੂ ਨੇ ਦਿੱਲੀ ਕਮੇਟੀ ਵੱਲੋਂ ਉਤਰਾਖੰਡ ‘ਚ ਆਈ ਕੁਦਰਤੀ ਕਰੋਪੀ ਦੌਰਾਨ ਮਨੁੱਖਤਾ ਦੀ ਸੇਵਾ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਆਂਧ੍ਰਾ ਪ੍ਰਦੇਸ਼ ਦੇ ਤੀਰਥ ਯਾਤਰੂਆਂ ਨੂੰ ਸੁਰੱਖਿਅਤ ਬਾਹਰ ਕੱਢਕੇ ਐਯਰ ਐਂਬੂਲੈਂਸ ਰਾਹੀਂ ਆਪਣੇ ਸ਼ਹਿਰਾਂ ‘ਚ ਭੇਜਣ ਵਾਸਤੇ ਦਿੱਲੀ ਕਮੇਟੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮਨਜੀਤ ਸਿੰਘ ਜੀ.ਕੇ. ਨੇ ਨਾਇਡੂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਵੀ ਕੀਤਾ। ਤੇਲਗੂਦੇਸ਼ਮ ਪਾਰਟੀ ਦੇ ਜਿੱਤੇ ਹੋਏ ਸਾਰੇ ਲੋਕਸਭਾ ਮੈਂਬਰ ਵੀ ਇਸ ਮੰੌਕੇ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …