Monday, July 8, 2024

ਸਾਵਣ ਦੀਆਂ ਤੀਆਂ

ਤੀਆਂ ‘ਤੇ ਵਿਸ਼ੇਸ਼

Teeyian
ਕੁੜੀਆਂ ਚਿੜੀਆਂ, ਕੁਆਰੀਆਂ ਤੇ ਪੇਕੇ ਆਈਆਂ ਸੱਜ ਵਿਆਹੀਆਂ ਮੁਟਿਆਰਾਂ ਦੀਆਂ ਤੀਆਂ ਤੇ ਤ੍ਰਿਜੰਣਾਂ
”ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ।।”
ਗੁਰਬਾਣੀ ਵਿੱਚ ਵੀ ਸਾਵਣ ਮਹੀਨੇ ਦਾ ਵਿਸ਼ੇਸ਼ ਜਿਕਰ ਆਉਂਦਾ ਹੈ। ਗੁਰਬਾਣੀ ਵਿੱਚ ਰਚਿਤ ਬਾਰਹ ਮਾਹਾ ਵਿੱਚ ਦਰਜ ਹੈ ਕਿ ਸੰਮਤ ਦੇਸੀ ਮਹੀਨਿਆਂ ਵਿੱਚ ਇਕ ਮਹੀਨਾ ਸਾਵਣ ਦਾ ਮਹੀਨਾ ਹੁੰਦਾ ਹੈ ਅਤੇ ਇਸ ਮਹੀਨੇ ਨੂੰ ਬਹਾਰ ਦਾ ਮੌਸਮ ਗਿਣਿਆ ਜਾਂਦਾ ਹੈ ਅਤੇ ਗੁਰਬਾਣੀ ਵਿੱਚ ਇਸ ਬਹਾਰ ਦੇ ਮਹੀਨੇ ਪ੍ਰਭੂ ਮਿਲਾਪ ਲਈ ਆਪਣਾ ਮਨ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਪਿਆਰ ਵਿੱਚ ਰੰਗ ਕੇ ਪ੍ਰਭੂ ਸਿਮਰਨ ਤੇ ਜੋਰ ਦਿੱਤਾ ਗਿਆ ਹੈ। ਭਾਵੇਂ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਹੈ, ਫਿਰ ਵੀ ਗੁਰੂ ਜੀ ਦੀ ਇਸ ਸਿਖਿਆ ਨੂੰ (ਸੋ ਕਿਉ ਮੰਦਾ ਆਖੀਐ, ਜਿੱਤ ਜੰਮੈ ਰਾਜਾਨ) ਅੱਜ ਦਾ ਸਮਾਜ ਅੱਖੋਂ ਉਹਲੇ ਕਰਕੇ ਆਪਣਾ ਉਲੂ ਸਿੱਧਾ ਕਰਨ ਨੂੰ ਤੁਰਿਆ ਹੋਇਆ ਹੈ।ਖੈਰ ਆਪਾਂ ਸਾਵਣ ਰੁੱਤ ਦੀ ਗੱਲ ਕਰਨ ਜਾ ਰਹੇ ਹਾਂ।
ਜਦ ਆਸਮਾਨ ਤੇ ਕਾਲੀਆਂ ਘਟਾਵਾਂ ਛਾਂਦੀਆਂ ਹਨ, ਬੂੰਦਾ ਬਾਂਦੀ ਤੋਂ ਸੁਰੂ ਹੋ ਕੇ ਬਾਰਸ਼ ਤੋਂ ਬਾਅਦ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ ਅਤੇ ਮੋਰ ਮਸਤ ਹੋ ਕੇ ਪੈਲਾ ਪਾਵੇ ਅਤੇ ਐਸੇ ਸੁਹਾਵਣੇ ਮੌਸਮ ਵਿੱਚ ਕੁੜੀਆਂ ਚਿੜੀਆਂ, ਕੁਆਰੀਆਂ ਤੇ ਪੇਕੇ ਆਈਆਂ ਸੱਜ ਵਿਆਹੀਆਂ ਮੁਟਿਆਰਾਂ ਦੀ ਅੱਡੀ ਆਪ ਮੁਹਾਰੇ ਨੱਚ ਪੈਂਦੀ ਹੈ।ਇਸ ਨੂੰ ਹੀ ਤਾਂ ਸਾਵਣ ਦੀਆਂ ਤੀਆਂ ਕਿਹਾ ਜਾਂਦਾ ਹੈ।ਜਿਨ੍ਹਾਂ ਮਰਜ਼ੀ ਸਾਡਾ ਸਮਾਜ ਪੱਛਮੀ ਸੱਭਿਆਚਾਰ ਵਿੱਚ ਗੁਆਚ ਜਾਵੇ, ਲੇਕਿਨ ਫਿਰ ਉਹ ਆਪਣੇ ਵਿਰਸੇ ਨੂੰ ਭੁੱਲ ਨਹੀ ਸਕਦਾ ਕਿਸੇ ਨਾ ਕਿਸੇ ਰੂਪ ਵਿਚ ਮਨਾਉਣਾ ਜਰੂਰ ਕਰਦਾ ਹੈ।ਆਪ ਮੁਹਾਰੇ ਹੀ ਉਸ ਦਾ ਦਿਲ ਆਪਣੇ ਵਿਰਸੇ ਦੀ ਯਾਦ ਤਾਜ਼ਾ ਕਰਲ ਲਈ ਉਤਵਾਲਾ ਹੋ ਹੀ ਜਾਂਦਾ ਹੈ।
ਬੇਸ਼ਕ ਤੀਆਂ ਦਾ ਲਫਜ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਕੁਝ ਅਜੀਬ ਜਿਹਾ ਲੱਗੇ ਪ੍ਰੰਤੂ ਪੰਜਾਬ ਦੇ ਪਿੰਡ ਅਜੇ ਵੀ ਪੰਜਾਬੀ ਸੱਭਿਆਚਾਰ ਆਪਣੇ ਹਿਰਦੇ ਵਿੱਚ ਸੰਭਾਲੀ ਬੈਠੇ ਹਨ।ਅਸਲ ਪੰਜਾਬ ਤਾਂ ਪਿੰਡਾਂ ਵਿੱਚ ਵੱਸਦਾ ਹੈ।ਪੰਜਾਬ ਦੀ ਵਡਿਆਈ ਕਰਦਿਆਂ ਜੋ ਵਿਸ਼ੇਸ਼ਣ ਵਰਤੇ ਜਾਂਦੇ ਹਨ, ਉਹ ਸਭ ਸਾਨੂੰ ਪਿੰਡ ਜਾ ਕੇ ਅਸਾਨੀ ਨਾਲ ਮਿਲ ਜਾਂਦੇ ਹਨ। ਸਾਡੇ ਸਮਾਜ ਵਿੱਚ ਦਿਨੋ ਦਿਨ ਤਰੱਕੀ ਕਰ ਰਹੀ ਸਾਇੰਸ ਨੇ ਮਹੱਤਵਪੂਰਨ ਤਬਦੀਲੀਆਂ ਲਿਆਂਦੀਆਂ ,ਜਿਨ੍ਹਾਂ ਨੇ ਸਾਡੇ ਰੀਤੀ-ਰਿਵਾਜ, ਰਹਿਣ-ਸਹਿਣ ਅਤੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ।ਕੁੱਝ ਸਾਲਾਂ ਵਿੱਚ ਆਈ ਸਾਇੰਸ ਦੀ ਤਰੱਕੀ ਨਾਲ ਇੰਟਰਨੈਟ ਦੀ ਕਾਢ ਕਾਰਨ ਅਸੀਂ ਸੱਤ ਸਮੁੰਦਰੋਂ ਪਾਰ ਬੈਠੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਹਮਣੇ ਸਾਹਮਣੇ ਬੈਠੇ ਗੱਲ ਕਰ ਸਕਦੇ ਹਾਂ। ਇਸ ਵਿਗਿਆਨਕ ਤਰੱਕੀ ਨੇ ਸਾਡੇ ਪੁਰਾਤਨ ਕਲਚਰ ਦੀ ਹੋਂਦ ਵੀ ਖਤਰੇ ਵਿੱਚ ਪਾ ਦਿੱਤੀ ਹੈ। ਪੁੰਗਰਦੀ ਹੋਈ ਨੌਜਵਾਨ ਪੀੜੀ ਨੂੰ ਪੂਰੇ ਪੰਜਾਬੀ ਰਹਿਣ ਸਹਿਣ ਅਤੇ ਸਭਿਆਚਾਰ ਦੀ ਜਾਣਕਾਰੀ ਵੀ ਨਹੀਂ। ਸ਼ਹਿਰਾਂ ਵਿੱਚ ਪੰਜਾਬੀ ਸੱਭਿਆਚਾਰ ਤਾਂ ਕੇਵਲ ਸਟੇਜਾਂ ਤੇ ਕੀਤੇ ਜਾਂਦੇ ਪ੍ਰੋਗਰਾਮਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।
ਸਾਵਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ (ਤੀਆਂ) ਵੀ ਵਿਸਰਦਾ ਜਾ ਰਿਹਾ ਹੈ। ਮੈਨੂੰ ਮੇਰੀ ਮਾਂ ਦੱਸਦੀ ਹੈ ਕਿ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਜਦ ਅਸੀਂ ਨਿੱਕੇ ਹੁੰਦੇ ਸੀ ਤਾਂ ਸਾਡੇ ਗਲੀ ਮੁਹੱਲੇ ਵਿੱਚ ਵੀ ਐਤਵਾਰ ਦੀ ਸ਼ਾਮ ਨੂੰ ਸ਼ਹਿਰ ਦੀਆਂ ਔਰਤਾਂ ਤੇ ਮੁਟਿਆਰਾਂ ਇਕੱਠੀਆਂ ਹੋ ਕੇ ਪੰਜਾਬੀ ਲੋਕ ਨਾਚ ਗਿੱਧਾ ਪਾਇਆ ਕਰਦੀਆਂ ਸਨ, ਸਾਰੇ ਪਾਸੇ ਖੁਸ਼ੀਆਂ ਭਰਿਆ ਮਹੌਲ ਹੁੰਦਾ ਸੀ।ਨਵੇਂ ਵਿਆਹ ਤੋਂ ਬਾਅਦ ਪਹਿਲੇ ਸਾਵਣ ਪੇਕੇ ਆਈਆਂ ਸੱਜ ਵਿਆਹੀਆਂ ਦਾ ਅਲੱਗ ਹੀ ਮਾਣ ਸਤਿਕਾਰ ਹੁੰਦਾ ਸੀ।
ਜਦ ਅਸੀਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਪਣੇ ਨਾਨਕੇ ਪਿੰਡ ਜਾਂਦੇ ਸੀ ਤਾਂ ਛੁੱਟੀਆਂ ਇੰਜ ਸਮਾਪਤ ਹੁੰਦੀਆਂ ਸਨ ਕਿ ਇਕ ਜਾਂ ਦੋ ਤੀਆਂ ਪਿੰਡ ਵਿੱਚ ਹੀ ਵੇਖਣ ਨੂੰ ਮਿਲ ਜਾਂਦੀਆਂ ਸਨ। ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਵਿੱਚ ਆਉਣ ਵਾਲੇ ਐਤਵਾਰ ਨੂੰ ਮਨਾਇਆ ਜਾਂਦਾ ਸੀ।ਪਿੰਡਾਂ ਵਿੱਚ ਪਿੰਡ ਦੇ ਬਾਹਰ ਵਾਰ ਵੱਡੇ ਪਿੱਪਲ ਜਾਂ ਬੋਹੜ ਦੇ ਹੇਠਾਂ ਖੁੱਲੀ ਜਗ੍ਹਾ ਤੇ ਔਰਤਾਂ ਇਕੱਤਰ ਹੋ ਕੇ ਸ਼ਾਮ ਦੇ ਸਮੇਂ ਗਿੱਧਾ ਪਾਉਂਦੀਆਂ ਅਤੇ ਪਿੱਪਲਾਂ, ਬੋਹੜਾਂ ਅਤੇ ਟਾਹਲੀਆਂ ਨਾਲ ਮੋਟੇ ਤੇ ਲੰਬੇ ਰੱਸੇ ਬੰਨ ਕੇ ਪੀਂਘਾ ਵੀ ਪਾਈਆਂ ਜਾਂਦੀਆਂ, ਜਿਨ੍ਹਾਂ ਤੇ ਬੈਠ ਕੇ ਮੁਟਿਆਰਾਂ ਪੀਂਘਾ ਅਤੇ ਹਾਸਾ ਠੱਠਾ ਕਰਦੀਆਂ ਸਨ ਝੂਟਦੀਆਂ, ਗੀਤ ਬੋਲਦੀਆਂ ਅਤੇ ਹਾਸਾ ਠੱਠਾ ਕਰਦੀਆਂ ਸਨ। ਸਭ ਸਹੇਲੀਆਂ ਮਿਲ ਕੇ ਆਪਣੇ ਦੁੱਖ ਸੁਖ ਵੀ ਸਾਂਝੇ ਕਰਦੀਆਂ ਸਨ। ਸੱਜ ਵਿਆਹੀਆਂ ਆਪਣੇ ਸਹੁਰਿਆਂ ਬਾਰੇ ਆਪਣੀਆਂ ਸਹੇਲੀਆਂ ਨਾਲ ਵਿਚਾਰ ਸਾਂਝੇ ਕਰਦੀਆਂ ਸਨ। ਸਾਡੇ ਲੋਕ ਗੀਤਾਂ ਵਿੱਚ ਵੀ ਕਈ ਬੋਲੀਆਂ ਮਿਲਦੀਆਂ ਹਨ ਜਿਨ੍ਹਾਂ ਰਾਹੀਂ ਮੁਟਿਆਰਾਂ, ਸੱਜ ਵਿਆਹੀਆਂ ਅਤੇ ਔਰਤਾਂ ਆਪਣੈ ਦਿਲ ਦੀ ਅੰਦਰਲੀ ਗੱਲ ਸਭ ਦੇ ਸਾਹਮਣੇ ਬੇਝਿਜਕ ਕਰ ਲੈਂਦੀਆਂ ਸਨ।ਇਸ ਤਰ੍ਹਾਂ ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦੇ ਕਲਚਰ ਦਾ ਵਿਸ਼ੇਸ਼ ਹਿੱਸਾ ਹੈ, ਜਿਵੇਂ ਕਿ ਬੋਲੀਆਂ ਵਿੱਚ ਜਿਕਰ ਆਉਂਦਾ ਹੈ:-

ਸਾਉਣ ਮਹੀਨਾ ਬਾਗੀਂ ਪੀਘਾਂ,ਰਲ ਮਿਲ ਸਖੀਆਂ ਪਾਈਆਂ
ਸਾਉਣ ਮਹੀਨੇੇ ਮੀਂਹ ਪਿਆ ਪੈਂਦਾ, ਪਿੱਪਲੀ ਪੀਘਾਂ ਪਾਈਆਂ
ਰਲ ਮਿਲ ਸਖੀਆਂ ਪੀਘਾਂ ਝੂਟਣ, ਨੰਨਦਾਂ ਤੇ ਭਰਜਾਈਆਂ।
ਮੈਂ ਵੀ ਮਾਏਂ ਪੀਂਘ ਝੂਟਣੀ, ਅੰਬਰੀ ਪੀਂਘ ਮੈਨੂੰ ਪਾ ਦੇ
ਪੂੜਿਆਂ ਨੂੰ ਜੀਅ ਕਰਦਾ, ਭਾਬੋ ਪੂੜੇ ਪਕਾਦੇ।
ਸੱਸ ਮੇਰੀ ਨੇ ਪੂੜੇ ਬਣਾਏ ਨਾਲ ਬਣਾਈ ਖੀਰ
ਖਾਣ ਪੀਣ ਦਾ ਵੇਲਾ ਹੋਂਇਆ ਢਿੱਡ ਚ ਪੈ ਗਈ ਪੀੜ
ਰੱਤਾ ਦੇਈ ਜਵੈਨ, ਰੱਤਾ ਦਈ ਜਵੈਨ
ਇਸ ਮਹੀਨੇ ਕਈ ਪ੍ਰੰਪਰਾਵਾਂ ਵੀ ਜੁੜੀਆਂ ਹਨ।
ਆ ਗਈ ਰੁੱਤ ਸਾਉਣ ਦੀ
‘ਵੀਰ ਸੁਕੀਆਂ ਜਮੀਨਾਂ ਵਾਉਂਦੇ, ਰੱਬਾ ਤੈਨੂੰ ਤਰਸ ਨਹੀਂ।।’

ਜੀ ਹਾਂ, ਜਦੋ ਕਿਸਾਨ ਖੇਤਾਂ ‘ਚ ਨਾਲੇ ਹੱਲ ਵਾਉਦਾ ਹੈ ਤੇ ਨਾਲੇ ਹੱਥ ਚੁੱਕ ਕੇ ਰੱਬ ਅੱਗੇ ਬੇਨਤੀ ਕਰਦਾ ਹੈ:-

ਰੱਬਾ ਰੱਬਾ ਮੀਂਹ ਵਰਸਾ ਸਾਡੇ ਕੋਠੀ ਦਾਣੇ ਪਾ।

ਵੀਰ ਨੂੰ ਅਰਦਾਸ ਕਰਦਿਆਂ ਵੇਖ ਕੇ ਭੈਣਾਂ ਵੀ ਅਰਜੋਈ ਕਰਦੀ ਹੈ:-

”ਹੋ ਕਲਰਾਂ ਵਿੱਚ ਢੇਰੀ ਬਦਲਾਂ ਸਾਉਣ ਦਿਆ,
ਲਾਈ ਕਾਤੋਂ ਦੇਰੀ ਬਦਲਾ ਸਾਉਣ ਦਿਆ
ਵਰ ਜਾਈ ਚੁੱਪ ਕਰਕੇ ਬਦਲਾ ਸਾਉਣ ਦਿਆ।”

ਸ਼ਹਿਰਾਂ ਵਿਚ ਤਾਂ ਤੀਆਂ ਲੱਗਦੀਆ ਤਾਂ ਹਨ ਪ੍ਰੰਤੂ ਉਹ ਸ਼ਿਰਫ਼ ਟਾਇਮ ਪਾਸ ਵਾਲਾ ਹੀ ਹੁੰਦਾ ਹੈ ਕਿਉਕਿ ਇਹ ਸਿਰਫ਼ ਸਮਾਜਿਕ ਸੱਭਿਆਚਾਰਕ ਸਭਾ ਸੁਸਾਇਟੀਆਂ ਵਲੋਂ ਪਾਰਕਾਂ ਵਿੱਚ ਆਯੋਜਿਤ ਹੁੰਦੀਆ ਹਨ, ਜਿਥੇ ਕੋਈ ਦਰੱਖਤ ਨਹੀ ਹੁੰਦਾ ਤੇ ਟੈਂਟ ਲਗਾ ਕੇ ਵਿਆਹ ਵਾਗੂੰ ਮਾਹੌਲ ਪੈਦਾ ਕੀਤਾ ਜਾਂਦਾ ਹੈ, ਜਿਸ ਵਿਚ ਆਮ ਜਨਤਾ ਵੜ੍ਹਦੀ ਡਰ ਦੀ ਹੀ ਹੈ ਕਿ ਕਿਤੇ ਉਥੇ ਉਨ੍ਹਾਂ ਦੀ ਬੇਇਜ਼ਤੀ ਹੀ ਨਾ ਹੋ ਜਾਵੇ ਕਿਉਕਿ ਆਮ ਤੌਰ ‘ਤੇ ਉੱਚ ਸੁਸਾਇਟੀ ਦੇ ਲੋਕ ਹੀ ਹੁੰਦੇ ਹਨ। ਇਨ੍ਹਾਂ ਤੀਆਂ ਵਿਚ ਕਈ ਤਰ੍ਹਾਂ ਦੇ ਨਾਚ, ਦੌੜਾਂ,ਗੀਤ ਮੁਕਾਬਲੇ, ਡੀ ਜੇ ਆਦਿ ਵੀ ਲਗਾਏ ਜਾਂਦੇ ਹਨ। ਪਿੰਡਾਂ ਦਾ ਮਾਹੌਲ ਤਾਂ ਵੱਖਰਾ ਹੀ ਹੁੰਦਾ ਹੈ। ਕਿਉ ਕਿ ਉਥੇ ਪੀਘਾਂ ਲਈ ਆਮ ਦਰੱਖਤ ਹੁੰਦੇ ਹਨ।
ਸਾਵਣ ਦੇ ਮਹੀਨੇ ਨਿੱਕੀ ਨਿੱਕੀ ਬਰਸਾਤ ਦੀ ਲੱਗੀ ਝੜੀ ਦੌਰਾਨ ਖੀਰ ਤੇ ਮਾਲ-ਪੂੜੇ ਬਣਾ ਕੇ ਖਾਧੇ ਜਾਂਦੇ ਹਨ। ਇਹ ਆਮ ਕਹਾਵਤ ਹੀ ਹੈ ਕਿ ਨਾਨੀ ਘਰ ਜਾਵਾਂਗੇ ਖੀਰ ਪੂੜੇ ਖਾਂਵਾਗੇ ਤੇ ਮੋਟੇ ਹੋ ਕੇ ਆਵਾਂਗੇ। ਨਾਨੀ ਘਰ ਜਾਕੇ ਮਹੀਨੇ ਜਾਂ ਡੇਢ ਮਹੀਨੇ ਵਿੱਚ ਕੋਈ ਮੋਟਾ ਇੰਜ ਹੋ ਸਕਦਾ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਖੁੱਲੀ ਹਵਾ, ਖੁੱਲਾ ਡੁਲਾ ਵਾਤਾਵਰਣ, ਖੁੱਲਾ ਖਾਣਾ- ਪੀਣਾ ਤੇ ਸ਼ੁਧ ਤੇ ਅਸਲੀ ਦੁੱਧ ਘਿਓ, ਦਹੀਂ, ਪਨੀਰ ਮਿਲਣਾ ਹੀ ਤੰਦਰੁਸਤੀ ਦਾ ਰਾਜ ਹੈ, ਜੇਕਰ ਮਨੁੱਖ ਤੰਦਰੁਸਤ ਹੈ ਅਤੇ ਚੰਗਾ ਖਾਂਦਾ-ਪੀਦਾ ਤਾ ਉਸ ਦਾ ਮੋਟਾ ਹੋਣਾ ਸੁਭਾਵਿਕ ਹੈ। ਸਾਡੇ ਗੀਤਾਂ ਤੇ ਬੋਲੀਆਂ ਵਿੱਚ ਵੀ ਪੀਂਘਾਂ ਦਾ ਵਿਸ਼ੇਸ਼ ਜਿਕਰ ਹੈੇ।ਅੱਜਕਲ ਨੌਜਵਾਨ ਲੜਕੀਆਂ ਅਜਿਹੇ ਮੌਸਮ ਵਿਚ ਖੀਰ,ਮਾਲ-ਪੂੜੇ ਬਣਾਉਂਣ ਦੀ ਖੇਚਲ ਹੀ ਨਹੀ ਕਰਦੀਆਂ ਉਹ ਤਾਂ ਬਣੇ ਬਣਾਏ ਭਲਦੀਆਂ ਹਨ। ਬੇਸ਼ੱਕ ਹਲਵਾਈਆਂ ਤੋ ਬਣੇ ਬਣਾਏ ਮਾਲ-ਪੂੜੇ ਮਿਲ ਜਾਂਦੇ ਹਨ, ਜੋ ਮਜ਼ਾ ਬਣਦੇ ਬਣਦਿਆਂ ਵਿਚ ਹੈ ਉਹ ਹਲਵਾਈਆਂ ਦੇ ਹੱਥ ਵਿਚ ਕਿਥੇ? ਪ੍ਰੰਤੂ ਨਾਨਕੇ ਘਰ ਨਾਨੀ, ਮਾਸੀ ਜਾਂ ਮਾਮੀ ਦੇ ਬਣਾਏ ਪੂੜਿਆਂ ਤੇ ਅਸਲੀ ਦੁੱਧ ਦੀ ਬਣੀ ਖੀਰ ਤੇ ਸੁਆਦ ਦਾ ਮੁਕਾਬਲਾ ਨਹੀਂ ਹੋ ਸਕਦਾ।

Avtar Singh Kainth

 

 

 

 

 

ਅਵਤਾਰ ਸਿੰਘ ਕੈਂਥ
ਬਠਿੰਡਾ।
ਮੋ – 9356200120

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply