ਆਈ.ਐਸ.ਓ ਵੱਲੋਂ ਸਿੱਖ ਕੌਮ ਨੂੰ ਅਪੀਲ
ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ)- ਜੂਨ 1984 ਦੇ ਦਿਨ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਮੇਤ ਅਨੇਕਾਂ ਹੀ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਤੇ ਹਮਲਾ ਕਰਕੇ ਜਿੱਥੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਈ, ਉਥੇ ਅਨੇਕਾਂ ਬੇਕਸੂਰ ਨੌਜਵਾਨਾਂ, ਬੱਚਿਆਂ, ਬੀਬੀਆਂ, ਬਜ਼ੁੱਰਗਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਤੇ ਮੈਂਬਰ ਜੇਲ੍ਹ ਵਿਭਾਗ ਪੰਜਾਬ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਇਹ ਸ਼ਹੀਦੀ ਦਿਹਾੜਾ ਮਨਾਉਂਦਿਆਂ ਅਰਦਾਸ ਉਪਰੰਤ ਉਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸ ਲਈ ਜਥੇਬੰਦੀ ਵੱਲੋਂ ਸਮੂੰਹ ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿੰਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਗੁਰੂ ਸਾਹਿਬ ਦੇ ਬਚਨਾਂ ਤੇ ਪਹਿਰਾ ਦਿੱਤਾ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ 6 ਜੂਨ ਨੂੰ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਣ ਤਾਂ ਜੋ ਕੌਮ ਦੀ ਖਾਤਰ ਸ਼ਹੀਦ ਹੋਣ ਵਾਲੇ ਯੋਧੇ ਸ਼ਹੀਦਾਂ ਨੂੰ ਆਪਣੇ ਮਨਾਂ ਵਿੱਚ ਹਮੇਸ਼ਾਂ ਜਿੰਦਾ ਰੱਖ ਸਕੀਏ, ਜਿਹੜਾ ਕਿ ਸਾਡਾ ਮੁੱਢਲਾ ਫਰਜ਼ ਵੀ ਬਣਦਾ ਹੈ।