Sunday, December 22, 2024

’ਬਾਬਾ ਬੀਰ ਸਿੰਘ ਲਾਇਬ੍ਰੇਰੀ’ ਰਾਹੀਂ ਗਿਆਨ ਰੂਪੀ ਚਾਨਣ ਵੰਡਣ ਵਾਲੇ ‘ਸਾਧੂ ਸਿੰਘ ਬੂਲਪੁਰ’

ppn0410201619

ਪੁਸਤਕਾਂ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ।ਪੁਸਤਕ ਮਨੁੱਖ ਦੀ ਸਭ ਤੋਂ ਵਧੀਆ ਮਿੱਤਰ ਹੋ ਨਿੱਬੜਦੀ ਹੈ।ਪੁਸਤਕਾਂ ਮਨੁੱਖ ਨੂੰ ਗਿਆਨ ਪ੍ਰਦਾਨ ਕਰਦੀਆਂ ਹਨ।ਪੁਸਤਕਾਂ ਮਨੁੱਖ ਦੀਆਂ ਰਾਹ-ਦੁਸੇਰਾ ਹੁੰਦੀਆਂ ਹਨ।ਪੁਸਤਕਾਂ ਗਿਆਨ ਰੂਪੀ ਚਾਨਣ ਵੰਡਦੀਆਂ ਹਨ।ਸਾਨੂੰ ਪੁਸਤਕ ਸੱਭਿਆਚਾਰ ਨੂੰ ਅੱਗੇ ਤੋਰਦੇ ਹੋਏ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣੀਆਂ ਪੈਣਗੀਆਂ।ਲਾਇਬ੍ਰੇਰੀਆਂ ਰਾਹੀਂ ਪੁਸਤਕਾਂ ਦਾ ਗਿਆਨ ਰੂਪੀ ਚਾਨਣ ਅੱਗੇ ਵੰਡਿਆ ਜਾ ਸਕਦਾ ਹੈ।ਅਜਿਹੀ ਹੀ ਲਾਇਬ੍ਰੇਰੀ ‘ਬਾਬਾ ਬੀਰ ਸਿੰਘ ਲਾਇਬ੍ਰੇਰੀ’ ਰਾਹੀਂ ਸਾਧੂ ਸਿੰਘ ਬੂਲਪੁਰ ਜੀ ਨੇੜਲੇ ਦੱਸ-ਪੰਦਰਾਂ ਕਿਲੋਮੀਟਰ ਦੇ ਪਿੰਡਾਂ ਦੇ ਪਾਠਕਾਂ ਨੂੰ ਗਿਆਨ ਰੂਪੀ ਚਾਨਣ ਵੰਡ ਰਹੇ ਹਨ ।
ਸਾਧੂ ਸਿੰਘ ਬੂਲਪੁਰ ਜੀ ਦਾ ਜਨਮ 22 ਅਪ੍ਰੈਲ 1953 ਨੂੰ ਪਿਤਾ ਸ੍ਰ. ਚਾਨਣ ਸਿੰਘ ਮਾਤਾ ਸ਼ੀ੍ਰਮਤੀ ਬਚਨ ਕੌਰ ਘਰ ਪਿੰਡ ਬੂਲਪੁਰ ਡਾਕਖਾਨਾ ਠੱਟਾਂ ਨਵਾਂ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲਾ੍ਹ ਕਪੂਰਥਲਾ ਵਿੱਚ ਹੋਇਆ।ਆਪ ਜੀ ਨੇ ਬੀ. ਏ. ਅਤੇ ਗਿਆਨੀ ਕੀਤੀ ਹੋਈ ਹੈ।ਆਪ ਜੀ ਜਨਤਕ ਖੇਤਰ ਵਿੱਚ 18 ਅਕਤੂਬਰ 1975 ਨੂੰ ਬਤੌਰ ਅਧਿਆਪਕ ਸੇਵਾ ਨਿਭਾਉਣ ਲਈ ਨਿਯੁਕਤ ਹੋਏ।09 ਮਾਰਚ 1980 ਨੂੰ ਆਪ ਜੀ ਦਾ ਵਿਆਹ ਅਧਿਆਪਕਾ ਕੁਲਵਿੰਦਰ ਕੌਰ ਜੀ ਨਾਲ ਹੋਇਆ।ਆਪ ਜੀ ਦੀ ਬੇਟੀ ਹਰਪ੍ਰੀਤ ਕੌਰ ਅਤੇ ਜਵਾਈ ਹਰਪ੍ਰੀਤ ਸਿੰਘ (ਦੋਵੇਂ ਹੀ ਸਿਰਨਾਂਵੀਏ) ਜਨਤਕ ਖੇਤਰ ਵਿੱਚ ਬਤੌਰ ਅਧਿਆਪਕ ਸੇਵਾ ਨਿਭਾਅ ਰਹੇ ਹਨ।ਦਸੰਬਰ 2001 ਤੋਂ ਲੈ ਕੇ 2011 ਤੱਕ ਆਪ ਜੀ ਨੇ ਬਤੌਰ ਬਲਾਕ ਸਿੱਖਿਆ ਅਫਸਰ ਸੇਵਾ ਨਿਭਾਈ।ਹੁਣ ਆਪ ਜੀ ਆਪਣੇ ਪਿੰਡ ਬੂਲਪੁਰ ਹੀ ਰਹਿ ਰਹੇ ਹੋ ।
ਸਾਧੂ ਸਿੰਘ ਬੂਲਪੁਰ ਜੀ ਅਜਿਹੇ ਇਨਸਾਨ ਹਨ ਕਿ ਰਿਟਾਇਰਮੈਂਟ ਤੋਂ ਬਾਦ ਘਰ ਬੈਠਣ ਦੀ ਥਾਂ ਉਹ ਲੋਕਾਂ ਲਈ ਕੁੱਝ ਕਰਨਾ ਚਾਹੁੰਦੇ ਹਨ । ਉਹਨਾਂ ਪਿੰਡ ਤੋਂ ਹੀ ਲੋਕ ਭਲੇ ਦੇ ਰਾਹ ਦੀ ਸ਼ੁਰੂਆਦ ਕਰਦਿਆਂ ਬਾਬਾ ਬੀਰ ਸਿੰਘ ਕਲੱਬ, ਪੰਚਾਇਤ ਅਤੇ ਗੁਰੂਦੁਆਰਾ ਕਮੇਟੀ ਦੇ ਸਹਿਯੋਗ ਨਾਲ ਥਾਂ-ਥਾਂ ਛਾਂਦਾਰ ਬੂਟੇ ਲਗਾਉਣੇ ਸ਼ੁਰੂ ਕੀਤੇ । ਫਿਰ ਆਪ ਜੀ ਪਿੰਡ ਵਿੱਚ ਲਾਇਬ੍ਰੇਰੀ ਖੋਲ੍ਹਣਾ ਲੋਚਣ ਲੱਗੇ । ਅਖੀਰ ਕਾਫੀ ਜੱਦੋ-ਜਹਿਦ ਦੇ ਬਾਦ ‘ਬਾਬਾ ਬੀਰ ਸਿੰਘ ਲਾਇਬ੍ਰੇਰੀ’ ਖੋਲੀ੍ਹ ਹੈ।ਇਸ ‘ਬਾਬਾ ਬੀਰ ਸਿੰਘ ਲਾਇਬ੍ਰੇਰੀ’ ਰਾਹੀਂ ਉਹ ਲੋਕਾਂ ਨੂੰ ਚਾਨਣ ਵੰਡ ਰਹੇ ਹਨ । ਪੂਰਾ ਇੱਕ-ਡੇਢ ਸਾਲ ਮੁਸ਼ਕਿਲਾਂ ਦਾ ਸਾਹਮਣਾ ਆਪ ਜੀ ਨੇ ਲਾਇਬ੍ਰੇਰੀ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ । ਪਹਿਲਾਂ ਆਪ ਜੀ ਨੇ ਪੌਣੇ ਦੋ ਸਾਲ ਕਿਸੇ ਦੀ ਦੁਕਾਨ ਤੇ ਲਾਇਬ੍ਰੇਰੀ ਚਾਲੂ ਰੱਖੀ।ਅੱਜਕੱਲ੍ਹ ਵੀ ਆਪ ਜੀ ਪੰਚਾਇਤੀ ਦੁਕਾਨ ਦਾ ਛੇ ਮਹੀਨੇ ਦਾ ਅਗੇਤਾ ਕਿਰਾਇਆ ਭਰ ਕੇ ਲਾਇਬ੍ਰੇਰੀ ਨੂੰ ਚਲਾ ਰਹੇ ਹੋ।ਨੇੜੇ ਦੇ ਦੱਸ-ਪੰਦਰਾਂ ਕਿਲੋਮੀਟਰ ਦੇ ਪਿੰਡਾਂ ਦੇ ਪਾਠਕ ਅੱਜ ਇਸ ਲਾਇਬ੍ਰੇਰੀ ਤੋਂ ਚਾਨਣ ਲੈ ਰਹੇ ਹਨ । ਇਸ ਲਾਇਬ੍ਰੇਰੀ ਨੂੰ ਖੋਲ੍ਹਣ ਲਈ ਅਤੇ ਚੱਲਦੇ ਰੱਖਣ ਲਈ ਐੱਨ. ਆਰ. ਆਈਜ਼. ਪਰਮਜੀਤ ਸਿੰਘ, ਰਜਿੰਦਰ ਸਿੰਘ, ਕੁਲਵੰਤ ਸਿੰਘ ਅਤੇ ਮੈਡਮ ਦਲਬੀਰ ਕੌਰ ਜੀ ਵਿਸ਼ੇਸ਼ ਸਹਿਯੋਗ ਦੇ ਰਹੇ ਹਨ । ਉਪਰੋਕਤ ਤੋਂ ਇਲਾਵਾ ਜਨਮੇਜਾ ਸਿੰਘ ਜੌਹਲ, ਅਵਤਾਰ ਸਿੰਘ ਜੌੜਾ, ਸੁਲਤਾਨਾ ਬੇਗਮ, ਰੂਪ ਦਬੁਰਜੀ, ਸ਼ਿੰਦ ਸ਼ਿੰਦਰ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਅਤੇ ਰੌਟਰੀ ਕਲੱਬ ਸੁਲਤਾਨਪੁਰ ਲੋਧੀ ਵਰਗੇ ਸਾਹਿਤ ਪ੍ਰੇਮੀ ਵੀ ਸਹਿਯੋਗ ਦੇ ਰਹੇ ਹਨ ।
ਸਾਧੂ ਸਿੰਘ ਬੂਲਪੁਰ ਜੀ ਨੇ ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਜਦੋਂ ਡਾ. ਗੁਰਸ਼ਰਨ ਸਿੰਘ ਰੰਧਾਵਾ ਆਈ. ਆਈ. ਟੀ. ਰੁੜਕੀ ਦੇ ਪ੍ਰੋਫੈਸਰ ਉਹਨਾਂ ਕੋਲ ਆਏ ਅਤੇ ਬੋਲੇ, “ ਮੈਂ ਸਾਰੀ ਉਮਰ ਜੋ ਕੰਮ ਨਾ ਕਰ ਸਕਿਆ ਉਹ ਤੁਸੀਂ ਕਰ ਦਿੱਤਾ ।”ਉਹਨਾਂ ਦੇ ਮੂਹੋਂ ਇਹ ਸ਼ਬਦ ਸੁਣ ਕੇ ਮਨ ਬਹੁਤ ਖੁਸ਼ ਹੋਇਆ।ਦੂਜੀ ਖੁਸ਼ੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਨੇੜਲੇ ਪਿੰਡ ਸਾਬੂ ਵਾਲ ਦਾ ਇੱਕ ਪਾਠਕ ਜਦ ਦੋ ਹਫਤੇ ਖੜੀ ਕਿਤਾਬ ਵਾਪਸ ਕਰਨ ਨਾ ਆਇਆ ਤਾਂ ਬੂਲਪੁਰ ਜੀ ਨੇ ਉਸਨੂੰ ਫੋਨ ਕੀਤਾ । ਫੋਨ ਉਸਦੀ ਮਾਤਾ ਜੀ ਨੇ ਚੁੱਕਿਆ ਅਤੇ ਦੱਸਿਆ, “ਸਾਡਾ ਮੁੰਡਾ ਏਅਰਫੋਰਸ ਵਿੱਚ ਭਰਤੀ ਹੋ ਗਿਆ ਹੈ ।ਉਹ ਆਪ ਜੀ ਦੀ ਲਾਇਬ੍ਰੇਰੀ ਵਿੱਚੋਂ ਪੁਸਤਕਾਂ ਪੜ੍ਹ ਕੇ ਟੈੱਸਟ ਪਾਸ ਕਰ ਸਕਿਆ ਹੈ ।ਇਸ ਲਈ ਮੁਬਾਰਕਬਾਦ ਦੇ ਤੁਸੀਂ ਹੀ ਅਸਲੀ ਹੱਕਦਾਰ ਹੋ ।” ਬੂਲਪੁਰ ਜੀ ਨੇ ਦੱਸਿਆ ਕਿ ਇਹ ਪਲ ਵੀ ਬਹੁਤ ਯਾਦਗਾਰੀ ਹੋ ਨਿੱਬੜਿਆ ਹੈ ।ਆਪ ਜੀ ਦੁਆਰਾ ਕੀਤੇ ਚੰਗੇ ਕੰਮਾਂ ਦੇ ਇਵਜ਼ ਵਜੋਂ ਆਪ ਜੀ ਨੂੰ ‘ਸਾਹਿਤ ਸਭਾ ਸੁਲਤਾਨਪੁਰ ਲੋਧੀ’ ਅਤੇ ‘ਕਾਲੀ ਵੇਈਂ ਸੱਥ’ ਵੱਲੋਂ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।
ਅੰਤ ਵਿੱਚ ਸਾਧੂ ਸਿੰਘ ਬੂਲਪੁਰ ਜੀ ਨੇ ਫੋਨ ਤੇ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਹਿਤਕਾਰਾਂ ਨੂੰ ਪੁਸਤਕ ਸੱਭਿਆਚਾਰ ਨੂੰ ਅੱਗੇ ਤੋਰਨ ਲਈ ਪੁਸਤਕਾਂ ਨੂੰ ਪਿੰਡ-ਪਿੰਡ ਪਹੁੰਚਾਉਣਾ ਹੋਵੇਗਾ ।ਅਜਿਹਾ ਸਿਰਫ ਲਾਇਬ੍ਰੇਰੀਆਂ ਸਥਾਪਿਤ ਕਰ ਕੇ ਹੀ ਹੋ ਸਕਦਾ ਹੈ ।ਫਿਰ ਹੀ ਲੋਕਾਂ ਦੇ ਹੱਥਾਂ ਵਿੱਚ ਪੁਸਤਕਾਂ ਆ ਸਕਦੀਆਂ ਹਨ । ਇਸ ਲਈ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਬੱਚਿਆਂ ਨੂੰ ਗਿਆਨ ਪ੍ਰਦਾਨ ਕਰਨ ਲਈ ਉਹਨਾਂ ਨੂੰ ਪੁਸਤਕਾਂ ਨਾਲ ਜੋੜਨਾ ਹੀ ਹੋਵੇਗਾ । ਅਜਿਹਾ ਲਾਇਬ੍ਰੇਰੀਆਂ ਰਾਹੀਂ ਜ਼ਿਆਦਾ ਬਿਹਤਰ ਹੋ ਸਕਦਾ ਹੈ । ਬੱਚਿਆਂ ਨੂੰ ਪੜ੍ਹਨ ਦੀ ਚੇਟਕ ਲਾਉਣੀ ਪਵੇਗੀ । ਇਸ ਲਈ ਪਿੰਡ ਵਾਲਿਆਂ, ਪੰਚਾਇਤਾਂ ਅਤੇ ਸਾਹਿਤਕਾਰਾਂ ਨੂੰ ਰਲ-ਮਿਲ ਕੇ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣ ਲਈ ਸਾਰਥਿਕ ਹੰਭਲੇ ਮਾਰਨੇ ਹੋਣਗੇ ।ਆਉ ਅਸੀਂ ਸਾਰੇ ਵੀ ਸਾਧੂ ਸਿੰਘ ਬੂਲਪੁਰ ਜੀ ਵਾਂਗ ਆਪਣੇ-ਆਪਣੇ ਬੱਚਿਆਂ ਨੂੰ ਇਸ ਮੁਕਾਬਲੇ ਦੇ ਯੁੱਗ ਦੇ ਹਾਣੀ ਬਣਾਉਣ ਲਈ ਪੁਸਤਕਾਂ ਪੜ੍ਹਨ ਦੀ ਚੇਟਕ ਲਾਉਂਦੇ ਹੋਏ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਲਈ ਯਤਨਸ਼ੀਲ ਹੋਈਏ ।

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ
ਮੋ. 09855207071

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply