ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਸੁਸਾਇਟੀ ਵਿੱਚ ਸ਼ੁਰੂ ਕੀਤੀ ਨਿਵੇਕਲੀ ਪੰਘੂੜਾ ਸਕੀਮ ਤਹਿਤ ਅੱਜ ਇਕ ਹੋਰ ਬੱਚੀ ਨੂੰ ਪੰਘੂੜੇ ਚੋਂ ਪਤ ਕੀਤਾ ਗਿਆ। ਇਸ ਬੱਚੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਪ੍ਰਾਪਤ ਕੀਤਾ ਅਤੇ ‘ਲਾਪਾ’ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ, ਲੁਧਿਆਣਾ ਵਿਖੇ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਪੰਘੂੜਾ ਸਕੀਮ ਤਹਿਤ ਇਸ ਬੱਚੀ ਦੇ ਆਉਣ ਨਾਲ ਕੁੱਲ ਬੱਚਿਆਂ ਦੀ ਗਿਣਤੀ 143 ਹੋ ਗਈ ਹੈ, ਜਿਨ੍ਹਾਂ ਵਿਚ 124 ਲੜਕੀਆਂ ਅਤੇ 19 ਲੜਕੇ ਸ਼ਾਮਿਲ ਹਨ।
ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਇਸ ਮੌਕੇ ਦੱਸਿਆ ਕਿ ਬੀਤੀ 1 ਅਕਤੂਬਰ ਨੂੰ ਰਾਤ ਦੇ 8.40 ਵਜੇ ਕਿਸੇ ਅਨਜਾਣ ਵੱਲੋਂ ਇਕ 4-5 ਦਿਨ ਦੀ ਬੱਚੀ ਨੂੰ ਪੰਘੂੜੇ ਵਿੱਚ ਪਾਇਆ ਗਿਆ ਸੀ, ਜਿਸ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ, ਰਣਜੀਤ ਐਵੀਨਿਊ ਤੋਂ ਕਰਵਾਇਆ ਗਿਆ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ। ਇਸ ਲਈ ਇਸ ਬੱਚੀ ਨੂੰ ਪਾਲਣ-ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਸੰਸਥਾ ਵਿਖੇ ਭੇਜਿਆ ਜਾਵੇਗਾ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵੱਲੋਂ ਇਸ ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਬੱਚਾ ਗੋਦ ਲੈਣਾ ਹੋਵੇ ਤਾਂ ਉਹ ਵੈੱਬਸਾਈਟ ਾਾਾ.ਚੳਰੳ.ਨਚਿ.ਨਿ ਰਾਹੀਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2008 ਤੋਂ ਰੈੱਡ ਕਰਾਸ ਦਫ਼ਤਰ ਦੇ ਬਾਹਰ ਇਹ ‘ਪੰਘੂੜਾ’ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਲਾਵਾਰਿਸ ਅਤੇ ਪਾਲਣ-ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ। ਇਸ ਮੌਕੇ ਰੈੱਡ ਕਰਾਸ ਦੇ ਮੈਂਬਰ, ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।