ਸਰਕਾਰੀ ਦਫਤਰਾਂ ਵਿਚ ਕਰਮਚਾਰੀਆਂ ਦੀ ਗੈਰ ਮੌਜੂਦਗੀ ਨਹੀ ਕੀਤੀ ਜਾਵੇਗੀ ਬਰਦਾਸ਼ਤ- ਜੋਸ਼ੀ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਲੋਕਾਂ ਨੂੰ ਸਮਾਂਬੱਧ ਅਤੇ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਸਰਕਾਰੀ ਦਫਤਰਾਂ ਵਿਚ ਕਰਮਚਾਰੀਆਂ ਦੀ ਲਾਪਰਵਾਹੀ ਅਤੇ ਗੈਰ ਮੌਜੂਦਗੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਵਲੋਂ ਅੱਜ ਸਥਾਨਕ ਐਮ.ਟੀ.ਪੀ ਵਿਭਾਗ ਵਿਚ ਮਾਰੇ ਗਏ ਅਚਨਚੇਤ ਛਾਪੇ ਉਪਰੰਤ ਕੀਤਾ ਗਿਆ। ਇਸ ਮੌਕੇ ਸ੍ਰੀ ਅਸੋਕ ਕੁਮਾਰ ਗੁਪਤਾ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਵਜ਼ੀਰ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਦਫਤਰਾਂ ਅੰਦਰ ਕਰਮਚਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਇਹ ਛਾਪੇ ਮਾਰੇ ਗਏ ਹਨ ਅਤੇ ਭਵਿੱਖ ਵਿਚ ਵੀ ਛਾਪੇਮਾਰੀ ਜਾਰੀ ਰਹੇਗੀ। ਅੱਜ ਇਥੇ ਮਾਰੇ ਛਾਪੇ ਦੌਰਾਨ ਕੁਲ 45 ਕਰਮਚਾਰੀਆਂ ਵਿਚੋਂ 15 ਕਰਮਚਾਰੀ ਗੈਰ ਹਾਜ਼ਰ ਪਾਏ ਗਏ, ਜਿਨਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸ੍ਰੀ ਜੋਸ਼ੀ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਸਹੂਲਤ ਲਈ ਦਫਤਰਾਂ ਵਿਚ ਆਪਣੀ ਹਾਜਰੀ ਯਕੀਨੀ ਬਣਾਉਣ, ਲਾਪਰਵਾਹੀ ਕਰਨ ਵਾਲਿਆ ਵਿਰੁੱਧ ਸ੍ਰਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਅਸੋਕ ਕੁਮਾਰ ਗੁਪਤਾ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੇ ਦੱਸਿਆ ਕਿ ਜਲਦੀ ਹੀ ਵਿਭਾਗ ਵਲੋਂ ਇਕ ਐਸ.ਐਮ.ਐਸ ਸੇਵਾ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀ ਲੋਕ ਆਪਣੀਆਂ ਮੁਸ਼ਕਿਲਾਂ ਸਾਡੇ ਤਕ ਪੁਚਾ ਸਕਦੇ ਹਨ।