ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 9855207071
ਅੱਜ ਅਸੀਂ ਸਾਰੇ ਪੰਜਾਬੀ ਸੂਬੇ ਦੀ 50 ਵੀਂ ਵਰ੍ਹੇਗੰਢ ਮਨਾ ਰਹੇ ਹਾਂ।ਪਰ ਵੱਡਾ ਦੁਖਾਂਤ ਹੈ ਕਿ ਪੰਜਾਬੀ ਬੋਲਣ ਵਾਲੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਰਾਜਧਾਨੀ ਚੰਡੀਗੜ੍ਹ ਵੀ ਹਾਲੇ ਤੱਕ ਪੰਜਾਬ ਦੀ ਆਪਣੀ ਰਾਜਧਾਨੀ ਨਹੀਂ ਬਣੀ ਅਤੇ ਨਾਂ ਹੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਮਿਲਿਆ ਹੈ।ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਦੇ ਪੰਜਾਬੀ ਬੋਲਦੇ ਇਲਾਕੇ ਹਾਲੇ ਤੱਕ ਪੰਜਾਬ ਵਿੱਚ ਸ਼ਾਮਿਲ ਨਹੀਂ ਕੀਤੇ ਗਏ ਮੁੱਢਲੀ ਸਿੱਖਿਆ ਵੀ ਮਾਤ ਭਾਸ਼ਾ ਵਿੱਚ ਨਾ ਦੇ ਕੇ ਤਿੰਨ ਭਾਸ਼ਾਈ ਫਾਰਮੂਲੇ ਵਿੱਚ ਦਿੱਤੀ ਜਾ ਰਹੀ ਹੈ।ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ।ਪੰਜਾਬੀ ਸੱਭਿਆਚਾਰ ਦੀ ਹਾਲਤ ਵੀ ਪਤਲੀ ਹੋ ਰਹੀ ਹੈ।ਗੁਲਾਮ ਭਾਰਤ ਵਿੱਚ ਕਾਮੇ ਲੱਭਣ ਲਈ ਸ਼ੁਰੂ ਕੀਤੀ ਅੰਗਰੇਜ਼ੀ ਭਾਸ਼ਾ ਦਾ ਬੋਲ ਬਾਲਾ ਹੈ।ਇੱਥੋਂ ਤੱਕ ਕਿ ਪੰਜਾਬੀ ਰਾਜ ਭਾਸ਼ਾ ਐਕਟ 2008 ਦਾ ਨੋਟੀਫਿਕੇਸ਼ਨ ਵੀ ਅੰਗਰੇਜ਼ੀ ਵਿੱਚ ਕੀਤਾ ਗਿਆ ਹੈ। ਪੰਜਾਬ ਵਿੱਚ ਹੀ ਮਾਤ ਭਾਸ਼ਾ ਪੰਜਾਬੀ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਦੀ ਕਵਿਤਾ ‘ਲਿਖਤੁਮ ਮਾਂ-ਬੋਲੀ ਪੰਜਾਬੀ’ ਦੀਆਂ ਕੁਝ ਸਤਰਾਂ ਇਸ ਚਿੰਤਾ ਨੂੰ ਬਿਆਨ ਕਰਦੀਆਂ ਹਨ ਕਿ,
ਤੂਤਕ-ਤੂਤੀਆਂ ਜੋਗੀ ਬਸ ਕਰ ਛੱਡਿਆ, ਮੇਰਾ ਦਖਲ ਨਾ ਉੱਚ ਅਦਾਰਿਆਂ ਵਿੱਚ।
ਕੁਝ ਕੁ ਬਚੀ ਹਾਂ ਕੋਲ ਮਰਾਸੀਆਂ ਦੇ, ਕੁਝ ਕੁ ਬਾਕੀ ਹਾਂ ਗੁਰਦੁਆਰਿਆਂ ਵਿੱਚ।
ਮੈਨੂੰ ਬੋਲਦੇ ਨੇ ਭਈਏ ਗੋਂ ਖਾਤਿਰ, ਮਾਂ ਭਈਆਂ ਦੀ ਕੱਲ੍ਹ ਅਖਵਾਵਾਂਗੀ ਮੈਂ।
ਤੁਸੀਂ ਪੜ੍ਹੋ ਪੰਜਾਬੀਓ ਕਾਨਵੈਂਟੀ, ਆਖੰਡ ਪਾਠਾਂ ਜੋਗੀ ਰਹਿ ਜਾਵਾਂਗੀ ਮੈਂ।
ਸੱਚ ਹੈ ਕਿ ਪੰਜਾਬ ਦੀ ਵੰਡ ਨੇ ਭਾਂਵੇ ਉਹ ਵੰਡ ਭਾਸ਼ਾਈ ਅਧਾਰ ਤੇ ਹੋਈ ਹੋਵੇ ਜਾਂ ਰਾਜਨੀਤਿਕ ਅਧਾਰ ਤੇ ਉਸਦਾ ਮਾੜਾ ਪ੍ਰਭਾਵ ਪੰਜਾਬ ਅਤੇ ਪੰਜਾਬੀਆਂ ਦੋਵਾਂ ਤੇ ਪਿਆ ਹੈ।ਪੰਜਾਬ ਦੀ ਕੋਈ ਆਪਣੀ ਵੱਖਰੀ ਰਾਜਧਾਨੀ ਨਹੀਂ ਹੈ।ਪੰਜਾਬ ਦਾ ਕੋਈ ਆਪਣਾ ਵੱਖਰਾ ਹਾਈ ਕੋਰਟ ਨਹੀਂ ਬਣ ਸਕਿਆ ਹੈ।ਨਾ ਹੀ ਪੰਜਾਬੀ ਭਾਸ਼ਾ ਕੋਰਟਾਂ-ਕਚਿਹਰੀਆਂ ਵਿੱਚ ਵਰਤੀ ਜਾਂਦੀ ਹੈ।ਵਕੀਲ ਅੰਗਰੇਜ਼ੀ ਵਿੱਚ ਦਲੀਲਾਂ ਦਿੰਦੇ ਹਨ ਤੇ ਜੱਜ ਅੰਗਰੇਜ਼ੀ ਵਿੱਚ ਫੈਸਲੇ ਸੁਣਾਉਂਦੇ ਹਨ ਅਤੇ ਵਿਚਾਰਾ ਪੰਜਾਬੀ ਜਿਸ ਦਾ ਕੇਸ ਹੁੰਦਾ ਹੈ ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਕੌਣ ਉਸਦੇ ਹੱਕ ਵਿੱਚ ਬੋਲ ਰਿਹਾ ਹੈ ਅਤੇ ਕੌਣ ਉਸ ਦੇ ਵਿਰੋਧ ਵਿੱਚ ਬੋਲ ਰਿਹਾ ਹੈ? ਸਾਫ ਹੈ ਕਿ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਨਹੀਂ ਮਿਲਿਆ ਹੈ।ਪੰਜਾਬੀ ਸੱਭਿਆਚਾਰ ਵਿੱਚ ਗਿਰਾਵਟ ਵੀ ਚਿੰਤਾ ਦਾ ਵਿਸ਼ਾ ਹੈ।ਮੰਡੀ ਦੇ ਵਪਾਰੀਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਲੱਚਰਤਾ, ਨੰਗੇਜ਼ ਤੇ ਮਤਲਬਪੁਣਾ ਲੈ ਆਂਦਾ ਹੈ। ਫਿਰਕਾਪ੍ਰਸਤਾਂ ਨੇ ਵੀ ਬਹੁ-ਭਾਸ਼ਾਈ ਦੇਸ਼ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਵਾ ਕੇ ਸਾਡੇ ਧਰਮ-ਨਿਰਪੱਖ ਸਮਾਜ ਵਿੱਚ ਅਰਾਜਕਤਾ ਫੈਲਾਈ ਹੈ ।
ਵੱਡਾ ਦੁਖਾਂਤ ਹੈ ਕਿ ਪੰਜਾਬੀ ਰਾਜ ਭਾਸ਼ਾ ਐਕਟ 2008 ਵਿੱਚ ਰਾਜ ਭਾਸ਼ਾ ਦੇ ਹੱਕ ਵਿੱਚ ਧਾਰਾਵਾਂ ਨੂੰ ਇੰਨ੍ਹ-ਬਿੰਨ੍ਹ ਲਾਗੂ ਨਹੀਂ ਕੀਤਾ ਗਿਆ ਹੈ।ਇਸ ਐਕਟ ਵਿੱਚ ਵੀ ਐਕਟ ਦੀ ਉਲੰਘਣਾ ਕਰਨ ਵਾਲੇ ਲਈ ਸਜਾ ਦੀ ਧਾਰਾ ਸ਼ਾਮਿਲ ਨਹੀਂ ਕੀਤੀ ਗਈ ਹੈ।ਸਰਕਾਰੀ, ਅਰਧ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਮਾਤ ਭਾਸ਼ਾ ਪੰਜਾਬੀ ਦੀ ਵਰਤੋਂ ਨਹੀਂ ਕੀਤੀ ਜਾ ਰਹੀ।ਹੋਰ ਵੱਡਾ ਦੁਖਾਂਤ ਹੈ ਕਿ ਭਾਸ਼ਾ ਨਾਲ ਸਬੰਧਿਤ ਮਸਲਿਆਂ ਦੇ ਨਿਪਟਾਰੇ ਲਈ ਕੋਈ ਉੱਚ ਤਾਕਤੀ ਟ੍ਰਿਬਿਊਨਲ ਨਹੀਂ ਬਣਿਆ ਹੈ।ਮੁੱਢਲੀ ਸਿੱਖਿਆ ਤਿੰਨ ਭਾਸ਼ਾਈ ਫਾਰਮੂਲੇ ਦੀ ਥਾਂ ਮਾਤ ਭਾਸ਼ਾ ਵਿੱਚ ਨਹੀਂ ਦਿੱਤੀ ਜਾ ਰਹੀ।ਬਾਰਵੀਂ ਤੱਕ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਪੰਜਾਬੀ ਨਹੀਂ ਹੈ।ਗਰੈਜੂਏਸ਼ਨ ਤੱਕ ਮਾਤ ਭਾਸ਼ਾ ਪੰਜਾਬੀ ਲਾਜ਼ਮੀ ਨਹੀਂ ਹੈ।ਤਕਨੀਕੀ, ਇੰਜੀਨੀਅਰਿੰਗ ਅਤੇ ਡਾਕਟਰੀ ਸਿੱਖਿਆ ਮਾਤ ਭਾਸ਼ਾ ਪੰਜਾਬੀ ਵਿੱਚ ਨਹੀਂ ਹੈ।ਉਘੇ ਸ਼ਾਇਰ ਮੰਗਤ ਚੰਚਲ ਦਾ ਸ਼ੇਅਰ ਪੰਜਾਬੀ ਮਾਤ ਭਾਸ਼ਾ ਪ੍ਰਤੀ ਚਿੰਤਾ ਪ੍ਰਗਟ ਕਰਦਾ ਹੈ ਅਤੇ ਨਾਲ ਹੀ ਪੰਜਾਬੀ ਦੀ ਮਹੱਤਤਾ ਵੀ ਦਰਸਾਉਂਦਾ ਹੈ ਕਿ: –
ਦੁਨੀਆਂ ਉੰਝ ਬਥੇਰਾ ਕਰਦੀ ਮਾਣ ਪੰਜਾਬੀ ਦਾ।ਅਸਾਂ ਹੀ ਆਪਣੇ ਘਰ ਵਿੱਚ ਕੀਤਾ ਘਾਣ ਪੰਜਾਬੀ ਦਾ।
ਬੇਸ਼ੱਕ ਹਰ ਭਾਸ਼ਾ ਦਾ ਆਪਣਾ ਵੱਖ ਮਹੱਤਵ ਹੈ, ਪਰ ਕਿਧਰੇ ਵੀ ਨਜ਼ਰ ਨਾ ਆਵੇ ਹਾਣ ਪੰਜਾਬੀ ਦਾ।
ਪੂਰੀ ਦੁਨੀਆ ਵਿੱਚ ਤਿੰਨ ਮਾਵਾਂ ਨੂੰ ਬਹੁਤ ਉੱਚਾ ਦਰਜ਼ਾ ਦਿੱਤਾ ਜਾਂਦਾ ਹੈ।ਮਾਂ ਜਣਨੀ, ਮਾਂ ਧਰਤੀ ਅਤੇ ਮਾਂ ਬੋਲੀ ਨੂੰ।’ਮੇਰਾ ਦਾਗਿਸਤਾਨ’ ਦੇ ਮਹਾਨ ਲੇਖਕ ਰਸੂਲ ਹਮਜ਼ਾਤੋਜ ਨੇ ਵੀ ਕਿਹਾ ਹੈ ਕਿ ਰਸ਼ੀਅਨ ਲੋਕ ਜਦ ਕਿਸੇ ਨੂੰ ਸਭ ਤੋਂ ਵੱਡੀ ਗ਼ਾਲ ਦੇਣਾ ਚਾਹੁੰਦੇ ਹਨ ਤਾਂ ਕਹਿੰਦੇ ਹਨ ਕਿ ਜਾ! ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਏ।ਇਸ ਤੋਂ ਸਾਫ ਹੈ ਕਿ ਮਾਤ ਭਾਸ਼ਾ ਦੀ ਕਿੰਨੀ ਮਹੱਤਤਾ ਹੈ।ਚੀਨ, ਜਪਾਨ ਜਾਂ ਹੋਰ ਕਿਸੇ ਵੀ ਦੇਸ਼ ਨੇ ਜੇ ਸਰਵਪੱਖੀ ਵਿਕਾਸ ਕੀਤਾ ਹੈ ਤਾਂ ਸਿਰਫ ਇਸ ਲਈ ਕੀਤਾ ਹੈ ਕਿਉਂਕਿ ਉੱਥੋਂ ਦੇ ਵਾਸੀਆਂ ਨੂੰ ਉਹਨਾਂ ਦੀ ਮੁੱਢਲੀ ਸਿੱਖਿਆ ਉਹਨਾਂ ਦੀ ਹੀ ਮਾਤ ਭਾਸ਼ਾ ਵਿੱਚ ਦਿੱਤੀ ਗਈ ਸੀ।ਇਸ ਲਈ ਸਾਨੂੰ ਵੀ ਆਪਣੇ ਸਰਵਪੱਖੀ ਵਿਕਾਸ ਲਈ ਮਾਤ ਭਾਸ਼ਾ ਪੰਜਾਬੀ ਦਾ ਮਹੱਤਵ ਸਮਝਣਾ ਪਵੇਗਾ ।
ਸਾਫ ਹੈ ਕਿ ਬੇਸ਼ੱਕ ਅੱਜ ਅਸੀਂ ਪੰਜਾਬੀ ਸੂਬੇ ਦੀ 50 ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਪਰ ਅੱਜ ਵੀ ਪੰਜਾਬ ਦੀ, ਮਾਤ ਭਾਸ਼ਾ ਪੰਜਾਬੀ ਦੀ ਅਤੇ ਪੰਜਾਬੀ ਸੱਭਿਆਚਾਰ ਦੀ ਹਾਲਤ ਤਰਸਯੋਗ ਹੈ।ਲਾਜ਼ਮੀ ਹੈ ਕਿ ਪੰਜਾਬੀ ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਸਮੁੱਚੇ ਪੰਜਾਬੀਆਂ ਨੂੰ ਜਥੇਬੰਦ ਹੋ ਕੇ ਪੰਜਾਬ, ਮਾਤ ਭਾਸ਼ਾ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਸਾਰਥਿਕ ਯਤਨ ਕਰਨੇ ਆਰੰਭ ਕਰਨੇ ਪੈਣਗੇ।ਸਮੁੱਚੇ ਪੰਜਾਬੀਆਂ ਦੇ ਏਕੇ ਨਾਲ ਸੰਘਰਸ਼ ਕਰਕੇ ਹੀ ਪੰਜਾਬ, ਮਾਤ-ਭਾਸ਼ਾ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨੂੰ ਬਚਾਇਆ ਜਾ ਸਕੇਗਾ ਸਾਫ ਤੇ ਸਪੱਸ਼ਟ ਹੈ ਕਿ ਸਮੁੱਚੇ ਪੰਜਬੀਆਂ ਦਾ ਸਰਵਪੱਖੀ ਵਿਕਾਸ ‘ਮਾਤ-ਭਾਸ਼ਾ ਪੰਜਾਬੀ’ ਨੂੰ ਬਣਦਾ ਮਾਣ-ਸਨਮਾਨ ਦਵਾ ਕੇ ਹੀ ਸੰਭਵ ਹੋ ਸਕਦਾ ਹੈ।ਮਾਤ ਭਾਸ਼ਾ ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਦਵਾਉਣ ਲਈ, ਪੰਜਾਬ ਦੀ ਵੱਖਰੀ ਰਾਜਧਾਨੀ ਬਣਵਾਉਣ ਲਈ, ਕੋਰਟਾਂ-ਕਚਿਹਰੀਆਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਲਈ, ਮਾਤ ਭਾਸ਼ਾ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜ਼ਾ ਦਿਵਾਉਣ ਲਈ, ਰਾਜ ਭਾਸ਼ਾ ਐਕਟ 2008 ਲਾਗੂ ਕਰਾਉਣ ਲਈ, ਐਕਟ ਵਿੱਚ ਸਜਾ ਦੀ ਧਾਰਾ ਸ਼ਾਮਿਲ ਕਰਾਉਣ ਲਈ, ਮੁੱਢਲੀ ਸਿੱਖਿਆ ਮਾਤ ਭਾਸ਼ਾ ਪੰਜਾਬੀ ਵਿੱਚ ਦਵਾਉਣ ਲਈ, ਪੰਜਾਬੀ ਭਾਸ਼ਾ ਨਾਲ ਸਬੰਧਿਤ ਮਸਲਿਆਂ ਦੇ ਨਿਪਟਾਰੇ ਲਈ ਉੱਚ ਤਾਕਤੀ ਟ੍ਰਿਬਿਊਨਲ ਬਣਵਾਉਣ ਲਈ, ਬਾਰਵੀਂ ਤੱਕ ਪ੍ਰੀਖਿਆ ਦਾ ਪੰਜਾਬੀ ਬਣਵਾਉਣ ਲਈ, ਗਰੈਜੂਏਸ਼ਨ ਤੱਕ ਪੰਜਾਬੀ ਲਾਜ਼ਮੀ ਵਿਸ਼ਾ ਕਰਾਉਣ ਲਈ, ਤਕਨੀਕੀ, ਇੰਜੀਨੀਅਰੰਗ ਅਤੇ ਡਾਕਟਰੀ ਦੀ ਸਿੱਖਿਆ ਪੰਜਾਬੀ ਵਿੱਚ ਦਵਾਉਣ ਲਈ ਅਤੇ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਵਾਉਣ ਲਈ ਪੰਜਾਬੀ ਲੇਖਕਾਂ, ਪੰਜਾਬੀ ਪ੍ਰੇਮੀਆਂ ਤੇ ਸਮੂਹ ਪੰਜਾਬੀਆਂ ਨੂੰ ਲਾਜ਼ਮੀ ਜੱਥੇਬੰਦ ਹੋ ਕੇ ਸੰਘਰਸ਼ ਕਰਨਾ ਪਵੇਗਾ ਤਾਂ ਹੀ ਅਸੀਂ ਜੋ ਸਾਡੇ ਕੋਲ ਹੈ ਉਸਨੂੰ ਵੀ ਬਚਾ ਸਕਾਂਗੇ।ਜਿਹੜੇ ਲੋਕ ਪੰਜਾਬੀ ਭਾਸ਼ਾ ਨੂੰ ਅੱਜ ਦੇ ਸਮਾਜ ਦਾ ਹਾਣੀ ਨਹੀਂ ਸਮਝਦੇ ਅੰਤ ਵਿੱਚ ਉਹਨਾਂ ਲੋਕਾਂ ਨੂੰ ਮਾਤ ਭਾਸ਼ਾ ਪੰਜਾਬੀ ਪੜ੍ਹਨ, ਲਿਖਣ ਅਤੇ ਬੋਲਣ ਦੀ ਅਪੀਲ ਇਸ ਸ਼ੇਅਰ ਰਾਹੀਂ ਕਰਦਾ ਹਾਂ ਕਿ,
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।ਵਿੱਚ ਚੁਰਾਹੇ ਰੱਖ ਦਿੱਤਾ ਹੈ, ਦੀਵਾ ਬਾਲ ਪੰਜਾਬੀ ਦਾ।
ਜਿਹੜੇ ਕਹਿੰਦੇ ਵਿੱਚ ਪੰਜਾਬੀ ਬੁੱਧਤ ਨਹੀਂ, ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਬੁੱਲਾ੍ਹ, ਵਾਰਿਸ, ਬਾਹੂ ਲਾਲ ਪੰਜਾਬੀ ਦਾ।
(ਅਗਿਆਤ)
Check Also
ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …