Sunday, December 22, 2024

ਪੰਜਾਬ ਦਿਵਸ

punjab

ਗੋਬਿੰਦਰ ਸਿੰਘ ਢੀਂਡਸਾ

1 ਨਵੰਬਰ ਨੂੰ ਆਧੁਨਿਕ ਪੰਜਾਬ ਦਿਵਸ ਤੇ ਤੌਰ ਤੇ ਜਾਣਿਆ ਜਾਂਦਾ ਹੈ ਕਿਉਂਕਿ ਆਧੁਨਿਕ ਪੰਜਾਬ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ।ਉਸ ਸਮੇਂ ਇਸ ਵਿੱਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ ਅਤੇ ਮੌਜੂਦਾ ਸਮੇਂ ਦੌਰਾਨ ਅਜੋਕੇ ਪੰਜਾਬ ਵਿੱਚ 22 ਜ਼ਿਲ੍ਹੇ, 82 ਤਹਿਸੀਲਾਂ ਅਤੇ 87 ਸਬ-ਤਹਿਸੀਲਾਂ ਹਨ।ਅਜੋਕੇ ਪੰਜਾਬ ਅਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਹੈ।ਅਜੋਕੇ ਪੰਜਾਬ ਦਾ ਰਾਜਸੀ ਜਾਨਵਰ ਕਾਲਾ ਹਿਰਨ, ਪੰਛੀ ਬਾਜ਼, ਦਰੱਖ਼ਤ ਟਾਹਲੀ, ਰਾਜ ਖੇਡ ਸਰਕਲ ਸਟਾਇਲ ਕਬੱਡੀ ਹੈ ਅਤੇ ਰਾਜ ਭਾਸ਼ਾ ਪੰਜਾਬੀ ਹੈ।ਪੰਜਾਬੀ ਇੰਗਲੈਂਡ ਵਿੱਚ ਦੂਜੀ ਅਤੇ ਕਨੇਡਾ ਵਿੱਚ ਤੀਜੀ, ਏਸ਼ੀਆ ਦੀ ਚੌਥੀ ਅਤੇ ਦੁਨੀਆਂ ਦੀ ਦਸਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।ਭਾਰਤੀ ਪੰਜਾਬ ਦੀਆਂ ਉਪ ਬੋਲੀਆਂ ਮਾਝੀ, ਮਲਵਈ, ਦੋਆਬੀ ਅਤੇ ਪੁਆਧੀ ਹਨ।ਆਧੁਨਿਕ ਪੰਜਾਬ ਜਨਸੰਖਿਆ ਪੱਖੋਂ 16ਵੇਂ ਸਥਾਨ ਅਤੇ ਖੇਤਰਫ਼ਲ ਪੱਖੋਂ 20ਵੇਂ ਸਥਾਨ ਤੇ ਹੈ।ਮੌਜੂਦਾ ਸਮੇਂ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਹਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ, ਵਰਣਨਯੋਗ ਹੈ ਕਿ ਬਾਦਲ ਹੁਣ ਤੱਕ ਦੇ ਸਭ ਤੋਂ ਵੱਧ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ।
ਪੰਜਾਬ ਨੇ ਆਪਣੇ ਇਤਿਹਾਸ ਦੇ ਪੰਨ੍ਹਿਆਂ ਤੇ ਬੜ੍ਹੇ ਹੀ ਦਰਦਨਾਕ ਵਰਣਨ ਉਕੜੇ ਹਨ, ਜਿਨ੍ਹਾਂ ਦਾ ਜ਼ਿਕਰ ਹੁੰਦਿਆਂ ਹੀ ਅੱਖਾਂ ਨਮ ਹੋ ਜਾਂਦੀਆਂ ਹਨ।ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੜਾਈਆਂ ਦੇ ਛਾਏ ਹੇਠ ਜ਼ਿੰਦਗੀ ਗੁਜ਼ਾਰਣੀ ਪਈ ਕਿਉਂਕਿ ਪੰਜਾਬ ਨੂੰ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼ ਦੁਆਰ ਦੇ ਰੂਪ ਵਿੱਚ ਜਾਣਿਆ ਜਾਂਦਾ ਰਿਹਾ ਹੈ, ਇਸੇ ਰਸਤੇ ਹੀ ਬਹੁਤ ਹਮਲਾਵਰ ਭਾਰਤ ਵਿੱਚ ਦਾਖਲ ਹੋਏ।ਭਾਰਤ ਦੀ ਵੰਡ ਨੇ ਪੰਜਾਬ ਦੀ ਹਿੱਕ ਚੀਰ ਕੇ ਰੱਖ ਦਿੱਤੀ ਕਿਉਂਕਿ ਪੰਜਾਬ ਦੇ ਦੋ ਟੋਟੇ ਹੋ ਗਏ ਪੰਜਾਬ ਦਾ ਇੱਕ ਹਿੱਸਾ ਭਾਵ ਲਹਿੰਦਾ ਪੰਜਾਬ ਪਾਕਿਸਤਾਨ ਵਿੱਚ ਅਤੇ ਦੂਜਾ ਹਿੱਸਾ ਭਾਵ ਚੜ੍ਹਦਾ ਪੰਜਾਬ ਭਾਰਤ ਵਿੱਚ ਵੰਡਿਆ ਗਿਆ।ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਸੁਮੇਲ ਨਾਲ ਬਣਿਆ, ਜਿਸ ਤੋਂ ਭਾਵ ਪੰਜ ਪਾਣੀ।ਇਸ ਦਾ ਸ਼ਾਬਦਿਕ ਅਰਥ ਹੈ ਪੰਜ ਪਾਣੀਆਂ ਜਾਂ ਦਰਿਆਵਾਂ ਦੀ ਧਰਤੀ।ਇਹਨਾਂ ਪੰਜ ਦਰਿਆਵਾਂ ਵਿੱਚ ਸਤਲੁਜ, ਬਿਆਸ, ਰਾਵੀ, ਚਨਾਬ ਜਾਂ ਝਨਾਂ ਅਤੇ ਜਿਹਲਮ ਸ਼ਾਮਲ ਹਨ।ਭਾਰਤ ਵੰਡ ਸਮੇਂ ਚਨਾਬ ਅਤੇ ਜਿਹਲਮ ਪਾਕਿਸਤਾਨੀ ਪੰਜਾਬ ਕੋਲ ਅਤੇ ਭਾਰਤੀ ਪੰਜਾਬ ਕੋਲ ਸਤਲੁਜ, ਬਿਆਸ ਅਤੇ ਰਾਵੀ ਰਹਿ ਗਏ।ਪੰਜਾਬ ਸ਼ਬਦ ਦੀ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਰਿਗਵੇਦ ਵਿੱਚ ਪੰਜਾਬ ਲਈ ਪੇਂਟਾਪੋਟਾਮੀਆਂ ਸ਼ਬਦ ਵਰਤਿਆ ਗਿਆ ਹੈ।
1849 ਵਿੱਚ ਪੰਜਾਬ ਨੂੰ ਅੰਗਰੇਜ਼ੀ ਰਿਆਸਤ ਵਿੱਚ ਮਿਲਾਇਆ ਗਿਆ।1950ਵਿਆਂ ਵਿੱਚ, ਭਾਰਤ ਭਰ ਦੇ ਭਾਸ਼ਾਈ ਸਮੂਹਾਂ ਨੇ ਵੱਖਰੇ ਵੱਖਰੇ ਰਾਜਾਂ ਦੀ ਮੰਗ ਕੀਤੀ, ਜਿਸ ਦਾ ਨਤੀਜਾ ਦਸੰਬਰ 1953 ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਦੇ ਰੂਪ ਵਿੱਚ ਨਿਕਲਿਆ।1 ਨਵੰਬਰ 1956 ਨੂੰ ਪੰਜਾਬ ਅਤੇ ਪੈਪਸੂ ਸੂਬਿਆਂ ਨੂੰ ਮਿਲਾ ਕੇ ਇੱਕ ਸੂਬਾ ਬਣਾ ਦਿੱਤਾ ਗਿਆ।ਪੈਪਸੂ ਭਾਵ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ।ਪੈਪਸੂ ਵਿੱਚ ਅੱਠ ਪ੍ਰਿੰਸਲੀ ਪ੍ਰਾਂਤ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਕਲਸੀਆਂ, ਮਾਲੇਰਕੋਟਲਾ, ਕਪੂਰਥਲਾ ਅਤੇ ਨਾਲਾਗੜ੍ਹ ਸੀ।ਪੈਪਸੂ 1948 ਤੋਂ 1956 ਤੱਕ ਭਾਰਤ ਦਾ ਪ੍ਰਾਂਤ ਰਿਹਾ ਅਤੇ ਇਸ ਦੀ ਰਾਜਧਾਨੀ ਸ਼ਾਹੀ ਸ਼ਹਿਰ ਪਟਿਆਲਾ ਸੀ।
ਅਕਾਲੀ ਦਲ ਵੱਲੋਂ ਚਲਾਈ ਪੰਜਾਬੀ ਸੂਬਾ ਲਹਿਰ ਦੇ ਨਤੀਜੇ ਵਜੋਂ 1 ਨਵਬੰਰ 1966 ਨੂੰ ਪੰਜਾਬੀ ਬਹੁ ਗਿਣਤੀ ਪੰਜਾਬ ਰਾਜ, ਹਿੰਦੀ ਬਹੁ ਗਿਣਤੀ ਹਰਿਆਣਾ ਰਾਜ ਅਤੇ ਸੰਘੀ ਖੇਤਰ ਚੰਡੀਗੜ੍ਹ ਦਾ ਗਠਨ ਹੋਇਆ ਅਤੇ ਪੂਰਬੀ ਪੰਜਾਬ ਦੇ ਕੁਝ ਪਹਾੜੀ ਬਹੁ ਗਿਣਤੀ ਹਿੱਸੇ ਹਿਮਾਚਲ ਪ੍ਰਦੇਸ਼ ਨਾਲ ਮਿਲਾ ਦਿੱਤੇ ਗਏ।
ਖ਼ੈਰ! ਵਕਤ ਬਲਵਾਨ ਹੁੰਦਾ ਹੈ ਅਤੇ ਸਮੇਂ ਦੇ ਨਾਲ ਨਾਲ ਸਾਰੇ ਜ਼ਖ਼ਮ ਭਰ ਜਾਂਦੇ ਹਨ ,ਪਰ ਜ਼ਖ਼ਮਾਂ ਦੇ ਦਾਗ਼ ਹਮੇਸ਼ਾਂ ਲਈ ਰਹਿ ਜਾਂਦੇ ਹਨ, ਜੋ ਚੀਸ ਬਣ ਕੇ ਰੜਕਦੇ ਹਨ ਅਜਿਹੇ ਹੀ ਅਨੇਕਾਂ ਦਾਗ਼ ਹਨ ਜੋ ਪੰਜਾਬ ਦੀ ਹਿੱਕ ਤੇ ਰੜਕਦੇ ਰਹਿਣਗੇ।

Gobinder Singh Dhindsa

 

 

 

 

 

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿਸੀਲ : ਧੂਰੀ (ਸੰਗਰੂਰ)
ਮੋਬਾਇਲ ਨੰਬਰ : 92560-66000

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply