ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਨਾਟਕਕਾਰ ਸਵਰਗੀ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ ਰਾਸ਼ਟਰੀ ਰੰਗਮੰਚ ਉਤਸਵ 28 ਜਨਵਰੀ ਤੋਂ 6 ਫਰਵਰੀ 2017 ਤੱਕ ਚੱਲ ਰਹੇ 14ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ‘ਗਾਥਾ-ਏ-ਆਨੰਦਪੁਰ ਸਾਹਿਬ’ ਨਾਟਕ ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
ਅੱਜ ਤੋਂ 350 ਸਾਲ ਪਹਿਲਾਂ ਹਿਮਾਲਿਆ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਾਇਆ ਗਿਆ ਇੱਕ ਸੁੰਦਰ ਇਤਿਹਾਸਕ ਨਗਰ ‘ਅਨੰਦਪੁਰ ਸਾਹਿਬ’ ਮਹਿਜ਼ ਇੱਕ ਨਗਰ ਹੀ ਨਹੀਂ ਸਗੋਂ ਅੱਗੇ ਜਾ ਕੇ ਇੱਕ ਯੁੱਗ ਪਲਟਾਉਣ ਵਾਲੀਆਂ ਦੋ ਘਟਨਾਵਾਂ ਦਾ ਜਨਮ ਅਸਥਾਨ ਹੈ।ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਿੱਥੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੁਆਰਾ ਵਸਾਏ ਜਾਣ ਦਾ ਮਾਣ ਹੈ ਉਥੇ ਹੀ ਖ਼ਾਲਸਾ ਸਾਜਣਾ ਦੀ ਜਨਮ ਭੂਮੀ ਹੋਣ ਦਾ ਗੌਰਵ ਵੀ ਪ੍ਰਾਪਤ ਹੈ।
ਇਹ ਉਹੋ ਧਰਤੀ ਹੈ ਜਿਸ ਨੂੰ ਅੱਜ ਤੋਂ 350 ਸਾਲ ਪਹਿਲਾਂ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੁੂੂ ਤੇਗ਼ ਬਹਾਦਰ ਜੀ ਨੇ ਕਹਿ ਲੂਰ ਦੇ ਰਾਜੇ ਪਾਸੋਂ ਮੱਖੋਵਾਲ ਦੀ ਜ਼ਮੀਨ 500 ਰੁਪਈਆਂ ਵਿੱਚ ਖਰੀਦ ਕੇ ਵਸਾਇਆ ਗਿਆ ਸੀ।ਪਹਿਲਾਂ ਇਸ ਨਗਰ ਦਾ ਨਾਮ ਗੁਰੂੂੂ ਤੇਗ਼ ਬਹਾਦਰ ਜੀ ਨੇ ਆਪਣੀ ਮਾਤਾ ‘ਨਾਨਕੀ’ ਜੀ ਦੇ ਨਾਮ ਤੇ ‘ਨਾਨਕੀਚੱਕ’ ਰੱਖਿਆ ਗਿਆ ਸੀ। ਬਾਅਦ ਵਿਚ ਇਸ ਨਗਰ ਦਾ ਨਾਮ ‘ਅਨੰਦਪੁਰ ਸਾਹਿਬ’ ਪੈ ਗਿਆ।ਇਸੇ ਸਬੰਧ ਵਿਚ ਇਸ ਇਤਿਹਾਸਕ ਸ਼ਹਿਰ ਦੀ ਸਥਾਪਨਾ ਦਾ 350 ਵਾਂ ਵਰੇਗੰਢ ਮਨਾਈ ਜਾ ਰਹੀ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਅਨੰਦਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਦਰਸ਼ਾਉਂਦਾ ਇੱਕ ਨਾਟਕ ‘ ਥਿਏਟਰ ਫਾਰ ਥਿਏਟਰ’, ਚੰਡੀਗੜ੍ਹ ਵੱਲੋਂ ਸੁਦੇਸ਼ ਸ਼ਰਮਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾ ਰਿਹਾ ਹੈ।ਇਹ ਨਾਟਕ ‘ਗਾਥਾ ਅਨੰਦਪੁਰ ਸਾਹਿਬ ਦੀ’ ਜਿਸ ਨੂੰ ‘ਅਸ਼ਵਨੀ ਕੁਮਾਰ ਸਾਵਣ’ ਨੇ ਲਿਖਿਆ ਹੈ।ਅਨੰਦਪੁਰ ਸਾਹਿਬ ਦੇ ਨਾਲ ਜੁੜੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਨੂੰ ਯਾਦ ਕਰਵਾਉਂਦਾ ਹੈ।ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਆਪਣੇ ਇਤਿਹਾਸ, ਆਪਣੇ ਵਿਰਸੇ, ਆਪਣੇ ਪਿਛੋਕੜ ਤੋਂ ਬੇਮੁੁੱਖ ਹੋ ਰਿਹਾ ਹੈ ਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਸੁਣਹਿਰੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੂਰ ਪ੍ਰਦੇਸਾਂ ਵਿੱਚ ਜਾ ਵੱਸਦਾ ਹੈ।ਵਤਨੋਂ ਦੂਰ ਰਹਿਣ ਵਾਲੇ ਉਹ ਪ੍ਰਵਾਸੀ ਉਹ ਪ੍ਰਦੇਸੀ ਮੁੜ ਆਪਣੇ ਅਤੀਤ ਦੀਆਂ ਜੜ੍ਹਾਂ ਨੂੰ ਤਲਾਸ਼ ਦੇ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਲੋਚਦੇ ਇਤਿਹਾਸ ਦੇ ਪੰਨਿਆਂ ਨੂੰ ਮੁੜ ਫਰੋਲਦੇ ਨੇ।ਇਹ ਇਤਿਹਾਸਕ ਨਾਟਕ ‘ਅਨੰਦਪੁਰ ਸਾਹਿਬ’ ਦੀ ਗਾਥਾ ਵੀ ਇਤਿਹਾਸ ਦੇ ਇੱਕ ਪੱਖ ਨੂੰ ਰੌਸ਼ਨ ਕਰਦਾ ਹੈ।
ਨਾਟਕ ਸ਼ੁਰੂ ਹੁੰਦਾ ਹੈ ਪਿੰਡ ਬਕਾਲੇ ਤੋਂ ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਵੱਲੋਂ ਅਸਲੀ ਗੁਰੂ ਲਾਧੋ ਰੇ ਦਾ ਹੋਕਾ ਦੇ ਕੇ ਸਭ ਨੂੰ ਦੱਸਿਆ ਜਾਂਦਾ ਹੈ ਕਿ ਅਸਲੀ ਗੁਰੁੂੂ ਤੇਗ਼ ਬਹਾਦਰ ਜੀ ਨੇ।ਫਿਰ ਗੁਰੁੂੂ ਸਾਹਿਬ ਦੇ ਮਸੰਦਾਂ ਨਾਲ ਸੰਘਰਸ਼ ਅਤੇ ਬਕਾਲਾ ਪਿੰਡ ਛੱਡ ਕੇ ਮਾਝੇ ਦੇ ਪਿੰਡਾਂ, ਨਗਰਾਂ ਵਿਚ ਪ੍ਰਚਾਰ ਅਤੇ ਅੰਮ੍ਰਿਤਸਰ ਸਮੇਤ ਮਾਝੇ ਦੇ ਸਾਰੇ ਨਗਰਾਂ ਦੀ ਯਾਤਰਾ ਅਤੇ ਬਾਣੀ ਦਾ ਪ੍ਰਚਾਰ ਕਰਦੇ ਹੋਇਆਂ ਕੀਰਤਪੁਰ ਸਾਹਿਬ ਆਉਣਾ ਦਰਸਾਇਆ ਗਿਆ ਹੈ। ਕੀਰਤਪੁਰ ਸਾਹਿਬ ਆ ਕੇ ਕਹਿਲੂਰ ਦੀ ਰਾਣੀ ਦੀ ਬੇਨਤੀ ਪ੍ਰਵਾਨ ਕਰਕੇ ਮੱਖੋਵਾਲ ਦੀ ਧਰਤੀ ਦਾ ਪੂਰਾ ਪੰਜ ਸੌ ਰੁਪਈਆ ਮੁੱਲ ਤਾਰ ਕੇ ਇਸ ਨਗਰ ਨੂੰ ਵਸਾਉਣਾ ਅਤੇ ਇਥੇ ਹੀ ਪਰਿਵਾਰ ਸਮੇਤ ਬਸੇਰਾ ਕਰਨਾ ਆਦਿ ਘਟਨਾਵਾਂ ਇਸ ਨਾਟਕ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
ਇਹਨੀਂ ਦਿਨੀ ਔਰੰਗਜ਼ੇਬ ਕਸ਼ਮੀਰੀ ਪੰਡਤਾਂ ਉਪਰ ਬਹੁਤ ਜ਼ੁਲਮ ਕਰ ਰਿਹਾ ਸੀ।ਸੋ ਕਸ਼ਮੀਰੀ ਪੰਡਤਾਂ ਦਾ ਗੁਰੂੂੂ ਸਾਹਿਬ ਦੇ ਦਰਬਾਰ ਪੇਸ਼ ਹੋਣਾ, ਗੁਰੁੂੂ ਜੀ ਦਾ ਦਿੱਲੀ ਵੱਲ ਚਾਲੇ ਪਾਉਣਾ ਅਤੇ ਧਰਮ ਦੀ ਖਾਤਿਰ ਅਦੁੱਤੀ ਸ਼ਹਾਦਤ ਦੇਣਾ, ਭਾਈ ਜੈਤਾ ਜੀ ਦਾ ਸੀਸ ਲੈ ਕੇ ਕੀਰਤਪੁਰ ਆਉਣਾ ਸਾਰੀਆਂ ਇਤਿਹਾਸਕ ਘਟਨਾਵਾਂ ਇਸ ਨਾਟਕ ਵਿੱਚ ਦਿਖਾਈਆਂ ਗਈਆਂ ਹਨ।
ਗੁਰੁੂੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੁੂੂ ਗੋਬਿੰਦ ਸਿੰਘ ਜੀ ਦੁਆਰਾ ਸ਼ਸਤਰਧਾਰੀ ਫੌਜ ਤਿਆਰ ਕਰਨਾ, ਉਹਨਾਂ ਦਾ ਪਹਾੜੀ ਰਾਜਿਆਂ ਨਾਲ ਸੰਘਰਸ਼, ਭੰਗਾਣੀ ਦਾ ਯੁੱਧ ਅਤੇ ਨਦੌਣ ਦੀਆਂ ਲੜਾਈਆਂ ਤੋਂ ਬਾਅਦ ਗੁਰੁੂੂ ਜੀ ਦਾ ਆਪਣੇ ਸਿੱਖਾਂ ਨੂੰ ਸੰਤ ਸਿਪਹੀ ਬਣਾਉਣ ਲਈ 14 ਅਪ੍ਰੈਲ 1699 ਈ. ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਣਾ ਕਰਨਾ ਅਤੇ ਜ਼ੁਲਮ ਦੇ ਖਿਲਾਫ ਹਥਿਆਰ ਬੰਦ ਜ਼ੰਗ ਦਾ ਐਲਾਨ ਕਰਨਾ ਜਿਹੀਆਂ ਘਟਨਾਵਾਂ ਨੂੰ ਇਸ ਨਾਟਕ ਵਿਚ ਪਰੋਇਆ ਗਿਆ ਹੈ।ਇਤਿਹਾਸ ਦਾ ਇੱਕ ਸੁਣਹਿਰਾ ਯੁੱਗ ਸਿਰਜਣ ਵਾਲੀਆਂ ਇਹ ਸਾਰੀਆਂ ਦਾ ਸਬੰਧ ਸਿੱਧੇ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਜੁੜਦਾ ਹੈ।ਇਹਨ੍ਹਾਂ ਸਾਰੀਆਂ ਘਟਨਾਵਾਂ ਨੂੰ ਇਸ ਨਾਟਕ ਵਿਚ ਬਾਖੂਬੀ ਪੇਸ਼ ਕੀਤਾ ਗਿਆ ਹੈ।
ਇਸ ਨਾਟਕ ਦਾ ਮੰਚਨ ਅਧੁਨਿਕ ਰੰਗ ਸ਼ੈਲੀ ਦਾ ਸੁਮੇਲ ਹੈ ਜਿਸ ਵਿਚ ਮਲਟੀਮੀਡੀਆ, ਕਥਾ ਵਾਚਕ, ਲੋਕ ਕਲਾ ਤੇ ਪ੍ਰੰਪਰਿਕ ਰੰਗਮੰਚ ਦੀ ਭਰਪੂਰ ਵਰਤੋਂ ਕੀਤੀ ਗਈ ਹੈ।ਨਾਟਕ ਦਰਸ਼ਕਾਂ ਨੂੰ ਇਤਿਹਾਸ ਨਾਲ ਜੋੜਦਾ ਹੋਇਆ ਆਪਣੇ ਵਿਰਸੇ ਤੇ ਸੰਘਰਸ਼ਮਈ ਸਿਧਾਂਤਕ ਜੀਵਨ ਨੂੰ ਪੇਸ਼ ਕਰਦਾ ਹੈ।
ਇਸ ਨਾਟਕ ਨੂੰ ਵੇਖਣ ਲਈ ਕੇਵਲ ਧਾਲੀਵਾਲ, ਨਾਟਕਕਾਰ ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਰਮੇਸ਼ ਯਾਦਵ, ਇਕਬਾਲ ਕੌਰ ਸੌਂਧ, ਹਰਦੀਪ ਗਿੱਲ, ਅਨੀਤਾ ਦੇਵਗਨ, ਇੰਦਰਜੀਤ ਸਹਾਰਨ, ਵਿਪਨ ਧਵਨ, ਗੁਰਤੇਜ ਮਾਨ, ਦਲਜੀਤ ਅਰੋੜਾ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।