Sunday, December 22, 2024

ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਮੀਰੀ-ਪੀਰੀ ਦਾ ਸਿਧਾਂਤ

akal takht    ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਧਰਮਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਕਿਸੇ ਧਰਮ ਨੇ ਅਧਿਆਤਮਿਕ ਪ੍ਰਭੂਸੱਤਾ ਦੇ ਨਾਲ-ਨਾਲ ਰਾਜਨੀਤਿਕ ਸੱਤਾ ਨੂੰ ਵੀ ਪ੍ਰਭਾਵਿਤ ਕੀਤਾ।ਮੀਰੀ ਤੇ ਪੀਰੀ ਇਕ ਦੂਜੇ ਦੇ ਪੂਰਕ ਹਨ।ਇਸ ਨਾਲ ਜਿੱਥੇ ਅੰਦਰੂਨੀ ਵਿਕਾਰਾਂ ਨੂੰ ਦੂਰ ਕਰਕੇ ਅਧਿਆਤਮਿਕ ਮੰਡਲਾਂ ਵਿਚ ਹਾਜ਼ਰੀ ਲੱਗਦੀ ਹੈ ਉੱਥੇ ਨਾਲ ਦੀ ਨਾਲ ਦੁਨਿਆਵੀਂ (ਰਾਜਨੀਤਿਕ) ਨਿਸ਼ਚਿਤਤਾ ਦਾ ਵੀ ਆਧਾਰ ਬਣਦੀ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਮੇਂ ਦੀ ਭ੍ਰਿਸ਼ਟ ਰਾਜਨੀਤੀ ਦੀ ਤਸਵੀਰ ਉਲੀਕਦੀ ਹੋਈ ਇਕ ਸੁਚੱਜੇ ਰਾਜ-ਪ੍ਰਬੰਧ ਦੀ ਹਾਮੀ ਭਰਦੀ ਹੈ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਜ਼ਾਹਰ ਰੂਪ ਵਿਚ ਪ੍ਰਗਟ ਕੀਤਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨਾਲ ਸਿੱਖ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਆਇਆ। ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮ ਹੁਣ ਹਥਿਆਰਾਂ ਤੋਂ ਬਿਨਾਂ ਜ਼ੁਲਮ ਕਰਨੋਂ ਮੁੜਣ ਵਾਲੇ ਨਹੀਂ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਸਮਾਂ ਆ ਗਿਆ ਹੈ। ਸਿੱਖਾਂ ਨੂੰ ਹੁਣ ਸੰਤ-ਸਿਪਾਹੀ ਬਨਣਾ ਹੋਏਗਾ ਕਿਉਂਕਿ ਬਲਹੀਣ ਭਗਤਾਂ ਨੂੰ ਜ਼ਾਲਮ, ਕਲਿਆਣ ਦੇ ਰਸਤੇ ਚਲਣ ਨਹੀਂ ਦੇਵੇਗਾ।
ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਅਤੇ ਉਸਾਰੀ ਕਰਵਾਈ। ਗੁਰਿਆਈ ਦੇ ਤਿਲਕ ਦੀ ਜਗ੍ਹਾ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਇਕ ਮੀਰੀ ਦੀ ਅਤੇ ਇਕ ਪੀਰੀ ਦੀ ਪਹਿਨਾਉਣ ਦਾ ਹੁਕਮ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਵੀ ਧਾਰਮਿਕ ਅਤੇ ਰਾਜਸੀ ਗੁਰੂ ਹੋ ਕੇ ਵਿਚਰਦੇ ਰਹੇ ਹਨ, ਪਰ ਹੁਣ ਅਸੀਂ ਨਾ ਸਿਰਫ ਪੰਥ ਨੂੰ ਬਲਕਿ ਸਾਰੇ ਸੰਸਾਰ ਨੂੰ ਆਪਣਾ ਰੂਪ ਪ੍ਰਤੱਖ ਕਰਨਾ ਹੈ।ਉਨ੍ਹਾਂ ਪੰਥ ਨੂੰ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਸੰਗਤਾਂ ਕੋਲੋਂ ਉਨ੍ਹਾਂ ਨੂੰ ਹਥਿਆਰ, ਘੋੜੇ ਅਤੇ ਜਵਾਨੀ ਦੀਆਂ ਭੇਟਾਵਾਂ ਉਤਮ ਰੂਪ ਵਿਚ ਪ੍ਰਵਾਨ ਹੋਣਗੀਆਂ। ਆਪਣੇ ਸਿੱਖਾਂ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਇਤਨੀ ਉੱਚੀ ਕਰ ਦਿੱਤੀ ਕਿ ਜਦ ਗੁਰੂ ਜੀ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਲਿਆਉਣ ਲਈ ਸੰਕੇਤ ਦਿੱਤਾ ਤਾਂ ਅੰਮ੍ਰਿਤਸਰ ਤੋਂ ਘੋੜੇ ਲਿਆਉਣ ਲਈ ਸੈਂਕੜੇ ਸਿੱਖ ਤੁਰ ਪਏ। ਇਸ ਤਰ੍ਹਾਂ ਦਾ ਐਲਾਨ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਜੰਗ ਛੇੜਨ ਦਾ ਇਕ ਖੁੱਲ੍ਹਾ ਸੱਦਾ ਸੀ।
ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਇਸ ਹੁਕਮ ਅਨੁਸਾਰ ਸਿੱਖ ਸੰਗਤਾਂ ਹਥਿਆਰਬੰਦ ਹੋ ਕੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੂਰਬੀਰਾਂ ਨੂੰ ਬਾਬਾ ਬੁੱਢਾ ਜੀ ਦੀ ਦੇਖ-ਰੇਖ `ਚ ਜੰਗਜੂ ਸੰਘਰਸ਼ ਲਈ ਤਿਆਰ ਕੀਤਾ ਤੇ ਇਨ੍ਹਾਂ ਦੇ ਚਾਰ ਜੱਥੇ ਬਣਾਏ।ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਬੈਠ ਕੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ।ਸ੍ਰੀ ਅਕਾਲ ਤਖ਼ਤ ਸਾਹਮਣੇ ਕੁਸ਼ਤੀਆਂ, ਜੰਗਜੂ ਕਰਤੱਬ ਵਾਲੀਆਂ ਖੇਡਾਂ ਕਰਵਾਉਣੀਆਂ ਅਰੰਭ ਕਰ ਦਿੱਤੀਆਂ।ਢਾਡੀ ਬੀਰ-ਰਸੀ ਵਾਰਾਂ ਸੁਣਾਉਂਦੇ, ਸਿੱਖ ਸ਼ਕਤੀ ਦਾ ਖੂਨ ਜੋਸ਼ ਨਾਲ ਉਬਾਲੇ ਖਾਣ ਲੱਗਾ।ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ, ਜੋ ਮੀਰੀ-ਪੀਰੀ ਦੀ ਸ਼ਕਤੀ ਦੇ ਪ੍ਰਤੀਕ ਹਨ।
ਗੁਰੂ ਜੀ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਦਰਬਾਰ ਲਗਾਉਂਦੇ, ਸਿੱਖਾਂ ਦੇ ਆਪਸੀ ਝਗੜਿਆਂ ਨੂੰ ਸੁਣਿਆਂ ਜਾਂਦਾ ਅਤੇ ਉਨ੍ਹਾਂ ਦਾ ਨਿਬੇੜਾ ਕੀਤਾ ਜਾਂਦਾ। ਇਸ ਦਰਬਾਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਸਿੱਖ ਧਾਰਮਿਕ ਖੇਤਰ ਵਿੱਚ ਹੀ ਸੁਤੰਤਰ ਨਹੀਂ ਸਗੋਂ ਸੰਸਾਰਕ ਮਸਲਿਆਂ ਨੂੰ ਵੀ ਨਜਿੱਠਣ ਦੀ ਸ਼ਕਤੀ ਰੱਖਦੀ ਹੈ। ਇਹ ਆਤਮ ਨਿਰਣੈ ਲੈਣ ਦਾ ਇਕ ਜ਼ੋਰਦਾਰ ਪ੍ਰਗਟਾਵਾ ਸੀ।ਇਹ ਗੁਰੂ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਵੀ ਸੀ ਅਤੇ ਸ਼ਹਾਦਤ ਦੇ ਰੂਪ ਵਿੱਚ ਦਿੱਤੇ ਗਏ ਚੈਲੰਜ ਨੂੰ ਪ੍ਰਵਾਨ ਕਰਨ ਦਾ ਐਲਾਨ ਵੀ ਸੀ।
ਜਲਦੀ ਹੀ 500 ਜਵਾਨਾਂ ਦਾ ਸੈਨਿਕ ਜਥਾ ਬਣ ਗਿਆ। ਗੁਰੂ ਸਾਹਿਬ ਨੇ ਅੱਗੋ ਇਨ੍ਹਾਂ ਦੇ ਸੌ-ਸੌ ਦੇ ਪੰਜ ਜਥੇ ਬਣਾ ਕੇ ਭਾਈ ਬਿਧੀ ਚੰਦ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ ਤੇ ਭਾਈ ਲੰਗਾਹ ਜੀ ਨੂੰ ਇਕ-ਇਕ ਜਥੇ ਦਾ ਜਥੇਦਾਰ ਥਾਪਿਆ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕੀਤਾ ਜਾਣ ਲੱਗਾ। ਜਵਾਨਾਂ ਦੇ ਦੰਗਲ ਹੁੰਦੇ ਯੋਧਿਆਂ ਦੀ ਵਾਰਾਂ ਗਾਈਆਂ ਜਾਣ ਲੱਗੀਆਂ।ਦਰਬਾਰ ਵਿਚ ਸਿੱਖਾਂ ਦੇ ਮਸਲਿਆਂ ਦੇ ਫੈਸਲੇ ਕੀਤੇ ਜਾਣ ਲੱਗੇ। ਇਸ ਨਾਲ ਸਿੱਖਾਂ ਵਿਚ ਜਾਗ੍ਰਤੀ ਆਈ ਅਤੇ ਸੈਨਿਕ ਰੁਚੀਆਂ ਬਲਵਾਨ ਹੋਈਆਂ।ਹਕੂਮਤ ਦਾ ਸਤਾਇਆ ਜੋ ਆਦਮੀ ਪਾਤਸ਼ਾਹ ਜੀ ਦੀ ਸ਼ਰਨ ਵਿਚ ਆਉਂਦਾ ਉਹ ਉਨ੍ਹਾਂ ਦਾ ਮੁਰੀਦ ਬਣ ਜਾਂਦਾ।
ਗੁਰੂ ਸਾਹਿਬ ਜੀ ਸ਼ਾਹਾਨਾ, ਠਾਠ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਿਰਾਜਦੇ। ਗੁਰਗੱਦੀ ਉੱਤੇ ਬੈਠਣ ਦੇ ਪਹਿਲੇ ਪੰਜ ਵਰ੍ਹਿਆਂ ਵਿਚ ਹੀ ਆਪ ਦੀ ਸ਼ਕਤੀ ਅਤੇ ਸ਼ਾਨ ਦੀਆਂ ਦੂਰ-ਦੂਰ ਤੱਕ ਧੁੰਮਾਂ ਪੈ ਗਈਆਂ। ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਨਾਲ ਗੁਰੂ ਘਰ ਵਿਰੋਧੀਆਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਵੱਖ-ਵੱਖ ਸਮੇਂ ਤੇ ਲੜੀਆਂ ਚਾਰ ਜੰਗਾਂ ਵਿਚ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।
ਮੀਰੀ-ਪੀਰੀ ਦਿਵਸ ਹਰ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।ਇਸ ਪਾਵਨ ਦਿਵਸ ਤੇ ਆਓ, ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਸਿੱਖੀ ਸਿਧਾਂਤਾਂ ਦੇ ਧਾਰਣੀ ਬਣ ਕੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣੀਏ।

Diljit Singh Bedi

 

 

 

 
-ਦਿਲਜੀਤ ਸਿੰਘ ‘ਬੇਦੀ’
ਅੰਮ੍ਰਿਤਸਰ।
ਮੋ  98148 98570

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply