ਇੱਕ ਮਾਂ ਦੇ ਜਾਏ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਵੱਖਰੀ ਤਰਾਂ ਦਾ ਹੁੰਦਾ ਹੈ।ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ-ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁੱਲਿਆਂ ਨਹੀਂ ਸਮਾਉਦੀ।ਇਸੇ ਤਰਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ ਅੱਖਾਂ ’ਚੋਂ ਨਿਕਲ ਰਹੇ ਆਪ ਮੁਹਾਰੇ ਹੰਝੂ ਬਿਨਾਂ ਬੋਲਿਆਂ ਬਹੁਤ ਕੁੱਝ ਕਹਿ ਜਾਂਦੇ ਹਨ।ਹਰ ਇੱਕ ਭੈਣ ਨੂੰ ਹਰੇਕ ਸਾਲ ਇੱਕ ਵਿਸ਼ੇਸ਼ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਹੁੰਦਾ ਹੈ ਅਤੇ ਅੱਜ ਉਹ ਦਿਨ ਆ ਗਿਆ।ਇਸ ਦਿਨ ਭੈਣ ਬੜੇ ਹੀ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨਦੀ ਹੈ।ਇਸ ਦਿਨ ਸਹੁਰੇ ਘਰੋਂ ਆਉਣ ਵਾਲੀ ਭੈਣ ਦੀ ਉਡੀਕ ਪੇਕੇ ਘਰ ਵਿੱਚ ਬੇਸਬਰੀ ਨਾਲ ਕੀਤੀ ਜਾਂਦੀ ਹੈ।ਭੈਣਾਂ ਅਪਣੇ ਭਰਾਵਾਂ ਦੇ ਗੁੱਟ `ਤੇ ਰੱਖੜੀ ਬੰਨ ਕੇ ਪ੍ਰਮਾਤਮਾ ਪਾਸੋਂ ਆਪਣੇ ਭਰਾਵਾਂ ਲਈ ਲੰਬੀ ਉਮਰ ਦੀ ਕਾਮਨਾ ਕਰਦੀਆਂ ਥੱਕਦੀਆਂ ਨਹੀਂ ਅਤੇ ਭਰਾ ਵਲੋਂ ਭੈਣ ਨੂੰ ਆਦਰ ਸਤਿਕਾਰ ਨਾਲ ਪਿਆਰ ਭਰਿਆ ਭੈਣ ਦੇ ਮਨ-ਪਸੰਦ ਦਾ ਤੋਹਫਾ ਦਿੱਤਾ ਜਾਂਦਾ ਹੈ।ਸਾਰੇ ਪਰਿਵਾਰ ਵਲੋਂ ਭੈਣ ਭਰਾ ਦੇ ਪਿਆਰ ਦੀ ਝਲਕ ਨੰੂ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ।ਇਸ ਤਿਉਹਾਰ ਵਿੱਚੋ ਭੈਣ ਭਰਾ ਦੇ ਪਿਆਰ ਦੀ ਇੱਕ ਵਿਸ਼ੇਸ ਝਲਕ ਨਜ਼ਰ ਆਉਂਦੀ ਹੈ।ਇਸ ਮੌਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੁਸ਼ੀਆਂ ਭਰੇ ਮਹੌਲ ਨੂੰ ਵੇਖਦੇ ਹੋਏ ਫੁੱਲਿਆਂ ਨਹੀਂ ਸਮਾਉਂਦੇ।ਰੱਖੜੀ ਦਾ ਤਿਉਹਾਰ ਭੈਣ ਭਰਾ ਨੂੰ ਮਿਲਾਉਣ ਵਾਲਾ ਇੱਕੋ ਇੱਕ ਵਿਸ਼ੇਸ਼ ਤਿਉਹਾਰ ਮੰਨਿਆ ਜਾਂਦਾ ਹੈ।ਖਾਸ ਕਰਕੇ ਰੱਖੜੀ `ਤੇ ਭੈਣ ਭਰਾ ਦਾ ਰਿਸ਼ਤਾ ਇੱਕ ਮਿਸਾਲ ਬਣਦਾ ਹੈ।ਕਿਸੇ ਵੇਲੇ ਮਾੜੀ ਮੋਟੀ ਹੋਈ ਨੋਕ ਝੋਕ ਵੀ ਇਸ ਤਿਉਹਾਰ ਤੇ ਭੈਣ ਭਰਾ ਦੇ ਆਪਸੀ ਪਿਆਰ ਵਿੱਚ ਬਦਲ ਜਾਂਦੀ ਹੈ।
ਜਿਨਾਂ ਭੈਣਾਂ ਦੇ ਵੀਰ ਨਹੀ ਹੁੰਦੇ, ਇਸ ਦਿਨ ਉਨਾਂ ਦੀਆਂ ਅੱਖਾਂ ਵਿੱਚੋਂ ਨਿਕਲ ਰਹੇ ਆਪ ਮੁਹਾਰੇ ਅੱਥਰੂ ਨਹੀ ਸੁੱਕਦੇ ਅਤੇ ਉਹ ਰੱਬ ਨੂੰ ਉਲਾਂਭੇ ਦਿੰਦੀਆਂ ਵੀ ਥੱਕਦੀਆਂ ਨਹੀਂ, ਕਿ ਰੱਬਾ ਸਾਨੂੰ ਵੀ ਜੇ ਇੱਕ ਵੀਰ ਦੇ ਦਿੰਦਾ ਤਾਂ ਤੇਰੇ ਘਰ ਕਿਹੜਾ ਘਾਟਾ ਪੈ ਜਾਣਾ ਸੀ।ਜਿਸ ਭਰਾ ਦੇ ਭੈਣ ਨਹੀਂ ਹੁੁੰਦੀ ਉਹ ਵੀ ਇਸ ਦਿਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ।ਜੇਕਰ ਇਸ ਤਿਉਹਾਰ ਦੀ ਮਹੱਤਤਾ ਨੂੰ ਹਰੇਕ ਭਰਾ ਸਮਝੇ ਤਾਂ ਭਰੂਣ ਹੱਤਿਆ ਦਾ ਖਾਤਮਾ ਕਰਨਾ ਬੜਾ ਆਸਾਨ ਹੈ ਅਤੇ ਨਾ ਹੀ ਕੋਈ ਭਰਾ ਭੈਣ ਦੇ ਪਿਆਰ ਭਰੇ ਸਤਿਕਾਰ ਨਾਲ ਆਪਣੇ ਗੁੱਟ `ਤੇ ਰੱਖੜੀ ਤੋਂ ਵਾਝਾਂ ਰਹੇ।
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435