ਵਾਕਿਆ ਈ ਖਾਂਦੇ ਖ਼ਾਰ ਨੇ, ਕਈ ਵਿਰਸਾ ਪੜ ਪੜ ਲੋਕ।
ਆਖ਼ਣ ਗੱਲਾਂ ਇਹ ਪੁਰਾਣੀਆਂ, ਏਥੇ ਈ ਦੇਵੋ ਰੋਕ॥
ਅਗਾਂਹ ਵਧਣ ਵਾਲੀ ਗੱਲ ਕੋਈ, ਭੇਜੋ ਵਿੱਚ ਅਖ਼ਬਾਰ।
ਪੁਰਾਤਨ ਗੱਲਾਂ ਨੇ ਬੇਲੀਓ, ਨਹੀਓਂ ਲਾਉਣਾ ਪਾਰ॥
ਕਦੇ ਕਦੇ ਮੈਂ ਸੋਚਦੈਂ, ਤਰੱਕੀ ਕਹੀਏ ਕਿਸ?
ਅੰਤਾਂ ਦੀ ਮਹਿੰਗਾਈ ਦੇ ਵਿੱਚ, ਜੰਤਾ ਰਹੀ ਹੈ ਪਿਸ॥
ਖੁਦਕਸ਼ੀਆਂ ਦੇ ਰਾਹ ਪੈ ਗਿਆ, ਅਜੋਕਾ ਜੋ ਕਿਰਸਾਨ।
ਬਿਨ ਨਸ਼ਿਆਂ ਤੋਂ ਵਿੱਚ ਪੰਜਾਬ ਦੇ, ਵਿਰਲਾ ਕੋਈ ਜਵਾਨ॥
ਭਿ੍ਰਸ਼ਟਾਚਾਰੀ ਰਿਸ਼ਵਤਖ਼ੋਰੀ ਰਚੀ ਹੱਡਾਂ ਵਿਚਕਾਰ।
ਹੈ ਮਾਈ ਦਾ ਲਾਲ ਕੋਈ, ਜੋ ਕੱਢੇ ਇਸ ਚੋਂ ਬਾਹਰ ?
ਸ਼ਰੇਆਮ ਧੀ ਭੈਣ ਦੀ ਇੱਜ਼ਤ, ਰੁਲਦੀ ਵਿੱਚ ਬਜ਼ਾਰ।
ਜੋ ਕੋਸਿਸ਼ ਕਰੇ ਬਚਾਉਣ ਦੀ ਝੱਟ ਲੰਘਾਉਂਦੇ ਪਾਰ॥
ਗੁੰਡਾਗਰਦੀ ਫ਼ਲਦੀ ਫੁਲਦੀ, ਲੈ ਸਰਕਾਰੀ ਸ਼ਹਿ।
ਵੱਢੀ ਉਤਾਂਹ ਤੱਕ ਚਲਦੀ, ਬਿਲਕੁੱਲ ਗੱਲ ਇਹ ਤਹਿ॥
ਨਸ਼ੇ ਜਵਾਨੀ ਚੁੂੰਡ ਗਏ, ਛੱਡਿਆ ਪੱਲੇ ਨਾ ਕੱਖ।
ਸਦੀ ਇੱਕੀਵੀਂ ਕਰੀ ਤਰੱਕੀ, ਵੇਖ ਲਓ ਪ੍ਰਤੱਖ॥
ਦੁੱਧ ਪੁੱਤ ਕਾਨੂੰਨ ਵੀ ਵਿਕਦੈ, ਇੱਜ਼ਤ ਹੋਵੇ ਨਿਲਾਮ।
ਵਿਰਲਾ ਹੈ ਇਮਾਨਦਾਰ ਕੋਈ, ਬਹੁਤੇ ਨੰਗੇ ਵਿੱਚ ਹਮਾਮ॥
ਪੁਰਾਤਨ ਸਮੇਂ ਤੇ ਮਾਰੀਏ, ਜੇ ਚੱਲਵੀਂ ਜਿਹੀ ਇਕ ਝਾਤ।
ਦੱਸੋ ਮਾੜੇ ਸੀ ਜਾਂ ਚੰਗੇ ਸਮੇਂ ਉਹ, ਪਾਈ ਜੋ ਮੈਂ ਬਾਤ?
ਕੀ ਇਹੀ ਤਰੱਕੀ ਦੋਸਤੋ, ਕਰੋਂ ਖ਼ਾਂ ਜਰਾ ਵਿਚਾਰ?
‘ਦੱਦਾਹੂਰੀਏ ਗ਼ਲਤ ਜੇ ਲਿਖਿਆ, ਮੁਆਫ਼ੀ ਮੰਗੂ ਸ਼ਰੇ ਬਜ਼ਾਰ॥
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ- 94176-22046