ਖ਼ਾਲਸਾ ਕਾਲਜ ਵਿਖੇ ਭਰੂਣ ਹੱਤਿਆ ਬਾਰੇ ਸੈਮੀਨਾਰ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਭਰੂਣ ਹੱਤਿਆ’ ਵਿਸ਼ੇ ’ਤੇ ਯੂੀ.ਜੀ.ਸੀ ਵਲੋਂ ਸਹਾਇਤਾ ਪ੍ਰਾਪਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ’ਚ ਉੱਘੇ ਸਮਾਜ ਸੇਵਕ ਅਤੇ ਸਰਪ੍ਰਸਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਤੋਂ ਮੁੱਖ ਮਹਿਮਾਨ ਵਜੋਂ ਡਾ. ਇੰਦਰਜੀਤ ਕੌਰ ਨੇ ਸ਼ਿਰਕਤ ਕਰਦਿਆਂ ਆਪਣੇ ਭਾਸ਼ਣ ’ਚ ਕਿਹਾ ਕਿ ਭਰੂਣ ਹੱਤਿਆ ਨੂੰ ਖ਼ਤਮ ਕਰਨ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਅਪਨਾਉਣਾ ਪਵੇਗਾ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਪੜ੍ਹਾਈ-ਲਿਖਾਈ ਵੱਧ ਰਹੀ ਹੈ ਪਰ ਨੈਤਿਕ ਕਦਰਾਂ-ਕੀਮਤਾਂ ਘੱਟਦੀਆਂ ਜਾ ਰਹੀਆਂ ਹਨ। ਭਰੂਣ ਹੱਤਿਆ ਨੂੰ ਰੋਕਣ ਲਈ ਨੈਤਿਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਸਮਾਜਿਕ ਜਾਗ੍ਰਿਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧੀਆਂ ਮਾਪਿਆਂ ਦਾ ਸਾਥ ਕਬਰਾਂ ਤੱਕ ਨਿਭਾਉਦੀਆਂ ਹਨ।
ਡਾ. ਇੰਦਰਜੀਤ ਕੌਰ ਨੇ ਅੱਗੇ ਕਿਹਾ ਕਿ ਕਾਨੂੰਨ ਬਣਾਉਣ ਨਾਲ ਭਰੂਣ ਹੱਤਿਆ ਖ਼ਤਮ ਨਹੀਂ ਹੋਵੇਗੀ, ਸਗੋਂ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ।ਇਸੇ ਨਰੋਈ ਸੋਚ ਨਾਲ ਨਰੋਆ ਸਮਾਜ ਉਸਰੇਗਾ ਜਿਸ ’ਚ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਲਈ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਕਦੇ ਵੀ ਲਾਲਚ ਨਾ ਕਰਨ, ਦਾਜ ਨਾ ਮੰਗਣ ਅਤੇ ਭਰੂਣ ਹੱਤਿਆ ਤੋਂ ਦੂਰ ਰਹਿਣ ਦਾ ਪ੍ਰਣ ਕਰਨ ਦਾ ਸੱਦਾ ਦਿੱਤਾ।
ਡਾ. ਸਵਿਤਾ ਸ਼ਰਮਾ, ਸਰਕਾਰੀ ਮੈਡੀਕਲ ਕਾਲਜ, ਉੱਘੇ ਸਮਾਜ ਸੇਵਕ ਸ੍ਰੀ ਦੀਪਕ ਬੱਬਰ ਬੁਲਾਰਿਆਂ ਨੇ ਆਪਣੇ-ਆਪਣੇ ਭਾਸ਼ਣ ’ਚ ਧੀਆਂ ਸਬੰਧੀ ਜਾਗ੍ਰਿਤ ਕਰਦਿਆਂ ਉਚੀ ਸੋਚ ਨੂੰ ਉਜਾਗਰ ਕਰਨ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਅਣਜਨਮੀ ਬੱਚੀ ਦਾ ਕੁੱਖ ’ਚ ਕਤਲ ਲੜਕੀ ਦੇ ਸੁਪਨਿਆਂ, ਉਸ ਦੇ ਆਤਮ-ਵਿਸ਼ਵਾਸ, ਬਾਪ ਦੇ ਗਰੂਰ, ਬਜੁਰਗਾਂ ਦੇ ਵੁਡੱਪਣ, ਡਾਕਟਰਾਂ ਦੇ ਈਮਾਨ ਦਾ ਇਕੋ ਵੇਲੇ ਕਤਲ ਹੈ।ਉਨ੍ਹਾਂ ਕਿਹਾ ਕਿ ਸਾਨੂੰ ਮੁੰਡੇ ਪੈਦਾ ਹੋਣ ਦੀ ਅਸੀਸ ਦੇਣ ਦੀ ਬਜਾਏ ਤੰਦਰੁਸਤ ਹੱਸਦੇ-ਖੇਡਦੇ ਬੱਚੇ ਦੀ ਅਸੀਸ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਪ੍ਰਮਾਤਮਾ ਦੀ ਵੱਡੀ ਬਖਸ਼ਿਸ਼ ਅਤੇ ਆਸ਼ੀਰਵਾਦ ਹਨ।
ਕਾਮਰਸ ਵਿਭਾਗ ਦੀ ਪ੍ਰੋਫੈਸਰ ਆਂਚਲ ਅਰੋੜਾ ਨੇ ਭਰੂਣ ਹੱਤਿਆ ਨਾਲ ਸਬੰਧਿਤ ਨਜ਼ਮ ‘ਸੋਚ ਦੀ ਦਹਿਲੀਜ਼ ਤੇ’ ਪੇਸ਼ ਕੀਤੀ।ਜਦਕਿ ਮੰਚ ਸੰਚਾਲਨ ਡਾ. ਸਵਰਾਜ ਕੌਰ ਅਤੇ ਮਹਿਮਾਨਾਂ ਦਾ ਧੰਨਵਾਦ ਡਾ. ਪਰਮਿੰਦਰ ਸਿੰਘ ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਅਤੇ ਬੁਲਾਰਿਆਂ ਦਰਮਿਆਨ ਵਿਚਾਰ-ਵਟਾਂਦਰਾ ਵੀ ਹੋਇਆ।ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਮੀਨ ਬੇਦੀ, ਡਾ. ਜੇ.ਐਸ. ਅਰੋੜਾ, ਪ੍ਰੋ. ਨਵਨੀਨ ਬਾਵਾ, ਡਾ. ਦਵਿੰਦਰ ਕੌਰ, ਪ੍ਰੋ. ਅਨੁਪਮ ਸੰਧੂ, ਪ੍ਰੋ: ਮਲਕਿੰਦਰ ਸਿੰਘ, ਡਾ. ਕੁਲਦੀਪ ਸਿੰਘ, ਪ੍ਰੋ. ਜਸਜੀਤ ਕੌਰ ਰੰਧਾਵਾ, ਡਾ. ਐਮ.ਐਸ. ਬੱਤਰਾ, ਡਾ. ਤਮਿੰਦਰ ਭਾਟੀਆ, ਪ੍ਰੋ. ਦਵਿੰਦਰ ਸਿੰਘ, ਡਾ. ਨਵਜੋਤ ਕੌਰ, ਪ੍ਰੋ. ਵਿਜੇ ਬਰਨਾਡ, ਡਾ. ਅਮਿਤ, ਡਾ. ਅਜੇ ਸਹਿਗਲ ਆਦਿ ਹਾਜ਼ਰ ਸਨ।