ਧੂਰੀ, 13 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਅਣਥੱਕ ਯਤਨਾਂ ਸਦਕਾ ਧੂਰੀ-ਸੰਗਰੂਰ ਮੁੱਖ ਮਾਰਗ `ਤੇ ਸਥਿਤ ਟੋਲ ਪਲਾਜ਼ੇ ਦੇ ਨਜ਼ਦੀਕ ਰਜਵਾਹੇ ਦੇ ਨਾਲ-ਨਾਲ ਕੱਚੇ ਰਸਤੇ ਨੂੰ ਪੱਕੀ ਸੜਕ ਦਾ ਰੂਪ ਦਿੱਤੇ ਜਾਣ ਮਗਰੋਂ ਜਿੱਥੇ ਲੋਕਾਂ ਨੂੰ ਟੋਲ ਤੋਂ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਇਸ ਗੱਲ ਨੂੰ ਲੈ ਕੇ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।ਇਸ ਸਬੰਧੀ ਟੋਲ ਪਲਾਜ਼ੇ ਦੇ ਪ੍ਰਬੰਧਕ ਅਜੈ ਪ੍ਰਤਾਪ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਨੰੁ ਸਰਕਾਰ ਨਾਲ ਹੋਏ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਦੱਸਿਆ ਹੈ।ਉਹਨਾਂ ਕਿਹਾ ਕਿ ਰਜਵਾਹੇ ਨਾਲ ਬਣੀ ਇਸ ਪੱਕੀ ਸੜਕ ਕਾਰਨ ਉਹਨਾਂ ਨੂੰ ਰੋਜ਼ਾਨਾ ਲੱਖਾਂ ਰੂਪਿਆਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਉਹ ਆਪਣੇ ਹੱਕ ਦੀ ਲੜਾਈ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਕਾਨੂੰਨ ਦਾ ਹਰ ਦਰਵਾਜ਼ਾ ਖੜਕਾਉਣਗੇ।
ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਅਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਟੋਲ ਪਲਾਜ਼ਾ ਹਟਾਉਣ ਲਈ ਲੰਮਾਂ ਸੰਘਰਸ਼ ਵਿੱਢਿਆ ਗਿਆ ਸੀ, ਪ੍ਰੰਤੂ ਇਸ ਦੇ ਬਾਵਜੂਦ ਅਕਾਲੀ-ਭਾਜਪਾ ਸਰਕਾਰ ਵੱਲੋਂ ਟੋਲ ਪਲਾਜ਼ਾ ਲਗਾ ਕੇ ਲੋਕਾਂ ਨੂੰ ਜੇਬ ਢਿੱਲੀ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਹੁਣ ਹਲਕਾ ਵਿਧਾਇਕ ਵੱਲੋਂ ਲੜੀ ਗਈ ਲੰਬੀ ਲੜਾਈ ਦੇ ਚੱਲਦਿਆਂ ਵਿੱਢੇ ਸੰਘਰਸ਼ ਨੂੰ ਬੂਰ ਪਿਆ ਜਾਪਦਾ ਹੈ ਅਤੇ ਇਹ ਸੜਕ ਬਣਨ ਨਾਲ ਹੁਣ ਜ਼ਿਆਦਾਤਰ ਛੋਟੇ ਵਾਹਨ ਬਿਨਾਂ ਕੋਈ ਟੋਲ ਦਿੱਤੇ ਇਸ ਰਸਤਿਓਂ ਆਪਣੇ ਮੁਕਾਮ `ਤੇ ਪਹੁੰਚ ਸਕਦੇ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …