ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਿੰਡ ਜਖਵਡ ਵਿਚੋਂ ਲਏ ਮਿਟੀ ਦੇ ਨਮੂਨੇ
ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਜੀਤ ਸਿੰਘ ਧੰਜੂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2018-19 ਦੌਰਾਨ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਪਰਖ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਜਖਵਡ ਵਿੱਚੋਂ ਮਿੱਟੀ ਦੇ ਨਮੂਨੇ ਇਕੱਤਰ ਕੀਤੇ ਗਏ।ਇਸ ਮੌਕੇ ਡਾ. ਅਮਰੀਕ ਸਿੰਘ ਭੌਂਅ ਪਰਖ ਅਫਸਰ, ਸੁਖਜਿੰਦਰ ਸਿੰਘ ਸਹਾਇਕ ਟੈਕਨਾਲੋਜੀ ਮੈਨੇਜ਼ਰ, ਸੁਭਾਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਪਿਛਲੇ ਸਾਲ 12729 ਮਿੱਟੀ ਦੇ ਨਮੂਨੇ ਇਕੱਤਰ ਕੀਤੇ ਗਏ ਸਨ, ਜਿੰਨਾਂ ਦੀ ਪਰਖ ਦਾ ਕੰਮ ਚੱਲ ਰਿਹਾ ਹੈ ਅਤੇ ਬਹੁਤ ਜਲਦ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਮੁਹੱਈਆ ਕਰਵਾ ਦਿੱਤੇ ਜਾਣਗੇ।ਉਨਾਂ ਦੱਸਿਆ ਕਿ ਇਸ ਸਾਲ ਮਿੱਟੀ ਦੇ ਨਮੂਨੇ ਲੈਣ ਦਾ ਟੀਚਾ 6022 ਮਿਥਿਆ ਗਿਆ ਹੈ।ਉਨਾਂ ਦੱਸਿਆ ਕਿ ਹੁਣ ਤੱਕ 1534 ਮਿੱਟੀ ਦੇ ਨਮੂਨੇ ਇਕੱਤਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ 30 ਜੂਨ ਤੱਕ ਇਕੱਤਰ ਕਰ ਲਏ ਜਾਣਗੇ।ਉਨਾਂ ਦੱਸਿਆ ਕਿ ਮਿੱਟੀ ਸਿਹਤ ਕਾਰਡ ਜਾਰੀ ਕਰਨ ਲਈ ਕਿਸਾਨ ਦਾ ਆਧਾਰ ਕਾਰਡ ਹੋਣਾ ਜ਼ਰੂਰੀ ਹੈ।ਉਨਾਂ ਕਿਸਾਨਾਂ ਨੂੰ ਅਪੀਲ਼ ਕੀਤੀ ਕਿ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ /ਕਰਮਚਾਰੀ ਜਦੋਂ ਮਿੱਟੀ ਦੇ ਨਮੂਨੇ ਲੈਣ ਸਮੇਂ ਆਧਾਰ ਕਾਰਡ ਦੀ ਮੰਗ ਕਰਨ ਤਾਂ ਜ਼ਰੂਰ ਮੁਹੱਈਆ ਕਰਵਾਏ ਜਾਣ ਤਾਂ ਜੋ ਮਿੱਟੀ ਸਿਹਤ ਕਾਰਡ ਜਾਰੀ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।ਉਨਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਖੇਤਾਂ ਦੀ ਮਿੱਟੀ ਦੇ ਨਮੂਨੇ ਲੈਣ `ਚ ਸਹਿਯੋਗ ਕਰਨ ਦੀ ਅਪੀਲ ਕੀਤੀ।ਉਨਾਂ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਮਿਥੇ ਸਮੇਂ ਵਿੱਚ ਟੀਚੇ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।ਉਨਾਂ ਕਿਹਾ ਕਿ ਭੋਂਅ ਸਿਹਤ ਕਾਰਡ ਦੇ ਆਧਾਰ `ਤੇ ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਉਪਜ ਵਿੱਚ ਵਾਧਾ, ਕਲਰਾਠੀਆਂ ਜਮੀਨਾਂ ਵਿੱਚ ਸੁਧਾਰ ਅਤੇ ਭੂਮੀ ਦੀ ਉਪਜਾਊ ਸ਼ਕਤੀ `ਚ ਵਾਧਾ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਮਿੱਟੀ ਪਰਖ ਕਰਵਾਉਣ ਨਾਲ ਫਸਲਾਂ ਦੀ ਸਹੀ ਚੋਣ ਕਰਨ ਵਿੱਚ ਮਦਦ ਵੀ ਮਿਲਦੀ ਹੈ।