ਬਠਿੰਡਾ, 5 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ‘ਚ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ।ਜਿਸ ਦੌਰਾਨ ਯੂਨੀਅਨ ਪ੍ਰਧਾਨ ਨੇ ਆਖਿਆ ਕਿ ਉਹ ਪਿਛਲੇ 10 ਸਾਲ ਤੋਂ ਠੇਕੇ ਅਧਾਰ ‘ਤੇ ਪੇਂਡੂ ਅਤੇ ਪੰਚਾਇਤ ਵਿਭਾਗ ‘ਚ ਨੌਕਰੀ ਕਰ ਰਹੇ ਹਨ ਅਤੇ 10 ਸਾਲਾਂ ਦੌਰਾਨ ਨਾ ਮਾਤਰ ਤਨਖਾਹਾਂ ਦੇ ਕੇ ਚਾਰ ਚਾਰ ਮੁਲਾਜ਼ਮਾਂ ਦਾ ਕੰਮ ਲਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਤੱਕ ਨਾ ਤਾਂ ਕਿਸੇ ਮੁਲਾਜ਼ਮ ਦਾ ਈ.ਪੀ.ਐਫ ਕੱਟਿਆ ਗਿਆ ਅਤੇ ਨਾ ਹੀ ਕਿਸੇ ਮੁਲਾਜ਼ਮ ਨਾਲ ਡਿਊਟੀ ਦੌਰਾਨ ਕੋਈ ਹਾਦਸਾ ਹੋਣ ‘ਤੇ ਇਲਾਜ਼ ਦਾ ਕੋਈ ਪੈਸਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਗਿਆ, ਜਿਸ ਦੇ ਚੱਲਦਿਆਂ ਵਿਧਾਨ ਸਭਾ ‘ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕਾਨੂੰਨ ਪਾਸ ਕੀਤਾ ਗਿਆ।ਪਰ ਅੱਜ ਦੀ ਕੈਪਟਨ ਸਰਕਾਰ ਇਸ ਕਾਨੂੰਨ ‘ਚ ਸੋਧਾਂ ਕਰਕੇ ਲਾਗੂ ਕਰਨ ਦੇ ਬਹਾਨੇ ਲਗਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੌਕਰੀ ਹੀ ਨਹੀਂ ਦੇ ਰਹੀ, ਜੇ ਦੇ ਰਹੀ ਤਾਂ ਮਾਮੂਲੀ ਤਨਖਾਹਾਂ ‘ਤੇ ਠੇਕੇਦਾਰੀ ਸਿਸਟਮ ‘ਚ ਫਸਾ ਦਿੱਤਾ ਜਾਂਦਾ ਹੈ, ਜਿਸ ਕਰ ਕੇ ਨੌਜਵਾਨ ਨਾ ਤਾਂ ਨੌਕਰੀ ਛੱਡ ਸਕਦੇ ਹਨ ਅਤੇ ਨਾ ਹੀ ਇੰਨ੍ਹਾਂ ਦੀਆਂ ਦਿੱਤੀਆਂ ਤਨਖਾਹਾਂ ਨਾਲ ਗੁਜ਼ਾਰਾ ਹੋ ਰਿਹਾ ਹੈ। ਪਿਛਲੇ ਕਈ ਮਹਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਨਰੇਗਾ ਮੁਲਾਜ਼ਮਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਨਰੇਗਾ ਕੰਮਾਂ ਦਾ ਸ਼ੋਸਲ ਆਡਿਟ ਵਿਭਾਗ ਵਲੋਂ ਗੈਰ ਜਿੰਮੇਵਾਰ ਵਿਅਕਤੀਆਂ ਤੋਂ ਕਰਵਾਇਆ ਜਾ ਰਿਹਾ ਹੈ, ਪਰ ਨਰੇਗਾ ਕੰਮਾਂ ਦਾ ਪੂਰਾ ਅਧਿਕਾਰ ਅੱਜ ਤੱਕ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ, ਜਿਸ ਦਾ ਪੂਰਨ ਅਧਿਕਾਰ ਨਾ ਮਿਲਣ ਤੱਕ ਉਨ੍ਹਾਂ ਵੱਲੋਂ ਬਾਈਕਾਟ ਕੀਤਾ ਹੋਇਆ ਹੈ, ਪਰ ਸੋਸ਼ਲ ਆਡਿਟ ਕਾਰਕੁੰਨ ਨਰੇਗਾ ਮੁਲਾਜ਼ਮਾਂ ਖਿਲਾਫ ਬਿਆਨ ਦੇ ਰਹੇ ਹਨ, ਜਿਸ ਦੇ ਚਲਦਿਆਂ ਉਹ ਪਿੰਡਾਂ ‘ਚ ਜਾ ਕੇ ਮੁਲਾਜ਼ਮਾਂ ਅਤੇ ਪੰਚਾਇਤਾਂ ਖਿਲਾਫ ਭੜਕਾ ਰਹੇ ਹਨ, ਜਦਕਿ ਆਡਿਟ ਟੀਮਾਂ ਕੋਲ ਸਿਰਫ ਆਡਿਟ ਕਰਨ ਦਾ ਅਧਿਕਾਰ ਹੈ।ਆਗੂਆਂ ਨੇ ਕਿਹਾ ਕਿ ਫਾਜ਼ਿਲਕਾ ਦੇ ਨੋਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਲਈ ਫਾਜ਼ਿਲਕਾ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪ੍ਰਸਾਸ਼ਨ ਵੱਲੋਂ ਅੱਜ ਤੱਕ ਕੋਈ ਸਾਥੀ ਬਹਾਲ ਨਹੀਂ ਕੀਤਾ ਗਿਆ।ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਕਤ ਮੁਲਾਜ਼ਮਾਂ ਨੂੰ ਬਹਾਲ ਕਰਾਉਣ ਅਤੇ ਮੰਗਾਂ ਦੀ ਪੂਰਤੀ ਲਈ ਪੰਜਾਬ ਪੱਧਰ ‘ਤੇ ਨਰੇਗਾ ਦਾ ਕੰਮ ਬੰਦ ਕਰਕੇ ਉਨ੍ਹਾਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਅਮਰੀਕ ਸਿੰਘ, ਮਨਸੇ ਖਾਂ, ਸੰਜੀਵ ਕੁਮਾਰ, ਰਣਧੀਰ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …