ਖੇਡੋ ਪੰਜਾਬ ਮਿਸ਼ਨ ਅਤੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਭੀਖੀ, 9 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਸੂਬੇ ਵਿੱਚ ਨਵੀਂ ਖੇਡ ਨੀਤੀ ਤਿਆਰ ਕਰ ਰਹੀ ਹੈ। ਜਿਸ ਨਾਲ ਖਿਡਾਰੀਆਂ ਨੂੰ ਕੋਚਿੰਗ, ਖਾਣਾ, ਨਕਦ ਰਾਸ਼ੀ ਇਨਾਮ ਅਤੇ ਵਿਸ਼ੇਸ਼ ਕੋਟੇ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।ਨੇੜਲੇ ਪਿੰਡ ਢੈਪਈ ਵਿਖੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ।ਉਨਾਂ ਕਿਹਾ ਕਿ ਚੰਗੇ ਖੇਡਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੌਕਰੀਆਂ ਦੇਣ ਤੋਂ ਇਲਾਵਾ ਉਨਾਂ ਦੀ ਖੁਰਾਕ ਆਦਿ ਸੁਵਿਧਾਵਾਂ ਦਾ ਧਿਆਨ ਵੀ ਰੱਖਿਆ ਜਾਵੇਗਾ।
ਨਸ਼ਿਆਂ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ’ਤੇ ਕਾਬੂ ਪਾਉਣ ਲਈ ਵਚਨਵੱਧ ਹੈ।ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖ਼ਸਿਆ ਨਹੀਂ ਜਾਵੇਗਾ।ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਹਰ ਤਰਾਂ ਦੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਤੇ ਨਸ਼ੇ ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਪਿਛਲੀ ਅਕਾਲੀ ਭਾਜਪਾਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਚੰਗੀ ਖੇਡ ਨੀਤੀ ਨੂੰ ਨਹੀਂ ਅਪਨਾਇਆ ਜਿਸ ਕਾਰਨ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਜਾਣ ਲਈ ਮਜ਼ਬੂਰ ਹੋਏ। ਭਵਿੱਖ ਵਿੱਚ ਨਵੀਂ ਖੇਡ ਪਾਲਿਸੀ ਵਿੱਚ ਹਾਕੀ, ਐਥਲੈਟਿਕ, ਰੇਂਜ ਸ਼ੂਟਿੰਗ, ਕਬੱਡੀ, ਬਾਕਸਿੰਗ, ਲਾਅਨ ਟੈਨਿਸ, ਰੈਸਲਿੰਗ, ਫੁੱਟਬਾਲ ਅਤੇ ਸਵੀਮਿੰਗ ਪੂਲ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪਿੰਡਾਂ ਵਿੱਚ ਅਲੋਪ ਹੁੰਦੇ ਜਾ ਰਹੇ ਖੇਡਟੂਰਨਾਮੈਂਟਾਂ ਦੁਬਾਰਾ ਚਲਾਉਣ ਲਈ ਜ਼ਿਲਾ ਖੇਡ ਅਫ਼ਸਰਾਂ ਨੂੰ ਸੂਚਿਤ ਕੀਤਾ ਗਿਆ ਹੈ ਤਾਂ ਕਿ ਬੱਚੇ ਸ਼ੁਰੂ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਹੋ ਸਕਣ।ਉਨਾਂ ਇਸ ਮੌਕੇ ਪਿੰਡ ਢੈਪਈ ਦੇ ਖੇਡ ਸਟੇਡੀਅਮ ਅਤੇ ਸਕੂਲ ਨੂੰ ਵੀ ਅਪਗ੍ਰੇਡ ਕਰਨ ਦਾ ਐਲਾਨ ਕੀਤਾ।ਜ਼ਿਲਾ ਮਾਨਸਾ ਦੀਆਂ ਅੰਤਰਰਾਸ਼ਟਰੀ ਕਰਾਟੇ ਖਿਡਾਰਨਾਂ ਨੂੰ ਪਹਿਲ ਦੇ ਅਧਾਰ `ਤੇ ਨੌਕਰੀ ਦੇਣ ਦਾ ਐਲਾਨ ਕੀਤਾ। ਸੀਨੀਅਰ ਕਾਂਗਰਸੀ ਆਗੂ ਰਾਮਪਾਲ ਢੈਪਈ ਵਲੋਂ ਖੇਡ ਮੰਤਰੀ ਸੋਢੀ ਨੂੰ ਆਪਣੇ ਜੱਦੀ ਪਿੰਡ ਪਹੁੰਚਣ ਲਈ ਸੁਆਗਤ ਕਰਨ ਉਪਰੰਤ ਧੰਨਵਾਦ ਕੀਤਾ। ਇਸ ਦੌਰਾਨ ਨਹਿਰੂ ਯੁਵਾ ਕੇਂਦਰ ਵੱਲੋਂ ਖੂਨਦਾਨ ਕੈਂਪ ਲਗਾਇਆ, ਜੰਗਲਾਤ ਵਿਭਾਗ ਵੱਲੋਂ ਆਯੁਰਵੈਦਿਕ ਪੌਦੇ ਵੰਡੇ ਗਏ।ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਸਕੂਲ ਵਿੱਚ ਖੋਲੀ ਗਈ ਪੁਸਤਕ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਡੀ.ਸੀ ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, ਐਸ.ਐਸ.ਪੀ ਪਰਮਬੀਰ ਸਿੰਘ ਪਰਮਾਰ, ਐਸ.ਡੀ.ਐਮ ਅਭੀਜੀਤ ਕਪਲਿਸ਼, ਜ਼ਿਲਾ ਕਾਂਗਰਸ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਕਾਂਗਰਸੀ ਆਗੂ ਡਾ. ਮਨੋਜ ਬਾਂਸਲ, ਗੁਰਪ੍ਰੀਤ ਕੌਰ ਗਾਗੋਵਾਲ, ਪ੍ਰਧਾਨ ਵਿਨੋਦ ਸਿੰਗਲਾ, ਸੰਦੀਪ ਮਹਿਤਾ, ਸੰਦੀਪ ਘੰਢ ਪ੍ਰਬੰਧਕ ਨਹਿਰੂ ਯੁਵਾ ਕੇਂਦਰ, ਕੋਆਡੀਨੇਟਰ ਪਰਮਜੀਤ ਕੌਰ, ਹਰਦੀਪ ਸਿੱਧੂ, ਹਰਿੰਦਰ ਮਾਨਸਾਹੀਆ, ਸਰਪੰਚ ਧਨਜੀਤ ਸਿੰਘ, ਮੱਖਣ ਸਿੰਘ ਪੰਚ, ਡਾ. ਰਾਮਪਾਲ, ਐਡਵੋਕੇਟ ਉਮਰਿੰਦਰ ਸਿੰਘ ਚਹਿਲ, ਐਡਵੋਕੇਟ ਰਵਿੰਦਰ ਸਿੰਘ ਢੈਪਈ, ਭੁਪਿੰਦਰ ਤੱਗੜ, ਲਖਵਿੰਦਰ ਲਖਨਪਾਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਅਧਿਆਪਕ ਅਤੇ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।