ਜੰਡਿਆਲਾ, 5 ਜਨਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਬਲਾਕ ਰਈਆ ਅਧੀਨ ਪੈਂਦੇ ਪਿੰਡ ਬਿਆਸ ਵਿਖੇ ਬੇਟੀ ਬਚਾਓ ਬੇਟੀ ਪੜਾਓ ਮੈਗਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੈਗਾ ਕੈਂਪ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਅੰਮ੍ਰਿਤਸਰ ਪੰਜਾਬ ਦੇ ਉਨਾਂ ਜਿਲਿਆਂ ਵਿੱਚ ਲੜਕੀਆਂ ਦਾ ਲਿੰਗ ਅਨੁਪਾਤ 900 ਤੋਂ ਘੱਟ ਹੈ ਜੋ ਕਿ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਦੱਸਿਆ ਕਿ ਇਕ ਚੰਗੇ ਸਮਾਜ ਵਿੱਚ ਰੁੱਖ ਅਤੇ ਧੀਅ ਹੀ ਸਮਾਜ ਦੀ ਨੀਂਹ ਹਨ।ਉਨ੍ਹਾਂ ਨੇ ਦੱਸਿਆ ਕਿ ਅੱਜ ਦੀਆਂ ਲੜਕੀਆਂ ਕਿਸੇ ਵੀ ਕੰਮ ਵਿੱਚੋਂ ਲੜਕਿਆਂ ਤੋਂ ਘੱਟ ਨਹੀਂ ਹਨ ਅਤੇ ਸਿਖਿਆ ਦੇ ਖੇਤਰ ਵਿੱਚ ਵੀ ਲੜਕੀਆਂ ਪਿਛੇ ਨਹੀਂ ਹਨ।ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਵਜੰਮੀਆਂ ਲੜਕੀਆਂ ਦੀ ਨੇਮ ਪਲੇਟ, ਉਨ੍ਹਾਂ ਦੇ ਮਾਤਾ ਪਿਤਾ ਨੂੰ ਸਰਟੀਫਿਕੇਟ ਅਤੇ ਆਪਣੇ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੀਆਂ 3 ਲੜਕੀਆਂ ਨੂੰ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਗਿਆ।ਉਨ੍ਹਾਂ ਵੱਲੋਂ ਪੌਦਾ ਲਗਾ ਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਕਾਸ਼ ਪੁਰਬ ਨੂੰਸਮਰਪਿਤ ਹਰ ਪਿੰਡ ਵਿੱਚ 550 ਪੌਦੇ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਗਈ।
ਕੈਂਪ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਜਾਗਰੂਕਤਾ ਰੈਲੀ ਕੱਢਣ ਦੇ ਨਾਲ ਨਾਲ ਇਕ ਨਾਟਕ ਵੀ ਖੇਡਿਆ ਗਿਆ ਅਤੇ ਜਾਗੋ ਵੀ ਕੱਢੀ ਗਈ।ਜਿਲ੍ਹਾ ਪ੍ਰਸਾਸ਼ਨ ਵੱਲੋਂ ਬੱਚਿਆਂ ਨੂੰ 1100 ਰੁਪਏ ਦੀ ਨਕਦ ਰਾਸ਼ੀ ਦੇ ਕੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ।ਇਸ ਤੋਂ ਇਲਾਵਾ ਇਸ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਜਿਵੇਂ ਕਿ ਸਿਹਤ ਵਿਭਾਗ, ਮਨਰੇਗਾ, ਸਿਖਿਆ, ਕਾਨੂੰਨੀ ਸੇਵਾਵਾਂ, ਸਪੈਸ਼ਲ ਵੂਮੈਨ ਸੈਲ, ਸਕਿੱਲ ਡਿਵੈਲਪਮੈਂਟ ਦੇ ਨੁਮਾਇੰਦਿਆਂ ਵੱਲੋਂ ਸਬੰਧਤ ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਵਾਇਆ ਗਿਆ।
ਇਸ ਮੌਕੇ ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਸੀ.ਡੀ.ਪੀ.ਓ ਰਈਆ ਖੁਸ਼ਮੀਤ ਕੌਰ, ਤਹਿਸੀਲਦਾਰ ਸੁਖਵਿੰਦਰ ਸਿੰਘ, ਸੀ.ਡੀ.ਪੀ.ਓ ਕਮਲਜੀਤ ਕੌਰ, ਮੀਨਾ ਦੇਵੀ, ਸ੍ਰੀਮਤੀ ਮੀਨਾ, ਡਾਕਟਰ ਅਨਿਲ, ਮਿਸ ਨਵਨੀਤ ਕੋਰ ਤੋਂ ਇਲਾਵਾ ਪਿੰਡ ਬਿਆਸ ਦੇ ਆਂਗਨਵਾੜੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਮੁਹਿੰਮ ਵਿੱਚ ਲੋਕਾਂ ਨੂੰ ਜੋੜਣ ਲਈ ਬਲਾਕ ਰਈਆ ਦੇ ਵੱਖ-ਵੱਖ ਪਿੰਡਾਂ ਵਿੱਚ 18 ਮੈਗਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …