10 ਦਿਨਾਂ ਦੀ ਲੰਦਨ ਯਾਤਰਾ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਇਥੋਪੀਅਨ ਏਅਰਲਾਈਨਜ਼ ਦੀ ਫਲਾਇਟ ਰਾਤ ਦੇ 2.30 ਚੱਲ ਕੇ ਸਾਊਥ ਅਫਰੀਕਾ ਹੁੰਦੀ ਹੋਈ ਸ਼ਾਮ 7.30 ਵਜੇ ਲੰਡਨ ਹੀਥਰੋ ਏਅਰਪੋਰਟ `ਤੇ ਲੈਂਡ ਹੋਈ।
ਇੰਗਲੈਂਡ ਦੇ ਲੰਡਨ ਸ਼ਹਿਰ ਵਿਚ ਯਾਤਰਾ ਕਰਨ ਲਈ ਔਸਟਰ ਨਾਮਕ ਕਾਰਡ ਬਹੁਤ ਹੀ ਵਧੀਆ ਤਰੀਕਾ ਹੈ, ਤੁਸੀ ਔਸਟਰ ਕਾਰਡ ਪ੍ਰਾਪਤ ਕਰਕੇ ਲੰਡਨ ਸ਼ਹਿਰ ਦੀ ਮੈਟਰੋ, ਬੱਸਾਂ ਆਦਿ ਵਿਚ ਬਹੁਤ ਸੱਸਤੀ ਯਾਤਰਾ ਕਰ ਸਕਦੇ ਹੋ।ਲੰਡਨ ਦੇ ਇਲਫਰਡ ਸ਼ਹਿਰ ਦੀ ਸੋਹਣੀ ਸਵੇਰ ਅੱਖਾਂ ਅਤੇ ਮਨ ਨੂੰ ਸਕੂਨ ਦਿੰਦੀ ਹੈ।ਦੁੱਧ ਤੋਂ ਵੀ ਚਿੱਟੀ ਸਵੇਰ ਅਤੇ ਹਰ ਤਰਫ ਸ਼ਾਂਤੀ ਅਤੇ ਸੁਚੱਜਤਾ ਦੀ ਮਿਸਾਲ ਦੇਖ ਕੋਈ ਵੀ ਖੁੱਸ਼ ਹੋਏ ਬਿਨਾਂ ਨਹੀਂ ਰਹਿ ਸਕਦਾ।ਲੰਡਨ ਵਿਚ ਮੌਸਮ ਬਹੁਤ ਖੁਸ਼-ਮਿਜਾਜ਼ ਰਹਿੰਦਾ ਹੈ ਅਤੇ ਮੀਂਹ ਤੇ ਬੱਦਲ ਬਿਨਾਂ ਬੁਲਾਏ ਕਦੇ ਵੀ ਦਸਤਕ ਦਿੰਦੇ ਹਨ।ਲੰਡਨ ਤੋਂ ਥੌੜੀ ਦੂਰ ਇਲਫੋਰਡ ਨਾਂ ਦੇ ਇਲਾਕੇ ਵਿੱਚ ਵਧੀਆ ਹੋਟਲ ਮਿਲਦੇ ਹਨ।ਮੇਰਾ ਅਸ਼ਿਆਨਾ ਵੀ ਇਸੇ ਇਲਾਕੇ ਵਿਚ ਸੀ।
ਲੰਡਨ ਵਿੱਚ ਟੂਰਿਸਟ ਮਹੱਤਤਾ ਦੇ ਜਿੰਨਾਂ ਸਥਾਨਾਂ `ਚ ਜਾਣ ਦਾ ਸਬੱਬ ਬਣਿਆ, ਉਨਾਂ ਵਿੱਚ ਕੁੱਝ ਦਾ ਜਿਕਰ ਇਸ ਲੇਖ ਰਾਹੀਂ ਕਰਨ ਜਾ ਰਿਹਾ ਹਾਂ : –
ਲੰਡਨ ਆਈ
ਲੰਡਨ ਆਈ ਨੂੰ ਸੈਂਟਰਲ ਲੰਡਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਵੇਸਟਮਿਸਟਰ ਇਲਾਕੇ ਵਿੱਚ ਇਹ ਥੇਮਸ ਨਦੀ ਦੇ ਕਿਨਾਰੇ ਬਣਿਆ ਯੂ.ਕੇ ਦਾ ਸਭ ਤੋਂ ਲੰਬਾ ਪਹੀਆ ਹੈ।ਜਿਸ ਦੀ ਲੰਬਾਈ ਤਕਰੀਬਨ 135 ਮੀਟਰ ਹੈ।ਲੰਡਨ ਆਈ ਨੂੰ 9 ਮਾਰਚ 2000 ਨੂੰ ਆਮ ਪਬਲਿਕ ਵਾਸਤੇ ਖੋਲ੍ਹਿਆ ਗਿਆ ਸੀ।ਲੰਡਨ ਆਈ ਯੂ.ਕੇ ਦਾ ਸਭ ਤੋਂ ਜਿਆਦਾ ਮਸ਼ਹੂਰ ਟੂਰਿਸਟ ਸਥਾਨ ਹੈ, ਜਿਸ ਨੂੰ ਹਰ ਸਾਲ ਦੇਖਣ ਲਈ ਤਕਰੀਬਨ 375 ਮਿਲੀਅਨ ਲੋਕ ਦੁਨੀਆਂ ਦੇ ਹਰ ਕੋਨੇ ਵਿਚੋਂ ਆਉਂਦੇ ਹਨ।ਇਸ ਨੂੰ ਦੇਖਣ ਦੀ ਟਿਕਟ ਤਕਰੀਬਨ 25 ਪਾਊਂਡ ਹੈ।ਇਥੇ ਤੁਸੀਂ ਬਿਗ ਬੱਸ ਅਤੇ ਥੇਮਸ ਨਦੀ ਦੀ ਫੇਰੀ ਦਾ ਆਨੰਦ ਵੀ ਲੈ ਸਕਦੇ ਹੋ।
ਪਾਰਲੀਮੈਂਟ ਹਾਊਸ ਯੂ.ਕੇ
ਵੇਸਟਮਿਸਟਰ ਇਲਾਕੇ ਵਿੱਚ ਹੈ ਪਾਰਲੀਮੈਂਟ ਹਾਊਸ, ਜੋ ਕਿ ਵੇਸਟਮਿਸਟਰ ਹਾਊਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਇਸ ਵਿਚ 1100 ਕਮਰੇ, ਤਕਰੀਬਨ 100 ਪੌੜੀਆਂ ਦੇ ਰਸਤੇ ਅਤੇ 4.8 ਕਿਲੋਮੀਟਰ ਦਾ ਚੱਲਣ ਦਾ ਰਸਤਾ ਹੈ। ਮੌਜੂਦਾ ਬਿਲਡਿੰਗ ਆਰਕੀਟੈਕਟ ਚਾਰਟਰ ਬੈਰੀ ਅਤੇ ਆਗਸਟਰ ਪੁਗੀਨ ਵਲੋਂ 1834 ਤੋਂ 1870 ਦੌਰਾਨ ਬਣਾਈ ਗਈ।ਇਮਾਰਤ ਦਾ ਰੰਗ ਕੋਡਿਕ ਹੈ।ਬਾਦਸ਼ਾਹ ਵਲੋਂ ਵਰਤਿਆ ਜਾਣ ਵਾਲੇ ਹਿੱਸੇ ਵਿੱਚ ਸੋਨਾ, ਲਾਰਡਸ ਲਈ ਲਾਲ ਅਤੇ ਕਾਮਨਜ਼ ਲਈ ਹਰੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ।90 ਮਿੰਟ ਦੇ ਇਸ ਇਮਾਰਤ ਦੇ ਟੂਰ ਦੀ ਟਿਕਟ ਤਕਰੀਬਨ 27 ਪਾਊਂਡ ਹੈ, ਜਿਸ ਵਿਚ ਗਾਈਡ ਤੁਹਾਨੂੰ ਪਾਰਲੀਮੈਂਟ ਕਿਸ ਤਰ੍ਹਾਂ ਕੰਮ ਕਰਦਾ ਹੈ, ਕੋਮਨ ਚੈਂਬਰ, ਲੋਰਡ ਚੈਂਬਰ, ਵੇਸਟਮਿਸਟਰ ਹਾਊਸ ਆਦਿ ਬਾਰੇ ਰੋਚਕ ਜਾਣਕਾਰੀ ਪ੍ਰਦਾਨ ਕਰਦਾ ਹੈ।
ਬਕਿੰਗਮ ਪੈਲਸ
ਬਕਿੰਗਮ ਪੈਲਸ ਜੋ ਕਿ ਇੰਗਲੈਂਡ ਦੀ ਮਹਾਰਾਣੀ ਦਾ ਨਿਵਾਸ ਹੈ, ਨੂੰ ਆਮ ਜਨਤਾ ਲਈ ਗਰਮੀਆਂ ਵਿਚ ਖੋਲ੍ਹਿਆ ਜਾਂਦਾ ਹੈ।ਇਸ ਵਿਚ 19 ਸਟੇਟ ਰੂਮ ਅਤੇ 78 ਬਾਥਰੂਮ ਸਮੇਤ ਕੁੱਲ 775 ਕਮਰੇ ਹਨ।ਬਕਿੰਗਮ ਪੈਲਸ ਆਮ ਪਬਲਿਕ ਲਈ ਸਾਲ ਦੇ ਕੁੱਝ ਮਹੀਨੇ ਜੁਲਾਈ ਤੋਂ ਅਕਤੂਬਰ ਤੱਕ ਖੋਲ੍ਹਿਆ ਜਾਂਦਾ ਹੈ।ਇਸ ਪੈਲਸ ਨੂੰ ਦੇਖਣ ਦਾ ਵਧੀਆ ਸਮਾਂ ਉਸ ਸਮੇਂ ਹੈ, ਜਦ ਗਾਰਡ ਸੈਰੇਮਨੀ ਹੁੰਦੀ ਹੈ, ਜਿਸ ਵਿਚ ਗਾਰਡ ਆਪਣੀ ਸ਼ਿਫਟ ਬਦਲਦੇ ਹਨ।ਇਹ ਰੋਜਾਨਾ 11:30 ਵਜੇ ਸ਼ੁਰੂ ਹੁੰਦੀ ਹੈ, ਇਸ ਦਾ ਆਨੰਦ ਦੇਖਿਆ ਹੀ ਬਣਦਾ ਹੈ।ਕੁੱਝ ਖਾਸ ਦਿਨਾਂ ਵਿਚ ਬਕਿੰਗਮ ਪੈਲਸ ਨੂੰ ਤੁਸੀ ਅੰਦਰ ਜਾ ਕੇ ਦੇਖ ਸਕਦੇ ਹੋ, ਜਿਸ ਦੀ 24 ਪਾਊਂਡ ਐਂਟਰੀ ਟਿਕਟ ਹੁੰਦੀ ਹੈ।ਇਹ ਟਿਕਟਾਂ ਤੁਸੀ ਬਕਿੰਗਮ ਪੈਲਸ ਰੋਡ ਤੋਂ ਪ੍ਰਾਪਤ ਕਰ ਸਕਦੇ ਹੋ।ਇਸ ਪੈਲਸ ਦੇ ਖੁੱਲ੍ਹਣ ਦਾ ਸਮਾਂ ਆਮ ਤੌਰ ਤੇ ਸਵੇਰੇ 9.30 ਤੋਂ ਸ਼ਾਮ 7.30 ਹੈ।
ਟਾਵਰ ਬਿ੍ਰਜ
ਇਹ ਕਹਿਣਾ ਬਿਲਕੁੱਲ ਗਲਤ ਨਹੀਂ ਹੋਵੇਗਾ ਕਿ ਲੰਡਨ ਬਹੁਤ ਸਾਰੇ ਆਕਰਸ਼ਕ ਪੁਲਾਂ ਦਾ ਵੀ ਘਰ ਹੈ।ਹਰ ਇਕ ਬ੍ਰਿਜ (ਪੁੱਲ) ਆਪਣੀ ਅਨੋਖੀ ਦਿੱਖ ਤੇ ਸਿਟੀ ਦੇ ਅਲੱਗ-ਅਲੱਗ ਵਿਊ ਪੇਸ਼ ਕਰਦਾ ਹੈ।ਇਨ੍ਹਾਂ ਸਾਰਿਆਂ ਪੁਲਾਂ ਵਿਚੋਂ ਆਪਣੀ ਅਨੋਖੀ ਦਿੱਖ ਕਾਰਨ ਟਾਵਰ ਬ੍ਰਿਜ ਲੋਕਾਂ ਦੀ ਖਿੱਚ ਦਾ ਕੇਂਦਰ ਹੈ।ਟਾਵਰ ਬ੍ਰਿਜ ਨੂੰ 1894 ਈਸਵੀ ਵਿਚ ਬਣਾਇਆ ਗਿਆ ਸੀ, ਜੋ ਕਿ ਇੰਜੀਨੀਅਰ ਦੀ ਇਕ ਅਨੋਖੀ ਮਿਸਾਲ ਪੈਦਾ ਕਰਦਾ ਹੈ।ਇਹ ਪੁੱਲ 244 ਮੀਟਰ ਲੰਬਾ ਹੈ ਅਤੇ ਸ਼ਹਿਰ ਦਾ ਬਹੁਤ ਹੀ ਮਨਮੋਹਨਾ ਦ੍ਰਿਸ਼ ਪੇਸ਼ ਕਰਦਾ ਹੈ, ਜਦ ਤੁਸੀ ਇਸ ਉਪਰ ਹੁੰਦੇ ਹੋੋ ਤਾਂ ਹਵਾ ਦੇ ਤੇਜ਼ ਬੇਹੱਦ ਠੰਡੇ ਝੋਕੇ ਤੁਹਾਨੂੰ ਬਹੁੁਤ ਹੀ ਸੁੰਦਰ ਅਹਿਸਾਸ ਕਰਵਾਉਂਦੇ ਹਨ।ਤਕਰੀਬਨ 40,000 ਲੋਕ ਇਸ ਪੁੱਲ ਨੂੰ ਰੋਜਾਨਾ ਪਾਰ ਕਰਦੇ ਹਨ।ਇਸ ਪੁੁਲ ਉਪਰ ਖੜੇ ਹੋ ਕੇ ਲੋਕਾਂ ਵਲੋਂ ਤਸਵੀਰਾਂ ਖਿਚਵਾਉਣ ਦਾ ਦੌਰ ਕਦੇ ਵੀ ਖਤਮ ਨਹੀਂ ਹੁੰਦਾ।
ਮੈਡਮ ਤੁਸ਼ਾਦ ਵੈਕਸ ਮਿਊਜੀਅਮ
ਲੰਡਨ ਦੇ ਮੈਰੀਲੀਬੋਨ ਰੋਡ ਵਿਖੇ ਸਥਿਤ ਹੈ ਮੈਡਮ ਤੁਸ਼ਾਦ ਵੈਕਸ ਮਿਊਜੀਅਮ।ਇਹ ਅੱਜ ਲੰਡਨ ਦੇ ਵੱਡੇ ਟੂਰਿਸਟ ਆਕਰਸ਼ਨਾਂ ਦੇ ਕੇਂਦਰਾਂ ਵਿਚੋਂ ਇਕ ਬਣ ਚੁੱਕਾ ਹੈ।ਇਸ ਮਿਊਜੀਅਮ ਦੀ ਐਂਟਰੀ ਟਿਕਟ 35 ਪਾਊਂਡ ਹੈ, ਜੋ ਕਿ ਮੈਂ ਉਥੇ ਸਮੇਂ ਮਸ਼ੀਨ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਮਸ਼ੀਨ ਤੋਂ ਟਿਕਟ ਪ੍ਰਾਪਤ ਕਰਨ ਲਈ ਤੁਹਾਡੇ ਬੈਂਕ ਦੇ ਕਾਰਡ ਦੀ ਜਰੂਰਤ ਹੁੰਦੀ ਹੈ। ਕਿਉਂਕਿ ਮਸ਼ੀਨ ਕੈਸ਼ ਸਵੀਕਾਰ ਨਹੀਂ ਕਰਦੀ ਜਾਂ ਤੁਸੀ ਆਨਲਾਈਨ ਟਿਕਟਾਂ ਵੀ ਕਰਵਾ ਸਕਦੇ ਹੋ, ਜੋ ਕਿ ਕੁੱਝ ਸਸਤੀਆਂ ਵੀ ਹੁੰਦੀਆਂ ਹਨ।ਇਸ ਮਿਊਜੀਅਮ ਨੂੰ ਲੰਡਨ ਵਿਖੇ 1993 ਨੂੰ ਸ਼ੁਰੂ ਕੀਤਾ ਗਿਆ ਸੀ।ਮਿਊਜੀਅਮ ਦੇ ਅੰਦਰ ਹਜਾਰਾਂ ਹੀ ਵੈਕਸ (ਮੋਮ) ਦੇ ਪੁਤਲੇ ਹਨ, ਜੋ ਕਿ ਕਲਾ ਦਾ ਬਿਹਤਰੀਨ ਜਿਊਂਦਾ ਜਾਗਦਾ ਨਮੂਨਾ ਹਨ।ਇਨ੍ਹਾਂ ਪੁਤਲਿਆਂ ਨੂੰ ਇਸ ਬਰੀਕੀ ਤੇ ਖੂਬਸੂਰਤੀ ਨਾਲ ਬਣਾਇਆ ਗਿਆ ਹੈ, ਪਹਿਲੀ ਝਲਕ ਵਿਚ ਤਾਂ ਇਹ ਜਿੰਦਾ ਹੀ ਲੱਗਦੇ ਹਨ।ਇਨ੍ਹਾਂ ਵਿੱਚ ਮਸ਼ਹੂਰ ਸਿਆਸੀ ਆਗੂ, ਸ਼ਾਹੀ ਲੋਕ ਤੇ ਦੁਨੀਆ ਭਰ ਤੋਂ ਵੱਖ-ਵੱਖ ਦੇਸ਼ਾਂ ਦੇ ਫਿਲਮੀ ਸਿਤਾਰੇ, ਨਾਮਵਰ ਖਿਡਾਰੀ, ਪ੍ਰਸਿੱਧ ਗਾਇਕ ਤੇ ਕਾਤਲਾਂ ਆਦਿ ਦੇ ਪੁਤਲੇ ਬਣਾਏ ਗਏ ਹਨ।ਇਨ੍ਹਾਂ ਤੋਂ ਇਲਾਵਾ ਇਸ ਮਿਊਜੀਅਮ ਵਿੱਚ (ਦਾ ਸਪ੍ਰਿਟ ਆਫ ਲੰਡਨ) ਨਾਂ ਦੀ ਡਾਰਕ ਰਾਈਡ ਕਰਵਾਈ ਜਾਂਦੀ ਹੈ, ਜੋ ਕਿ ਪੁਰਾਣੇ ਲੰਡਨ ਅਤੇ ਲੋਕਾਂ ਦੇ ਰਹਿਣ-ਸਹਿਣ ਦਾ ਦਿਲਖਿੱਚਵਾਂ ਨਜ਼ਾਰਾ ਪੇਸ਼ ਕਰਦੀ ਹੈ।ਇਸ ਤੋਂ ਇਲਾਵਾ 4-ਡੀ ਅਤੇ 5-ਡੀ ਸ਼ੋਅ ਵੀ ਦਿਖਾਏ ਜਾਂਦੇ ਹਨ।ਪੂਰਾ ਮਿਊਜੀਅਮ ਦੇਖਣ ਲਈ ਤਕਰੀਬਨ 4-5 ਘੰਟੇ ਦਾ ਸਮਾਂ ਲੱਗਦਾ ਹੈ, ਜੋ ਕਿ ਤੁਹਾਡੀ ਜਿੰਦਗੀ ਦੀ ਇਕ ਅਭੁੱਲ ਯਾਦਗਾਰ ਬਣ ਜਾਂਦਾ ਹੈ।
ਸਾਊਥ ਹਾਲ ਲੰਡਨ
ਪੰਜਾਬੀਆਂ ਨੇ ਆਪਣੀ ਮਿਹਨਤ ਅਤੇੇ ਇਮਾਨਦਾਰੀ ਸਦਕਾ ਸਾਰੀ ਦੁਨੀਆਂ ਵਿਚ ਆਪਣੀ ਕਾਮਯਾਬੀ ਦੇ ਝੰਡੇ ਲਹਿਰਾਏ ਹਨ।ਇਸੇ ਤਰ੍ਹਾਂ ਲੰਡਨ ਵਿਚ ਮਿੰਨੀ ਪੰਜਾਬ ਨਾਲ ਜਾਣੇ ਜਾਂਦੇ ਸਾਊਥ ਹਾਲ ਮੈਟਰੋ ਸਟੇਸ਼ਨ ਸਾਊਥ ਹਾਲ ਦੇ ਆਗਮਨ ਗੇਟਸ `ਤੇ ਪੰਜਾਬੀ ਵਿੱਚ ਲਿਖਿਆ ‘ਜੀ ਆਇਆ ਨੂੰ’ ਦੇਖ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ।ਸਾਊਥ ਹਾਲ ਵਿਚ ਗੁਰਦੁਆਰਾ ਸ੍ਰੀ ਸਿੰਘ ਸਭਾ ਹੈਵਲੁਕ ਰੋਡ `ਤੇ ਸਥਾਪਿਤ ਹੈ।ਇੰਗਲੈਂਡ ਵਿਚ ਜਦ ਵੀ ਸਿੱਖ ਭਾਈਚਾਰੇ ਦਾ ਜਿਕਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸਾਊਥ ਹਾਲ ਦਾ ਨਾਂ ਸਾਹਮਣੇ ਆਉਂਦਾ ਹੈ।ਇਸ ਗੁਰਦੁਆਰੇ ਦੀ ਸ਼ਾਨਾਮੱਤੀ ਆਲੀਸ਼ਾਨ ਇਮਾਰਤ ਸਿੱਖ ਭਾਈਚਾਰੇ ਦੀ ਚੜਦੀ ਕਲਾ ਦਾ ਪ੍ਰਤੀਕ ਹੈ ਅਤੇ ਇਮਾਰਤ ਕਲਾ ਦਾ ਬਿਹਤਰੀਨ ਨਮੂਨਾ ਹੈ।ਗੁਰੂ ਘਰ ਵਿਚ ਲੱਗੀਆਂ ਕੱਚ ਦੀਆਂ ਖਿੜਕੀਆਂ ਪੂਰੇ ਲੰਡਨ ਵਿਚ ਇਕ ਮਿਸਾਲ ਹੈ।ਬਿਜਲੀ ਦੀਆਂ ਸਾਰੀਆਂ ਜਰੂਰਤਾਂ ਪੂਰੀਆਂ ਕਰਨ ਲਈ ਗੁਰਦੁਆਰੇ ਸਾਹਿਬ ਵਿਚ ਇੱਕ ਅਤਿ ਆਧੁਨਿਕ ਪਾਵਰ ਪਲਾਟ ਵੀ ਲਗਾਇਆ ਗਿਆ ਹੈ।ਗੁਰੂ ਘਰ ਵਿਚ ਗੁਰੂ ਕਾ ਲੰਗਰ ਨਿਰੰਤਰ ਚੱਲਦਾ ਰਹਿੰਦਾ ਹੈ, ਜਿਸ ਨੂੰ ਕਿ ਬੜੇ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਅਤੇ ਵਰਤਾਇਆ ਜਾਂਦਾ ਹੈ।ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਣ ਲਈ ਅੱਜ ਦੀ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।ਜਿਸ ਨਾਲ ਪੰਜਾਬੀ ਨਾ ਸਮਝਣ ਵਾਲੇ ਅੰਗਰੇਜੀ ਵਿਚ ਗੁਰਬਾਣੀ ਦੇ ਅਰਥ ਕੀਰਤਨ ਦੇ ਨਾਲ-ਨਾਲ ਸਕਰੀਨ ਤੇ ਪੜ੍ਹ ਸਕਦੇ ਹਨ। ਮੋਟੇ-ਮੋਟੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਸਾਊਥ ਹਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਹ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।ਸਾਊਥ ਹਾਲ ਵਿਖੇ ਕਾਫੀ ਲੰਬੇ ਸਮੇਂ ਤੋਂ ਵੱਸੇ ਹੋਏ ਪੰਜਾਬੀਆਂ ਅਤੇ ਹੋਰ ਦੂਜੇ ਧਰਮਾਂ ਦੇ ਲੋਕਾਂ ਨੇ ਆਪਣੇ ਕਾਰੋਬਾਰ ਬੜੇ ਵਧੀਆ ਸਥਾਪਿਤ ਕੀਤੇ ਹੋਏ ਹਨ।ਸਾਊਥ ਹਾਲ ਵਿਚ ਜਾ ਕੇ ਇਸ ਤਰ੍ਹਾਂ ਲੱਗੇਗਾ ਜਿਵੇਂ ਸੱਤ ਸਮੁੰਦਰ ਪਾਰ ਕਿਸੇ ਦੂਜੇ ਦੇਸ਼ ਨਹੀਂ ਬਲਕਿ ਆਪਣੇ ਹੀ ਪੰਜਾਬ ਦੇ ਕਿਸੇ ਵਿਕਸਿਤ ਸ਼ਹਿਰ ਵਿਚ ਘੁੰਮ ਰਹੇ ਹੋ।
ਅਭੁੱਲ ਯਾਦ ਰਹੀ ਲੰਡਨ ਫੇਰੀ
ਅਪ੍ਰੈਲ 2019 ਦੀ ਇਹ ਲੰਡਨ ਫੇਰੀ ਮੇਰੀਆਂ ਯਾਦਾਂ ਵਿਚ ਅਬੁੱਲ ਯਾਦਗਰ ਬਣ ਕੇ ਹਮੇਸ਼ਾਂ ਰਹੇਗੀ।ਇਸ ਫੇਰੀ ਦੌਰਾਨ ਜਿੰਦਗੀ ਦੇ ਕਈ ਅਜਿਹੇ ਰੋਚਕ ਤੱਥ ਦੇਖਣ, ਸੁਣਨ ਤੇ ਮਹਿਸੂਸ ਕਰਨ ਨੂੰ ਮਿਲੇ ਹਨ, ਜੋ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲਦੇ ਹੋਣ।
ਓਮਕਾਰ ਸਿੰਘ
ਤਰਨ ਤਾਰਨ।
ਮੋ – 95924-98147