Friday, November 22, 2024

ਜ਼ਿੰਦਗੀ ਦੇ ਰੰਗ

           ਬਹੁਤ ਹੀ ਬੇ ਰੌਣਕਾ ਤੇ ਉਦਾਸੀ ਭਰਿਆ ਦਿਨ ਚੜ੍ਹਿਆ ਸੀ। ਉਸ ਦਾ ਸਿਵਾ ਲਟ ਲਟ ਬਲ ਰਿਹਾ ਸੀ। ਮਾਹੌਲ ਬਹੁਤ ਹੀ ਗਮਗੀਨ ਸੀ।ਹਰ ਕੋਈ ਦੁੱਖ ਵਿੱਚ ਡੁੱਬਿਆ ਹੋਇਆ ਸੀ।ਮਾਂ ਪਿਉ ਦੀਆਂ ਅੱਖਾਂ ਵਿੱਚ ਅੱਥਰੂ ਮੁੱਕ ਚੁੱਕੀ ਸਨ।ਇਸ ਦੁੱਖ ਤੇ ਸੰਨਾਟੇ ਭਰੇ ਮਾਹੌਲ ਵਿੱਚ ਸਿਰਫ਼ ਭਰਾ ਦੇ ਰੋਣੇ ਦੀ ਆਵਾਜ਼ ਆ ਰਹੀ ਸੀ। ਭਰਾ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਸੀ ਥੰਮ੍ਹ ਰਹੇ।ਜਹਾਂ ਤੋਂ ਜਾਣ ਵਾਲਾ ਪਿੱਛੇ ਆਪਣੀ ਪਤਨੀ ਤੇ ਇਕ ਛੋਟੇ ਜਿਹੇ ਪੁੱਤ ਨੂੰ ਛੱਡ ਗਿਆ।ਉਸ ਦੇ ਪੁੱਤ ਨੂੰ ਅਜੇ ਪਿਉ ਸ਼ਬਦ ਦਾ ਅਰਥ ਵੀ ਨਹੀਂ ਸੀ ਪਤਾ।ਪਰ ਹੁਣ ਰੱਬ ਦੀ ਹੋਣੀ ਨੂੰ ਕੌਣ ਟਾਲ ਸਕਦਾ ਸੀ।
             ਸੁਖਜੀਤ ਤੇ ਅਜੀਤ ਦੋ ਭਰਾ ਸਨ।ਸੁਖਜੀਤ ਅਜੀਤ ਤੋਂ ਚਾਰ ਸਾਲ ਵੱਡਾ ਸੀ।ਉਹਨਾਂ ਦਾ ਪਿਉ ਇਕ ਬਹੁਤ ਈ ਇਮਾਨਦਾਰ ਤੇ ਸੁਲਝਿਆ ਹੋਇਆ ਵਿਅਕਤੀ ਸੀ।ਘਰ-ਬਾਰ ਤੇ ਜ਼ਮੀਨ ਜ਼ਾਇਦਾਦ ਵੀ ਚੰਗੀ ਸੀ।ਦੋਵਾਂ ਭਰਾਵਾਂ ਵਿੱਚ ਬਹੁਤ ਮੋਹ ਪਿਆਰ ਸੀ।ਪਰਿਵਾਰ ਦੇ ਦਿਨ ਬਹੁਤ ਖੁਸ਼ੀਆਂ ਭਰੇ ਬਤੀਤ ਹੋ ਰਹੇ ਸਨ।ਸਮਾਂ ਬੀਤਦਾ ਗਿਆ।ਦੋਵਾਂ ਭਰਾਵਾਂ ਵਿੱਚ ਮੋਹ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਗਿਆ।ਪਿੰਡ ਵਿੱਚ ਦੋਵਾਂ ਭਰਾਵਾਂ ਦੇ ਮੋਹ ਪਿਆਰ ਦੇ ਬੜੇ ਚਰਚੇ ਸਨ।ਲੋਕ ਉਹਨਾਂ ਦੀਆਂ ਮਿਸਾਲਾਂ ਦਿੰਦੇ ਸਨ, ਕਿ ਭਰਾ ਹੋਣ ਤਾਂ ਇਹੋ ਜੇ।ਸੁਖਜੀਤ ਦੀ ਉਮਰ ਵਿਆਹ ਦੀ ਹੋ ਗਈ ਸੀ।ਚੰਗੇ ਚੰਗੇ ਘਰਾਂ ਦੇ ਰਿਸ਼ਤੇ ਆਉਣ ਲੱਗ ਗਏ।ਰਿਸ਼ਤੇ ਤਾਂ ਆਉਣੇ ਈ ਸੀ।ਇਹੋ ਜਿਹਾ ਸਾਊ ਤੇ ਸਿਆਣਾ ਮੁੰਡਾ ਭਲਾ ਕਿਤੇ ਲੱਭਦਾ ਹੈ।ਸੁਖਜੀਤ ਦਾ ਰਿਸ਼ਤਾ ਇਕ ਚੰਗੇ ਪੜੇ ਲਿਖੇ ਪਰਿਵਾਰ ਦੀ ਧੀ ਨਾਲ ਤੈਅ ਹੋ ਗਿਆ।ਸੁਖਜੀਤ ਦਾ ਵਿਆਹ ਰੱਖ ਦਿੱਤਾ ਗਿਆ।ਸੁਖਜੀਤ ਦੇ ਵਿਆਹ ਦੀ ਖੁਸ਼ੀ ਹਰ ਪਿੰਡ ਵਾਸੀ ਨੂੰ ਸੀ, ਪਰ ਸਭ ਤੋਂ ਵੱਧ ਖੁਸ਼ੀ ਅਜੀਤ ਨੂੰ ਸੀ।
            ਸੁਖਜੀਤ ਦੇ ਵਿਆਹ ਦਾ ਦਿਨ ਆ ਗਿਆ।ਸਭ ਰਿਸ਼ਤੇਦਾਰ, ਦੋਸਤ, ਮਿੱਤਰ ਵਿਆਹ `ਚ ਖੁਸ਼ੀ ਖੁਸ਼ੀ ਸ਼ਾਮਿਲ ਹੋਏ।ਵਿਆਹ ਪੂਰੀ ਧੂਮ ਧਾਮ ਨਾਲ ਸੰਪੂਰਨ ਹੋਇਆ।
             ਵਿਆਹ ਹੋਣ ਪਿੱਛੋਂ ਉਹਨਾਂ ਦੇ ਮਾਂ ਪਿਓ ਨੂੰ ਡਰ ਸੀ ਕਿ ਕਿਤੇ ਹੁਣ ਦੋਨਾਂ ਭਰਾਵਾਂ ਵਿੱਚ ਫ਼ਰਕ ਨਾ ਪੈ ਜਾਵੇ। ਪਰ ਵਕਤ ਦੇ ਬੀਤਦੇ ਉਹਨਾਂ ਦਾ ਇਹ ਫ਼ਿਕਰ ਮੁੱਕ ਗਿਆ।ਫ਼ਿਰ ਸਾਲ ਕੁ ਪਿੱਛੋਂ ਸੁਖਜੀਤ ਦੇ ਘਰ ਪੁੱਤਰ ਨੇ ਜਨਮ ਲਿਆ।ਉਹਨਾਂ ਦੇ ਘਰ ਖੁਸ਼ੀਆਂ ਦਾ ਕੋਈ ਪੈਮਾਨਾ ਨਾ ਰਿਹਾ। ਸਾਰੇ ਪਰਿਵਾਰ ਨੂੰ ਅਥਾਹ ਖੁਸ਼ੀ ਸੀ। ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।
             ਫ਼ਿਰ ਠੰਡ ਦਾ ਮੌਸਮ ਆ ਗਿਆ।ਪਹਿਲੇ ਮਹੀਨੇ ਦੇ ਤੇਰ੍ਹਵੇਂ ਦਿਨ ਉਹਨਾਂ ਦੇ ਘਰ ਕਾਫ਼ੀ ਚਹਿਲ ਪਹਿਲ ਸੀ। ਇਹ ਸੁਖਜੀਤ ਦੇ ਪੁੱਤਰ ਦੀ ਪਹਿਲੀ ਲੋਹੜੀ ਸੀ।ਪਿੰਡ ਵਿੱਚ ਲੋਹੜੀ ਵੰਡਣੀ ਸੀ।ਸੁਖਜੀਤ ਮੰਡੀ ਜਾਣ ਦੀ ਤਿਆਰੀ ਕਰ ਰਿਹਾ ਸੀ।ਉਸ ਨੇ ਆਪਣੇ ਸਕੂਟਰ ਦੀ ਕਿੱਕ ਮਾਰਦਿਆਂ ਆਪਣੇ ਪਿਉ ਤੋਂ ਪੁੱਛਿਆ, “ਬਾਪੂ ਜੀ, ਮੈਂ ਲੋਹੜੀ ਦਾ ਸਮਾਨ ਲੈਣ ਮੰਡੀ ਚੱਲਿਆ, ਤੁਸੀਂ ਕੁੱਝ ਹੋਰ ਤਾਂ ਨੀਂ ਮੰਗਾਉਣਾ“।ਸੁਖਜੀਤ ਦਾ ਪਿਉ ਬੋਲਿਆ, “ਨਾ ਨਾ ਪੁੱਤ ਕੁੱਝ ਨੀ ਮੰਗਾਉਣਾ, ਤੂੰ ਬਸ ਟਾਈਮ ਨਾਲ ਦਿਨ ਚੜੇ ਮੁੜ ਆਵੀਂ“।ਜ਼ਿਆਦਾ ਹਨੇਰਾ ਨਾ ਕਰੀਂ।ਸੁਖਜੀਤ ਚੰਗਾ ਬਾਪੂ ਜੀ ਕਹਿੰਦਾ ਸਕੂਟਰ `ਤੇ ਬੈਠਾ ਤੇ ਘਰੋਂ ਨਿਕਲ ਗਿਆ।ਸੁਖਜੀਤ ਨੇ ਸਾਰਾ ਸਮਾਂ ਖਰੀਦ ਲਿਆ ਤੇ ਪਿੰਡ ਵੱਲ ਪਰਤਣ ਲੱਗਾ।ਉਹ ਹੌਲੀ ਹੌਲੀ ਆਪਣੇ ਸਕੂਟਰ ਤੇ ਆ ਰਿਹਾ ਸੀ।ਪਰ ਅਚਾਨਕ ਪਿੱਛੋਂ ਤੇਜ਼ ਰਫ਼ਤਾਰ ਆਉਂਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।ਕਾਰ ਦਾ ਡਰਾਈਵਰ ਨਸ਼ੇ ਵਿੱਚ ਧੁੱਤ ਸੀ।ਉਹ ਮੌਕੇ ਤੋਂ ਫ਼ਰਾਰ ਹੋ ਗਿਆ।ਸੁਖਜੀਤ ਦਾ ਕਾਫ਼ੀ ਖੂਨ ਵਹਿ ਚੁੱਕਾ ਸੀ।ਰਾਹਗੀਰਾਂ ਨੇ ਉਸ ਨੂੰ ਹਸਪਤਾਲ਼ ਤਾਂ ਪਹੁੰਚਾਇਆ, ਪਰ ਅਫ਼ਸੋਸ ਦੇਰੀ ਹੋ ਚੁੱਕੀ ਸੀ।
              ਜਦ ਇਹ ਖ਼ਬਰ ਪਰਿਵਾਰ ਤਕ ਪਹੁੰਚੀ ਤਾਂ ਉਹਨਾਂ ਦੇ ਘਰ ਸੰਨਾਟਾ ਛਾ ਗਿਆ।ਪਿੰਡ ਵਿੱਚ ਹੌਲੀ ਹੌਲੀ ਖਬਰ ਪਹੁੰਚੀ।ਲੋਕ ਉਹਨਾਂ ਦੇ ਘਰ ਇਕੱਠਾ ਹੋਣਾ ਸ਼ੁਰੂ ਹੋ ਗਏ।ਪਰਿਵਾਰ ਦਾ ਹਾਲ ਏਵੇਂ ਸੀ, ਜਿਵੇਂ ਅਚਾਨਕ ਕੋਈ ਦੁੱਖਾਂ ਦਾ ਪਹਾੜ ਉਹਨਾਂ ਦੇ ਸਿਰ `ਤੇ ਆਣ ਡਿੱਗਾ ਹੋਵੇ।ਕਿਸੇ ਨੂੰ ਵੀ ਇਸ ਦੁਰਘਟਨਾ ਤੇ ਯਕੀਨ ਨਹੀ ਹੋ ਰਿਹਾ ਸੀ।ਸੁਖਜੀਤ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ।ਸਸਕਾਰ ਲਈ ਉਸ ਦੀ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਲਿਜਾਇਆ ਗਿਆ।ਸਾਰੇ ਪਰਿਵਾਰ ਨੂੰ ਕਿੰਨਾ ਚਾਅ ਸੀ।ਸੁਖਜੀਤ ਦੇ ਪੁੱਤਰ ਦੀ ਲੋਹੜੀ ਸੇਕਣਗੇ, ਪਰ ਅਫ਼ਸੋਸ ਸਭ ਨੂੰ ਸੁਖਜੀਤ ਦੇ ਬਲ਼ਦੇ ਸਿਵੇ ਦੀ ਅੱਗ ਸੇਕਣੀ ਪੈ ਗਈ।ਰੱਬ ਦੇ ਰੰਗਾਂ ਦਾ ਕੀ ਪਤਾ ਚਲਦਾ ਏ।ਪੋਤਾ ਜੰਮਣ ਦੀ ਖੁਸ਼ੀ, ਪੁੱਤਰ ਦੀ ਮੌਤ ਦੀ ਗ਼ਮੀ ਚ ਤਬਦੀਲ ਹੋ ਗਈ।
               ਘਰ ਵਿੱਚ ਸੱਥਰ ਵਿਛ ਗਿਆ।ਲੋਕ ਆਉਂਦੇ ਉਹਨਾਂ ਦਾ ਦੁੱਖ ਵੰਡਾਉਂਦੇ।ਹਰ ਕੋਈ ਅਜੀਤ ਨੂੰ ਹੌਂਸਲਾ ਦਿੰਦਾ।ਕਬੀਲਦਾਰੀ ਹੁਣ ਅਜੀਤ ਦੇ ਮੋਢਿਆਂ `ਤੇ ਆ ਚੁੱਕੀ ਸੀ।ਸੱਥਰਤੇ ਬੈਠਾ ਅਜੀਤ ਦਾ ਪਿਉ ਹੀ ਅਜੀਤ ਦਾ ਦੁੱਖ ਸਮਝ ਸਕਦਾ ਸੀ।ਉਸ ਨੇ ਆਪਣਾ ਮਨ ਤਕੜਾ ਕਰ ਕੇ ਅਜੀਤ ਨੂੰ ਸਮਝਾਇਆ, “ਪੁੱਤ ਇਹ ਸਭ ਜ਼ਿੰਦਗੀ ਦੇ ਰੰਗ ਨੇ, ਅੱਜ ਹੋਰ ਤੇ ਕੱਲ ਨੂੰ ਹੋਰ।ਇਹ ਜ਼ਿੰਦਗੀ ਤਸਵੀਰ ਦੀ ਤਰ੍ਹਾਂ ਹੈ।ਜਿਵੇਂ ਵੱਖੋ-ਵੱਖ ਰੰਗਾਂ ਤੋਂ ਤਸਵੀਰ ਬਣਦੀ ਹੈ, ਉਵੇਂ ਹੀ ਦੁੱਖਾਂ ਤੇ ਸੁੱਖਾਂ ਨੂੰ ਮਿਲਾ ਕੇ ਜ਼ਿੰਦਗੀ ਬਣਦੀ ਹੈ’’।

ਦੁਨੀਆ `ਤੇ ਜੋ ਵੀ ਆਇਆ ਏ,
ਦੁਨੀਆ ਤੋਂ ਕੀਕਣ ਜਾਵੇਗਾ
ਕੋਈ ਮਿੱਟੀ ਵਿੱਚ, ਕੋਈ ਪੌਣਾਂ ਵਿੱਚ
ਕੋਈ ਜੋਤਾਂ ਵਿੱਚ ਸਮਾਵੇਗਾ !!!!
Manpreet Mani

 

ਮਨਪ੍ਰੀਤ ਮਨੀ
ਬਠਿੰਡਾ।
ਮੋ – 81960 22120

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply