ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ -ਜਗਦੀਪ ਸਿੰਘ) – ਜਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 170 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ। 29 ਸਤੰਬਰ ਨੂੰ ਕਰੀਬ ਰਾਤ 10 ਵਜੇ ਇਕ ਅਨਜਾਨ ਵਿਅਕਤੀ ਇਕ ਨਵੇਂ ਜਨਮੇ ਲੜਕੇ ਨੂੰ ਅਤੇ ਇਸੇ ਤਰ੍ਹਾਂ 8 ਅਕਤੂਬਰ ਨੂੰ ਇਕ ਨਵ ਜਨਮੀ ਲੜਕੀ ਨੂੰ ਜਿਸ ਦੀ ਉਮਰ ਤਕਰੀਬਨ 10-15 ਦਿਨ ਦੀ ਸੀ ਪੰਘੂੜੇ ਵਿੱਚ ਛੱਡ ਗਿਆ।ਇਨ੍ਹਾਂ ਬੱਚਿਆਂ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਤੋਂ ਕਰਵਾਇਆ ਗਿਆ ਸੀ ਅਤੇ ਇਸ ਵੇਲੇ ਇਹ ਦੋਵੇਂ ਬੱਚੇ ਬਿਲਕੁੱਲ ਤੰਦਰੁਸਤ ਹਨ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਵੱਲੋਂ ਇਨ੍ਹਾਂ ਬੱਚਿਆਂ ਨੂੰ ਪੰਘੂੜੇ ਵਿੱਚ ਪ੍ਰਾਪਤ ਕੀਤਾ ਗਿਆ ਅਤੇ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ।ਉਨ੍ਹਾਂ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਇਸ ਨਿਵੇਕਲੀ ਪਹਿਲ ਦੀ ਤਾਰੀਫ ਕਰਦੇ ਕਿਹਾ ਕਿ ਇਹ 170 ਮਾਸੂਮ ਜਿੰਦਾ ਨੂੰ ਬਚਾਉਣ ਵਾਲਾ ਪੰਘੂੜਾ ਜਿੱਥੇ ਮੁਬਾਰਕਵਾਦ ਦਾ ਹੱਕਦਾਰ ਹੈ, ਉਥੇ ਪੰਘੂੜੇ ਵਿਚ ਹੁਣ ਤੱਕ ਆਏ ਬੱਚਿਆਂ ਵਿਚੋਂ ਵੱਡੀ ਗਿਣਤੀ ਲੜਕੀਆਂ ਦੀ ਹੀ ਮਿਲਣਾ ਸਮਾਜ ਲਈ ਇਕ ਗੰਭੀਰਤਾ ਦਾ ਮਸਲਾ ਹੈ।
ਦੱਸਣਯੋਗ ਹੈ ਕਿ ਪੰਘੂੜੇ ਵਿੱਚ ਆਏ ਬੱਚੇ ਦੀ ਜਾਣਕਾਰੀ ਪੰਘੂੜੇ ਹੇਠ ਲੱਗੀ ਘੰਟੀ ਤੋਂ ਰੈਡ ਕਰਾਸ ਕਰਮਚਾਰੀਆਂ ਨੂੰ ਮਿਲ ਜਾਂਦੀ ਹੈ ਅਤੇ ਉਹ ਤਰੁੰਤ ਬੱਚੇ ਨੂੰ ਨੇੜੇ ਸਥਿਤ ਪਾਰਵਤੀ ਦੇਵੀ ਹਸਪਤਾਲ ਤੋਂ ਮੈਡੀਕਲ ਸਹਾਇਤਾ ਦਿਵਾ ਦਿੰਦੇ ਹਨ।ਢਿਲੋਂ ਨੇ ਦੱਸਿਆ ਕਿ ਪਾਰਵਤੀ ਦੇਵੀ ਹਸਪਤਾਲ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਬੱਚਿਆਂ ਦਾ ਸਾਰਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ।ਇਸ ਮਗਰੋਂ ਸੁਰੱਖਿਅਤ ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਦੀ ਆਸ ਵਿਚ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ ਲੀਗਲ ਅਡਾਪਸ਼ਨ ਐਡ ਪਲੇਸਮੈਂਟ ਏਜੰਸੀ ਵਿਚ ਬੱਚੇ ਦੀ ਪ੍ਰਵਰਿਸ਼ ਕਰਕੇ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਥੋਂ ਲੋੜਵੰਦ ਪਰਿਵਾਰ ਬੱਚੇ ਨੂੰ ਗੋਦ ਲੈ ਲੈਂਦੇ ਹਨ।ਹੁਣ ਤੱਕ ਪੰਘੂੜਾ ਸਕੀਮ ਤਹਿਤ ਇਨ੍ਹਾਂ ਬੱਚਿਆਂ ਦੇ ਆਉਣ ਨਾਲ ਬੱਚਿਆਂ ਦੀ ਗਿਣਤੀ 170 ਹੋ ਗਈ ਹੈ, ਜਿਨ੍ਹਾਂ ਵਿਚ 144 ਲੜਕੀਆਂ ਅਤੇ 26 ਲੜਕੇ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬੱਚਾ ਗੋਦ ਲੈਣਾ ਚਾਹੁੰਦਾ ਹੋਵੇ ਤਾਂ ਉਹ ਆਨ ਲਾਈਨ ਵੈਬਸਾਈਟ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਸ ਮੌਕੇ ਕਾਰਜਕਾਰੀ ਸਕੱਤਰ ਰੈਡ ਕਰਾਸ ਰਣਧੀਰ ਸਿੰਘ, ਗੁਰਮਹਿੰਦਰ ਸਿੰਘ ਮੈਂਬਰ ਬਾਲ ਭਲਾਈ ਕਮੇਟੀ ਅਤੇ ਸ਼ਿਸ਼ਪਾਲ ਵੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …