Saturday, July 26, 2025
Breaking News

ਕਸੂਰ

         ਮਾਨਾ ਸਿਓਂ ਸ਼ਹਿਰੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋ ਕੇ ਪਿੰਡ ਵਾਲੀ ਬੱਸ ‘ਤੇ ਚੜ੍ਹਿਆ।ਬੱਸ ਸਵਾਰੀਆਂ ਨਾਲ ਖਚਾਖਚ ਭਰੀ ਪਈ ਸੀ, ਫਿਰ ਵੀ ਕੰਡਕਟਰ ਸਵਾਰੀਆਂ ਨੂੰ ਬੱਸ ਵਿੱਚ ਇਉਂ ਤੁੰਨੀ ਜਾ ਰਿਹਾ ਸੀ, ਜਿੱਦਾਂ ਜਿਮੀਂਦਾਰ ਮੂਸਲ ਵਿੱਚ ਤੂੜੀ ਤੁੰਨਦਾ।ਇੱਕ ਬਜ਼ੁਰਗ ਮਾਈ ਬੱਸ ਦੀ ਬਾਰੀ ਦੇ ਕੁੰਡੇ ਨੂੰ ਹੱਥ ਪਾ ਕੇ ਲੱਤਾਂ ਘੜੀਸਦੀ ਉਪਰ ਨੂੰ ਚੜ੍ਹੀ, ਉਸ ਨੇ ਹੱਥ ਵਿੱਚ ਆਟੇ ਦਾ ਥੈਲਾ ਫੜਿਆ ਹੋਇਆ ਸੀ।ਬੱਸ ਵਿੱਚ ਭੀੜ ਹੋਣ ਕਰਕੇ ਮਾਈ ਕੋਲੋਂ ਚੰਗੀ ਤਰ੍ਹਾਂ ਖੜਿਆ ਵੀ ਨਹੀਂ ਸੀ ਜਾ ਰਿਹਾ।ਮਾਈ ਨੇ ਆਪਣਾ ਥੈਲਾ ਅੱਧ ਵਾਟੇ ਰੱਖ ਦਿੱਤਾ।ਕੋਲ ਖੜ੍ਹੇ ਲੋਕ ਘੂਰੀਆਂ ਵੱਟਦੇ ਉਸ ਦੇ ਥੈਲੇ ਵੱਲ ਵੇਖ ਰਹੇ ਸਨ।ਮਾਨਾ ਸਿਓਂ ਕੋਲ ਖੜ੍ਹਾ ਇਹ ਸਾਰਾ ਕੁੱਝ ਦੇਖ ਰਿਹਾ ਸੀ।
              ਇੰਨੇ ਨੂੰ ਬੱਸ ਅਗਲੇ ਸਟਾਪ ‘ਤੇ ਰੁਕੀ।ਮਾਨਾ ਸਿਓਂ ਜਿਥੇ ਖੜ੍ਹਾ ਸੀ, ਉਸ ਦੇ ਕੋਲ ਵਾਲੀ ਸੀਟ ਤੋਂ ਅਚਾਨਕ ਇੱਕ ਸਵਾਰੀ ਉਠੀ ਅਤੇ ਹੇਠਾਂ ਉਤਰ ਗਈ।ਮਾਨਾ ਸਿਓਂ ਨੇ ਆਪ ਬੈਠਣ ਦੀ ਜਗ੍ਹਾ ਮਾਈ ‘ਤੇ ਤਰਸ ਖਾਧਾ ਅਤੇ ਮਾਈ ਨੂੰ ਬੈਠਣ ਲਈ ਆਵਾਜ਼ ਦਿੱਤੀ।ਉਸ ਸੁਣੀ ਨਾ, ਨੇੜੇ ਖੜ੍ਹੇ ਨੌਜਵਾਨ ਨੇ ਮਾਈ ਨੂੰ ਬੈਠਣ ਦਾ ਇਸ਼ਾਰਾ ਕੀਤਾ।ਮਾਈ ਨੇ ਸੀਟ ਮੱਲੀ ਜਾਣ ਦੇ ਡਰੋਂ ਇੱਕ ਦਮ ਯੂ-ਟਰਨ ਮਾਰਿਆ ਅਤੇ ਸੀਟ ਤੱਕ ਪਹੁੰਚਣ ਲਈ ਜੱਦੋਜਹਿਦ ਕਰਨ ਲੱਗੀ।ਸਰੀਰ ਭਾਰਾ, ਉਪਰੋਂ ਅੰਤਾਂ ਦੀ ਭੀੜ! ਸੀਟ ਤੱਕ ਪਹੁੰਚਣ ਲਈ ਮਸ਼ੱਕਤ ਕਰ ਰਹੀ ਮਾਈ ਮਾਨਾਂ ਸਿਓਂ ਨੂੰ ਪਾਸਾ ਜਿਹਾ ਮਾਰ ਕੇ ਬੈਠ ਗਈ।ਧੱਕਾ ਵੱਜਣ ਕਰਕੇ ਮਾਨਾਂ ਸਿਓਂ ਦੇ ਪੈਰ ਉਖੜ੍ ਗਏ, ਪਰ ਸੰਭਲ ਗਿਆ।ਬੈਠਦਿਆਂ ਸਾਰ ਮਾਈ ਮਾਨਾ ਸਿਓਂ ਵੱਲ ਘੂਰੀ ਵੱਟਦਿਆਂ, ਉਲਾਮਾ ਦੇ ਕੇ ਉਸ ਨੂੰ ਧੱਕੇ ਲਈ ਕਸੂਰਵਾਰ ਠਹਿਰਾ ਰਹੀ ਸੀ।ਕੋਲ ਖੜਾ ਨੌਜਵਾਨ ਹਮਦਰਦੀ ਭਰੀਆਂ ਨਿਗਾਹਾਂ ਨਾਲ ਮਾਨਾ ਸਿਓਂ ਵੱਲ ਤੱਕ ਰਿਹਾ ਸੀ।ਸੋਚੀਂ ਪਿਆ ਮਾਨਾ ਸਿਓਂ ਪਿੰਡ ਪਹੁੰਚ ਗਿਆ।ਪਰ ਉਸ ਨੂੰ ਆਪਣਾ ਅਸਲੀ ਕਸੂਰ ਪਤਾ ਨਾ ਲੱਗ ਸਕਿਆ।

Manpreet Jons

 

 

 

 

ਮਨਪ੍ਰੀਤ ਸਿੰਘ ਜੌਂਸ
ਮੋ – 98550 20498

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply