Monday, December 23, 2024

ਮੈਡੀਕਲ ਕਾਲਜ ਅੰਮ੍ਰਿਤਸਰ ਨੇ ਇਟਲੀ ਤੋਂ ਆਇਆ ਕੋਰੋਨਾ ਦਾ ਮਰੀਜ਼ ਕੀਤਾ ਠੀਕ

ਮੰਤਰੀ ਸੋਨੀ ਨੇ ਇਲਾਜ ਕਰ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਕੋਵਿਡ-19 ਅਧੀਨ ਪੰਜਾਬ ਸਰਕਾਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਰਕਾਰੀ ਮੈਡੀਕਲ Corona Virusਕਾਲਜਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ ਦਾ ਸਫਲਤਾ ਪੂਰਵਕ ਇਲਾਜ ਕਰਕੇ ਉਸ ਨੂੰ ਠੀਕ ਕੀਤਾ ਹੈ।ਹਸਪਤਾਲ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਸਪਤਾਲਾਂ ਵਿਚ ਵਿਦੇਸ਼ਾਂ ਤੋਂ ਆਏ ਮਰੀਜ਼ਾਂ ਦਾ ਵੀ ਸਫਲਤਾਪੂਰਵਕ ਇਲਾਜ ਹੋ ਰਿਹਾ ਹੈ।ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਜੋ ਕਿ ਸ਼ਾਨਦਾਰ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ ਅਤੇ ਇਥੋਂ ਦੇ ਡਾਕਟਰਾਂ ਨੇ ਵਿਸ਼ਵ ਭਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।ਹੁਣ ਹਸਪਤਾਲ ਦੇ ਡਾਕਟਰਾਂ ਨੇ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ ਨੂੰ ਠੀਕ ਕਰਕੇ ਘਰ ਭੇਜ ਦਿੱਤਾ ਹੈ।ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਤਿੰਨ ਸੰਸਥਾਵਾਂ ਗੁਰੂ ਨਾਨਕ ਦੇਵ ਕਾਲਜ ਅੰਮ੍ਰਿਤਸਰ, ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਅਤੇ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵਿਚ ਕੋਰੋਨਾ ਦੇ ਨਮੂਨਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ 123 ਨਮੂਨੇ (ਮਰੀਜ਼ ਨਹੀਂ) ਪੰਜਾਬ ਭਰ ਵਿਚੋਂ ਆਏ ਸਨ, ਉਸ ਵਿਚੋਂ 9 ਪਾਜ਼ਿਟਵ ਆਏ ਸਨ।ਇਨਾਂ ਵਿਚੋਂ 3 ਅੰਮ੍ਰਿਤਸਰ ਦਾਖਲ ਸਨ, ਇਨਾਂ ਵਿਚੋਂ ਇਕ ਠੀਕ ਹੋ ਗਿਆ ਹੈ, ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੂਸਰੇ ਦੋ ਵੀ ਠੀਕ ਹੋ ਰਹੇ ਹਨ।ਸੋਨੀ ਨੇ ਕਿਹਾ ਕਿ ਡਾਕਟਰਾਂ ਨੇ ਬੜੀ ਦਲੇਰੀ ਅਤੇ ਹਿੰਮਤ ਨਾਲ ਕੰਮ ਕੀਤਾ ਹੈ।ਜਿਸ ਲਈ ਸਾਰਾ ਸਟਾਫ, ਡਾਕਟਰ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਦਾ ਧੰਨਵਾਦ ਹੈ।
ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਦੋ ਡਾਕਟਰਾਂ ਨੂੰ ਵੀ ਖਾਂਸੀ, ਬੁਖਾਰ ਹੋ ਗਿਆ ਸੀ, ਪਰ ਉਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਉਹ ਡਾਕਟਰ ਵੀ ਬਿਲਕੁੱਲ ਠੀਕ ਹਨ।ਸੋਨੀ ਨੇ ਦੱਸਿਆ ਕਿ ਪਟਿਆਲਾ ਵਿਚ 128 ਸੈਂਪਲ ਲਏ ਸੀ, ਇੰਨਾਂ ਵਿਚੋਂ 125 ਨੈਗੇਟਿਵ ਸਨ ਤੇ ਤਿੰਨ ਪਾਜ਼ੀਟਵ ਹਨ।ਇੰਨਾ ਦਾ ਇਲਾਜ ਸੀ.ਐਮ.ਸੀ, ਡੀ.ਐਮ.ਸੀ ਅਤੇ ਇਕ ਮਰੀਜ਼ ਦਾ ਇਲਾਜ ਨਵਾਂ ਸ਼ਹਿਰ ਚੱਲ ਰਿਹਾ ਹੈ।ਇਹ ਸਾਰੇ ਮਰੀਜ਼ ਠੀਕ-ਠਾਕ ਹਨ।ਇਸੇ ਤਰਾਂ ਫਰੀਦਕੋਟ ਮੈਡੀਕਲ ਯੂਨੀਵਰਸਿਟੀ ਵਿਚ 13 ਨਮੁੂਨੇ ਲਏ ਸੀ, ਜੋ ਕਿ ਸਾਰੇ ਨੈਗੇਟਿਵ ਆਏ ਹਨ।
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਇਸ ਵੇਲੇ ਦਾਖਲ ਦੋ ਮਰੀਜ਼ਾਂ ਵਿਚ ਇਕ ਸ਼ਤਾਬਦੀ ‘ਤੇ ਆਇਆ ਪ੍ਰਵਾਸੀ ਭਾਰਤੀ ਅਤੇ ਇਕ ਹੁਸ਼ਿਆਰਪੁਰ ਤੋਂ ਰੈਫਰ ਕੀਤਾ ਮਰੀਜ਼ ਸ਼ਾਮਿਲ ਹੈ।ਸ਼ਤਾਬਦੀ ਦੇ ਕੋਚ ਸੀ 2 ਦੇ 4 ਯਾਤਰੀਆਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਅਤੇ 2 ਦੀ ਰਿਪੋਰਟ ਆਉਣੀ ਬਾਕੀ ਹੈ।ਇਸ ਤੋਂ ਇਲਾਵਾ 56 ਯਾਤਰੀ ਅਜੇ ਕੁਆਰਨਟਾਈਨ ਸੈਂਟਰਾਂ ਵਿਚ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …