ਲੌਂਗੋਵਾਲ, 4 ਅਪ੍ਰੈਲ (ਪੰਜਾਬ ਪੋਸਟ -ਜਗਸੀਰ ਸਿੰਘ) – ਵਿਸ਼ਵ ਪੱਧਰ ‘ਤੇ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਬਚਾਅ ਲਈ ਨੇੜਲੇ ਪਿੰਡ ਤਕੀਪੁਰ ਨੂੰ ਲੋਕਾਂ ਨੇ
ਪੂਰੀ ਤਰ੍ਹਾਂ ਪਹਿਰੇ ਲਗਾ ਕੇ ਸੀਲ ਕੀਤਾ ਹੋਇਆ ਹੈ ਤਾਂ ਕਿ ਇਸ ਪਿੰਡ ਵਿੱਚ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ।ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀ ਪੰਚਾਇਤ, ਪੰਚ, ਸਰਪੰਚ, ਨੰਬਰਦਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਸਰਪੰਚ ਧਰਵਿੰਦਰ ਸਿੰਘ, ਪੰਚ ਬਲਕਾਰ ਸਿੰਘ, ਕਾਲੀ ਖ਼ਾਨ, ਅੰਮ੍ਰਿਤਪਾਲ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸੁੱਖਾ ਸਿੰਘ, ਮਨਿੰਦਰਪਾਲ ਸਿੰਘ ਅਤੇ ਮਾਸਟਰ ਬਲਵਿੰਦਰ ਸਿੰਘ ਆਦਿ ਸਮੇਤ ਪਿੰਡ ਵਾਸੀਆਂ ਵਲੋਂ ਇਸ ਉਪਰਾਲੇ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।ਪਿੰਡ ਦੇ ਚਾਰੇ ਰਸਤੇ ਪੂਰੀ ਤਰ੍ਹਾਂ ਸੀਲ ਕੀਤੇ ਹੋਏ ਹਨ।ਕਿਸੇ ਵੀ ਬਾਹਰੀ ਵਿਅਕਤੀ ਨੂੰ ਪਿੰਡ ਵਿੱਚ ਦਾਖਲ ਹੋਣ ਦੀ ਮਨਾਹੀ ਕੀਤੀ ਗਈ ਹੈ।ਇੱਥੋਂ ਤੱਕ ਕਿ ਕਿਸੇ ਵੀ ਰਿਸ਼ਤੇਦਾਰ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਦੇ ਸੁਨੇਹੇ ਰਿਸ਼ਤੇਦਾਰਾਂ ਨੂੰ ਫੋਨਾਂ ‘ਤੇ ਲਗਾਏ ਗਏ ਹਨ।ਪਿੰਡ ਦੇ ਲੋਕਾਂ ਲਈ ਆਟਾ ਚੱਕੀ ਤੇ ਹਰੀ ਸਬਜ਼ੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।