ਪੰਜਾਬ ਸਰਕਾਰ 1 ਮਿਲੀਅਨ ਲੋਕਾਂ ਦੀ ਸਕ੍ਰੀਨਿੰਗ ਲਈ ਸ਼ੁਰੂ ਕਰੇਗੀ ਰੈਪਿਡ ਟੈਸਟਿੰਗ ਮੁਹਿੰਮ – ਸਿਹਤ ਮੰਤਰੀ
ਚੰਡੀਗੜ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ, ਰਾਜਸਥਾਨ, ਛੱਤੀਸਗੜ ਅਤੇ ਪੁਡੂਚੇਰੀ ਦੇ ਸਿਹਤ ਮੰਤਰੀਆਂ ਨੇ ਦੇਰ ਸ਼ਾਮ ਵੀਡੀਓ ਕਾਨਫ਼ਰੰਸ ਜ਼ਰੀਏ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਆਪਣੇ ਸੂੂਬਆਂ ਵਿੱਚ ਅਪਣਾਏ ਗਏ ਅਹਿਮ ਅਭਿਆਸ ਸਾਂਝੇ ਕੀਤੇ।ਹਰੇਕ ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਨੇ ਆਪਣੀ ਰਣਨੀਤੀ ਸਾਹਮਣੇ ਰੱਖੀ ਅਤੇ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦਿਆਂ ਟਰੇਸਿੰਗ ਅਤੇ ਟੈਸਟਿੰਗ ਨੂੰ ਵਧਾਉਣ ਦੀ ਲੋੜ `ਤੇ ਸਹਿਮਤੀ ਪ੍ਰਗਟਾਈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੋਰਨਾਂ ਮੰਤਰੀਆਂ ਨੂੰ ਦੱਸਿਆ ਕਿ ਪੰਜਾਬ ਨੇ ਲੋੜੀਂਦੀਆਂ ਮਸ਼ੀਨਾਂ ਦੀ ਖਰੀਦ ਨਾਲ ਟੈਸਟਿੰਗ ਸਮਰੱਥਾ ਨੂੰ 10 ਗੁਣਾ ਵਧਾ ਦਿੱਤਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 1 ਮਿਲੀਅਨ ਲੋਕਾਂ ਦੀ ਸਕ੍ਰੀਨਿੰਗ ਕਰਨ ਦੇ ਉਦੇਸ਼ ਨਾਲ ਰੈਪਿਡ ਟੈਸਟਿੰਗ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਪੰਜਾਬ ਮੰਤਰੀ ਮੰਡਲ ਵਲੋਂ ਮਨਜ਼ੂਰੀ ਮਿਲਣ ਉਪਰੰਤ ਆਈ.ਸੀ.ਐਮ.ਆਰ ਨੂੰ 1 ਲੱਖ ਕਿੱਟਾਂ ਦਾ ਆਰਡਰ ਦੇ ਦਿੱਤਾ ਹੈ।ਇਸ ਤੋਂ ਇਲਾਵਾ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਵਾਇਰਲ ਰਿਸਰਚ ਡਾਇਗਨੋਸਟਿਕ ਲੈਬਜ਼ (ਵੀ.ਆਰ.ਡੀ.ਐੱਲ) ਦੀ ਟੈਸਟਿੰਗ ਸਮਰੱਥਾ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਤੋਂ ਜੀ.ਐੱਮ.ਸੀ. ਫਰੀਦਕੋਟ, ਡੀ.ਐੱਮ.ਸੀ ਅਤੇ ਸੀ.ਐੱਮ.ਸੀ ਲੁਧਿਆਣਾ ਵਿਖੇ ਟੈਸਟਿੰਗ ਲਈ ਮਨਜ਼ੂਰੀ ਮੰਗੀ ਗਈ ਹੈ।
ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਵਿਖੇ ਪੀਪੀਈ ਕਿੱਟਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਜਿਸ ਨਾਲ ਪੰਜਾਬ ਆਪਣੀ ਲੋੜ ਨੂੰ ਪੂਰਾ ਕਰ ਸਕੇਗਾ ਬਲਕਿ ਹੋਰ ਸੂਬਿਆਂ ਨੂੰ ਸਪਲਾਈ ਕਰਨ ਲਈ ਵੀ ਲੋੜੀਂਦੀਆਂ ਕਿੱਟਾਂ ਬਣਾ ਲਵੇਗਾ।
ਵੀਡਿਓ ਕਾਨਫਰੰਸ ਦੌਰਾਨ ਕੁੱਝ ਸਿਹਤ ਮੰਤਰੀਆਂ ਨੇ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੀ ਸੂਰਤ ਵਿੱਚ ਹਰੇਕ ਜ਼ਿਲਾ ਹੈਡਕੁਆਟਰ ਵਿਖੇ ਜਾਂਚ ਸਹੂਲਤ ਸਥਾਪਤ ਕਰਨ ਦੀ ਸਲਾਹ ਦਿੱਤੀ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਲਾਂਕਿ ਭਾਰਤ ਸਰਕਾਰ ਤੋਂ ਜੀ.ਐਮ.ਸੀ ਫਰੀਦਕੋਟ, ਡੀ.ਐਮ.ਸੀ ਅਤੇ ਸੀ.ਐਮ.ਸੀ ਲੁਧਿਆਣਾ ਵਿਖੇ ਟੈਸਟਿੰਗ ਨੂੰ ਮਨਜ਼ੂਰੀ ਮਿਲਣ ਨਾਲ ਪੰਜਾਬ ਇਸ ਹਾਲਾਤ ਨਾਲ ਨਜਿਠਣ ਦੀ ਉਮੀਦ ਕਰ ਰਿਹਾ ਹੈ।
ਸਾਰੇ ਮੰਤਰੀ ਸਹਿਬਾਨਾਂ ਨੇ ਸਹਿਮਤੀ ਪ੍ਰਗਟਾਈ ਕਿ ਹੁਣ ਤੱਕ, ਇਨਫਲੂਐਨਜ਼ਾ ਲਾਈਕ ਇਲਨੈਸ (ਆਈ.ਐਲ.ਆਈ) ਦੇ ਕੇਸਾਂ ਜਾਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਜਾਂ ਕੋਵਿਡ-19 ਦੇ ਮਰੀਜ਼ਾਂ ਦੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਨਾਂ ਲੱਛਣਾਂ ਵਾਲੇ ਕੇਸ ਪਾਜ਼ਟਿਵ ਪਾਏ ਜਾ ਰਹੇ ਹਨ, ਇਹ ਚਿੰਤਾਜਨਕ ਹੈ ਅਤੇ ਜਿਸ ਲਈ ਬਿਹਤਰ ਤਿਆਰੀ ਕਰਨੀ ਜਰੂਰੀ ਹੈ।
ਵੀਡੀਓ ਕਾਨਫਰੰਸ ਵਿੱਚ ਮਨੀਸ਼ ਤਿਵਾੜੀ, ਸ਼ਸ਼ੀ ਥਰੂਰ (ਦੋਵੇਂ ਮੈਂਬਰ ਪਾਰਲੀਮੈਂਟ) ਅਤੇ ਪਦਮ ਭੂਸ਼ਣ ਸਾਮ ਪਿਤਰੋਦਾ ਵੀ ਸ਼ਾਮਲ ਸਨ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …