ਸੰਗਰੂਰ, 3 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਾਂਗਰਸ ਹਕੂਮਤ ਦੀ ਛਤਰ ਛਾਇਆ ਹੇਠ ਕਿਸਾਨਾਂ ਨੂੰ ਝੋਨੇ ਦੇ ਨਕਲੀ ਬੀਜ ਵੇਚੇ ਜਾਣ ਦਾ 6 ਸਕੈਂਡਲ ਸਾਹਮਣੇ ਆਉਣ ਨਾਲ ਅਕਾਲੀ ਹਕੂਮਤ ਦਾ ਇਤਿਹਾਸ ਦੁਹਰਾਇਆ ਗਿਆ ਹੈ! ਅਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਚੱਲਦਾ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਦਾ ਸਕੈਂਡਲ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਪੰਜਾਬ ਦੀ ਨਰਮਾ ਪੱਟੀ ਅੰਦਰ ਅਮਰੀਕਨ ਸੁੰਡੀ ਨੇ ਨਰਮਾ ਇੱਕ ਵੱਢਿਉਂ ਚੱਟ ਕਰ ਦਿੱਤਾ ਸੀ।ਉਸ ਸਕੈਂਡਲ ਦੇ ਦੋਸ਼ੀਆਂ ਦਾ ਕੀ ਬਣਿਆ ਕਿਸੇ ਨੂੰ ਕੁੱਝ ਵੀ ਮਾਲੂਮ ਨਹੀਂ ਅਤੇ ਮੌਜੂਦਾ ਸੀਡ ਸਕੈਂਡਲ ਦੇ ਮੁਲਜ਼ਮਾਂ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਕਦੋਂ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਸ ਦਾ ਵੀ ਕੋਈ ਭਰੋਸਾ ਨਹੀਂ।ਦਰਅਸਲ ਕਾਂਗਰਸੀ ਅਤੇ ਅਕਾਲੀ ਦੋਵੇਂ ਹੀ ਸਰਕਾਰਾਂ ਨਕਲੀ ਦਵਾਈਆਂ, ਨਕਲੀ ਖਾਦਾਂ, ਤੇ ਨਕਲੀ ਬੀਜ ਵੇਚਣ ਵਾਲਿਆਂ ਦੀਆਂ ਸਰਪ੍ਰਸਤ ਹਨ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਇਥੋਂ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਅਤੇ ਦੇਸ਼ ਪੰਜਾਬ ਮੋਰਚੇ ਦੇ ਕਨਵੀਨਰ ਹਰਬੰਸ ਸਿੰਘ ਮਾਂਗਟ ਨੇ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਕਾਂਗਰਸ ਦੀ ਸਰਕਾਰ ਕੋਲੋਂ ਜਾਂ ਅਕਾਲੀ-ਭਾਜਪਾ ਸਰਕਾਰ ਕੋਲੋਂ ਆਪਣੇ ਭਲੇ ਦੀ ਉਮੀਦ ਨਾ ਰੱਖਣ ਕਿਉਂਕਿ ਇਨ੍ਹਾਂ ਦੋਵਾਂ ਹੀ ਸਰਕਾਰਾਂ ਦੀਆਂ ਨੀਤੀਆਂ ਕਿਸਾਨਾਂ ਨੂੰ ਉਜਾੜਨ ਵਾਲੀਆਂ ਹਨ।
ਉਹਨਾਂ ਕਿਹਾ ਕਿ ਇਸ ਸਕੈਂਡਲ ਵਿੱਚ ਸਿਆਸਤਦਾਨਾਂ ਦੀ ਸ਼ੱਕੀ ਭੂਮਿਕਾ ਨੂੰ ਵੇਖਦਿਆਂ ਹੋਇਆਂ ਇਸ ਸਕੈਂਡਲ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਜਾਂਚ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …