ਗੁਰੂ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਸਨਮੁੱਖ ਪੇਸ਼ ਕੀਤੀ ਸ਼ਹਾਦਤ ਤੇ ਕੁਰਬਾਨੀ ਦੀ ਅਦੁੱਤੀ ਮਿਸਾਲ – ਡਾ. ਗੋਗੋਆਣੀ
ਅੰਮਿ੍ਤਸਰ, 20 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਆਈ.ਕਿਯੂ.ਏ.ਸੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਲੈਕਚਰ ’ਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ’ਚ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸੁਆਗਤ ਕੀਤਾ।
ਆਪਣੇ ਸਵਾਗਤੀ ਭਾਸ਼ਣ ’ਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਜਦੋਂ ਕਿ ਕੋਰੋਨਾ ਮਹਾਮਾਰੀ ਨੇ ਸਮੂਹ ਵਿਸ਼ਵ ’ਚ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹਰੇਕ ਮਨੁੱਖ ਚਿੰਤਾ ਅਤੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ, ਉਸ ਸਮੇਂ ਧਰਮ ਅਤੇ ਇਸ ਦੇ ਉਪਦੇਸ਼ ਰਾਹੀਂ ਹੀ ਮਨੁੱਖ ਮਾਨਸਿਕ ਸ਼ਾਂਤੀ ਦੇ ਰਾਹ ’ਤੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸਾਨੂੰ ਨਿਡਰਤਾ, ਸਬਰ, ਸੰਤੋਖ ਅਤੇ ਕੁਰਬਾਨੀ ਜਿਹੀਆਂ ਵਿਸ਼ੇਸ਼ ਸਿੱਖਿਆਵਾਂ ਮਿਲਦੀਆਂ ਹਨ, ਜਿੰਨ੍ਹਾਂ ਰਾਹੀਂ ਹਰੇਕ ਮਨੁੱਖ ਨੈਤਿਕਤਾ ਦਾ ਰਾਹ ਅਪਨਾ ਸਕਦਾ ਹੈ।ਉਨ੍ਹਾਂ ਪ੍ਰੋਗਰਾਮ ਆਯੋਜਿਤ ਕਰਨ ’ਤੇ ਕਾਲਜ ਦੇ ਇੰਟਰਨਲ ਕੁਆਲਿਟੀ ਐਸੋਰੇਂਸ ਸੈਲ (ਆਈ.ਕਿਯੂ.ਏ.ਸੀ) ਦੀ ਵੀ ਸ਼ਲਾਘਾ ਕੀਤੀ।
ਡਾ. ਗੋਗੋਆਣੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਾਨਵਤਾ ਦੇ ਸਨਮੁੱਖ ਸ਼ਹਾਦਤ ਅਤੇ ਕੁਰਬਾਨੀ ਦੀ ਇਕ ਅਦੁੱਤੀ ਮਿਸਾਲ ਪੇਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਨਾਮ ਸਿਮਰਨ, ਅਡੋਲ ਚਿਤ, ਗੰਭੀਰਤਾ ਅਤੇ ਦੁਨਿਆਵੀ ਖਾਹਿਸ਼ਾਂ ਤੋਂ ਦੂਰ ਰਹਿਣਾ ਗੁਰੂ ਜੀ ਦੀ ਸਖਸ਼ੀਅਤ ਦੇ ਮੁੱਖ ਗੁਣ ਹੋਏ ਹਨ।ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਤੇ ਬਾਣੀ ਰਾਹੀਂ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਉਪਰ ਚਾਨਣਾ ਪਾਉਂਦੇ ਹੋਏ ਮਨੁੱਖੀ ਜਨਮ ਅਤੇ ਉਸ ਦੇ ਉਦੇਸ਼ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਗੁਰੂ ਜੀ ਦੀ ਬਾਣੀ ਅਤੇ ਸਮਾਜ ਦੀ ਬਦਲ ਰਹੀ ਮਾਨਸਿਕਤਾ ਬਾਰੇ ਵੀ ਵਿਚਾਰ ਚਰਚਾ ਕੀਤੀ।
ਪ੍ਰੋਗਰਾਮ ਦੇ ਅੰਤ ’ਚ ਪ੍ਰਿੰਸੀਪਲ. ਡਾ: ਹਰਪ੍ਰੀਤ ਕੌਰ, ਡਾ: ਨਿਰਮਲਜੀਤ ਕੌਰ ਸੰਧੂ (ਵਾਈਸ ਪ੍ਰਿੰਸੀਪਲ), ਸ੍ਰੀਮਤੀ ਪੂਨਮਪ੍ਰੀਤ ਕੌਰ ਅਤੇ ਡਾ: ਅਵਨੀਤ ਕੌਰ ਦੁਆਰਾ ਆਏ ਹੋਏ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।