ਦਿੱਲੀ ਵਿਖੇ ਚੱਲ ਰਹੇ ਕਿਸਾਨ ਧਰਨੇ ਵਿਚ ਗਿਆ ਤਾਇਆ ਪ੍ਰੀਤਮ ਸਿੰਘ ਅੱਜ ਦਸ ਕੁ ਦਿਨਾਂ ਬਾਅਦ ਵਾਪਸ ਘਰ ਪਰਤਿਆ।ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਧਰਨੇ ਸਬੰਧੀ ਬਹੁਤ ਗੱਲਾਂ ਦੱਸਦਾ ਰਿਹਾ ਕਿ ਕਿਵੇਂ ਲੰਗਰ ਚੱਲ ਰਿਹਾ, ਕੀ ਕੁੱਝ ਆ ਰਿਹਾ, ਕਿਵੇਂ ਸਟੇਜ਼ ਲੱਗਦੀ ਹੈ ਤੇ ਹੋਰ ਗੱਲਾਂ ਬਾਤਾਂ ਕਰਦਾ ਤਾਇਆ ਪ੍ਰੀਤਮ ਸਿਓ ਸੌਂ ਗਿਆ।
               ਦੂਜੇ ਦਿਨ ਤਾਇਆ ਉੱਠਿਆ ਇਸ਼ਨਾਨ ਪਾਣੀ ਕਰਕੇ ਗੁਰਦੁਆਰੇ ਮੱਥਾ ਟੇਕਣ ਗਿਆ ਤੇ ਆ ਕੇ ਆਪਣੀ ਪਤਨੀ ਤਾਈ ਦੇਬੋ ਤੋਂ ਪੀਣ ਲਈ ਚਾਹ ਮੰਗੀ।ਤਾਈ ਰਸੋਈ ਵਿਚੋਂ ਚਾਹ ਦਾ ਗਲਾਸ ਲਿਆ ਕੇ ਤਾਏ ਨੂੰ ਫੜਾਉਂਦੀ ਹੈ।ਤਾਇਆ ਦੋ ਕੁ ਘੁੱਟਾਂ ਪੀ ਕੇ ਚਾਹ ਦਾ ਗਲਾਸ ਥੱਲੇ ਰੱਖਦਾ ਬੁੜ-ਬੁੜ ਕਰਦਾ ਕਹਿੰਦਾ, “ਤੱਤਾ ਪਾਣੀ ਜਾ ਪਲਾਤਾ ਦੇਬੋ, ਚਾਹ ਤਾਂ ਧਰਨੇ ‘ਤੇ ਪੀ ਦੀ ਸੀ ਜਿਹੜੀ ਚਿਕ ਵਰਗੀ ਗਾੜ੍ਹੀ ਲੌਂਗ ਲੈਚੀਆਂ ਵਾਲੀ ਮਸਾਲੇਦਾਰ ਹੁੰਦੀ ਸੀ, ਨਾਲ ਨੂੰ ਵਧੀਆ ਬਿਸਕੁੱਟ ਰਸ ਪਿੰਨੀਆਂ ਮਿਲਦੇ ਸੀ।ਹੁਣ ਨਹੀਂ ਇਹ ਚਾਹ ਸਵਾਦ ਲੱਗਦੀ, ਮੁੜ ਕੱਲ੍ਹ ਨੂੰ ਦਿੱਲੀ ਨੂੰ ਹੀ ਚੜ੍ਹਦੇ ਹਾਂ।ਇਹ ਕਹਿੰਦਾ ਹੋਇਆ ਤਾਇਆ ਗਲੀ ਵਿੱਚੋਂ ਜਾ ਕੇ ਚੌਂਤਰੇ ‘ਤੇ ਬੈਠ ਗਿਆ।03012021

ਬਲਬੀਰ ਸਿੰਘ ਬੱਬੀ 
ਮੋ – 7009107300
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					