Tuesday, December 24, 2024

ਮੋਦੀ ਸਰਕਾਰ ਕਿਸਾਨੀ ਮਾਮਲੇ `ਚ ਅਦਾ ਕਰੇ ਆਪਣੀ ਸਹੀ ਭੂਮਿਕਾ – ਦਮਦਮੀ ਟਕਸਾਲ

ਕਿਸਾਨ ਸੰਘਰਸ਼ ਲਈ ਸਟੇਜ `ਤੇ ਸੌਂਪੀ 5 ਲੱਖ ਦੀ ਰਾਸ਼ੀ, 21 ਕੁਵਿੰਟਲ ਖੋਏ ਦੀਆਂ ਵਰਤਾਈਆਂ ਪਿੰਨੀਆਂ ਵੀ

ਸਿੰਘੂ ਬਾਰਡਰ ਦਿੱਲੀ, 8 ਜਨਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਦਿੱਲੀ ਕਿਸਾਨ ਮੋਰਚੇ ਲਈ 5 ਲੱਖ ਰੁਪੈ ਦਾ ਯੋਗਦਾਨ ਪਾਇਆ ਗਿਆ ਹੈ।ਸਿੰਘੂ ਸਰਹੱਦ ਵਿਖੇ ਮੇਨ ਸਟੇਜ਼ `ਤੇ ਇਹ ਰਕਮ ਮੋਰਚੇ ਦੇ ਆਗੂਆਂ ਦੇ ਹਵਾਲੇ ਕਰਦਿਆਂ ਦਮਦਮੀ ਟਕਸਾਲ ਦੇ ਆਗੂ ਗਿਆਨੀ ਬਾਬਾ ਜੀਵਾ ਸਿੰਘ ਨੇ ਮੋਦੀ ਸਰਕਾਰ ਨੂੰ ਕਿਸਾਨੀ ਮਾਮਲੇ `ਚ ਆਪਣੀ ਸਹੀ ਭੂਮਿਕਾ ਅਦਾ ਕਰਨ ਲਈ ਕਿਹਾ ਹੈ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਅਨੁਸਾਰ ਦੋ ਦਰਜ਼ਨ ਗੱਡੀਆਂ ਦੇ ਕਾਫ਼ਲੇ ਦੀ ਅਗਵਾਈ ਕਰਦਿਆਂ ਕਿਸਾਨ ਮੋਰਚੇ `ਚ ਪਹੁੰਚੇ ਗਿਆਨੀ ਜੀਵਾ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਦੇਸ਼ਾਂ ਦੀ ਥਾਂ ਭਾਰਤ `ਚ ਲੋਕਤੰਤਰ ਨੂੰ ਬਣਾਈ ਰੱਖਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿਸ਼ਵ ਦਾ ਸਭ ਤੋਂ ਲੰਮਾ ਤੇ ਇਤਿਹਾਸਕ ਸ਼ਾਂਤਮਈ ਅੰਦੋਲਨ ਹੈ।ਹੱਡ ਚੀਰਵੀਂ ਠੰਢ ਦੇ ਬਾਵਜ਼ੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ।ਕਿਸਾਨਾਂ ਵੱਲੋਂ ਤਕਰੀਬਨ ਸਾਰੇ ਪਾਸਿਓਂ ਦਿੱਲੀ ਦੀ ਘੇਰਾਬੰਦੀ ਕਰਦਿਆਂ ਅਥਾਹ ਜੋਸ਼ ਅਤੇ ਜਨੂਨ ਦਾ ਪ੍ਰਗਟਾਵਾ ਕਰਨਾ ਇਹ ਦੱਸਣ ਲਈ ਕਾਫ਼ੀ ਹੈ ਕਿ ਕਿਸਾਨ ਖੇਤੀ ਬਾਰੇ ਤਿੰਨੇ ਕਾਲੇ ਕਾਨੂੰਨ ਰੱਦ ਕਰਾਏ ਬਿਨਾ ਪਿੱਛੇ ਨਹੀਂ ਹਟਣ ਲੱਗਾ।ਉਨ੍ਹਾਂ ਮੋਦੀ ਸਰਕਾਰ ਦੀ ਬੇਰੁਖ਼ੀ `ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਕਿਸਾਨ ਵਿਰੋਧੀ ਰਵੱਈਆ ਨਾ ਬਦਲਿਆ ਤਾਂ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੋਵੇਗਾ।ਦਮਦਮੀ ਟਕਸਾਲ ਵੱਲੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ `ਤੇ ਕਿਸਾਨ ਮੋਰਚੇ `ਚ ਡਟੇ ਅੰਦੋਲਨਕਾਰੀਆਂ ਨੂੰ 21 ਕੁਵਿੰਟਲ ਖੋਏ ਦੀਆਂ ਪਿੰਨੀਆਂ ਵਰਤਾਈਆਂ ਗਈਆਂ।
                 ਇਸ ਮੌਕੇ ਜਥੇ ਨਾਲ ਜਥੇ: ਭਾਈ ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਗਿਆਨੀ ਸਾਹਿਬ ਸਿੰਘ, ਗਿਆਨੀ ਗੁਰਪ੍ਰੀਤ ਸਿੰਘ ਵੈਦ, ਮਾਸਟਰ ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਮਾਣਕਰਾਏ, ਸਰਪੰਚ ਅਮਰ ਸਿੰਘ ਮਧਰੇ,ਅਮਰਜੀਤ ਸਿੰਘ ਚਹੇੜੂ, ਕਰਮਜੀਤ ਸਿੰਘ ਡਿਪਟੀ, ਗੁਰਦੇਵ ਸਿੰਘ ਬਡਿਆਣਾ, ਭਾਈ ਰਸ਼ਪਾਲ ਸਿੰਘ ਝੋਕਮੋਹੜੇ, ਤਰਸੇਮ ਸਿੰਘ ਫਿਰੋਜ਼ਪੁਰ, ਕੁਲਵੰਤ ਸਿੰਘ ਕੋਟ ਈਸੇ ਖਾਂ, ਬਾਬਾ ਤੋਪਚੀ ਸਿੰਘ, ਚਮਕੌਰ ਸਿੰਘ, ਹਰਨੇਕ ਸਿੰਘ, ਗੁਰਦੇਵ ਸਿੰਘ, ਰਵਿੰਦਰ ਪਾਲ ਸਿੰਘ ਰਾਜੂ ਅਤੇ ਸੰਦੀਪ ਸਿੰਘ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …