Monday, December 23, 2024

ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਬਾਰੇ ਸਰਚਾਂਦ ਸਿੰਘ ਦੇ ਇਲਜ਼ਾਮ ਅਧੂਰੀ ਜਾਣਕਾਰੀ ਦਾ ਪ੍ਰਗਟਾਵਾ – ਸੁਖਮਿੰਦਰ ਸਿੰਘ

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਬਾਰੇ ਸਰਚਾਂਦ ਸਿੰਘ ਖਿਆਲਾ ਵੱਲੋਂ ਬੇਬੁਨਿਆਦ ਇਲਜ਼ਾਮਬਾਜ਼ੀ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਨਵੀਂ ਵੈਬਸਾਈਟ ’ਤੇ ਪਹਿਲੀ ਵੈਬਸਾਈਟ ਦਾ ਸਾਰਾ ਡਾਟਾ ਪਾਇਆ ਜਾਣਾ ਹੈ, ਜਿਸ ਬਾਰੇ ਕੰਮ ਜਾਰੀ ਹੈ।
                 ਉਨ੍ਹਾਂ ਸਪੱਸ਼ਟ ਕੀਤਾ ਕਿ ਲੰਘੇ ਜਨਵਰੀ ਮਹੀਨੇ ਵਿਚ ਸ਼੍ਰੋਮਣੀ ਕਮੇਟੀ ਦੀ ਨਵੀਂ ਵੈਬਸਾਈਟ ਬਣਾਈ ਗਈ ਸੀ, ਕਿਉਂਕਿ ਪਹਿਲੀ ਵੈਬਸਾਈਟ ਦਾ ਡੋਮੇਨ ਐਸਜੀਪੀਸੀ ਡਾਟ ਨੈਟ ਇਕ ਨੈਟਵਰਕ ਨੂੰ ਰੂਪਮਾਨ ਕਰਦਾ ਸੀ, ਜਦਕਿ ਸ਼੍ਰੋਮਣੀ ਕਮੇਟੀ ਇਕ ਵੱਡੀ ਸੰਸਥਾ ਹੈ।ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਡੋਮੇਨ ਨੂੰ ਬਦਲ ਕੇ ਐਸਜੀਪੀਸੀ ਅੰਮ੍ਰਿਤਸਰ ਡਾਟ ਓਆਰਜੀ ਕੀਤਾ ਗਿਆ।ਇਸ ਵੈਬਸਾਈਟ ਦੀ ਅਪਡੇਸ਼ਨ ਨਿਰੰਤਰ ਜਾਰੀ ਹੈ, ਜਿਸ ’ਤੇ ਪਹਿਲੀ ਵੈਬਸਾਈਟ ਵਾਲਾ ਸਾਰਾ ਡਾਟਾ ਮੌਜੂਦ ਹੋਵੇਗਾ।ਸੁਖਮਿੰਦਰ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨਵੀਂ ਵੈਬਸਾਈਟ ਵਿਚ ਸਮੇਂ ਦੀ ਲੋੜ ਅਨੁਸਾਰ ਆਧੁਨਿਕਤਾ ਲਿਆਂਦੀ ਗਈ ਹੈ।
                    ਉਨ੍ਹਾਂ ਸਰਚਾਂਦ ਸਿੰਘ ਵੱਲੋਂ ਪਹਿਲੀ ਵੈਬਸਾਈਟ ਦਾ ਡਾਟਾ ਖੁਰਦ ਬੁਰਦ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਤਰਕਹੀਣ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਦਾ ਸਾਰਾ ਡਾਟਾ ਸੁਰੱਖਿਅਤ ਹੈ ਅਤੇ ਉਸ ਨੂੰ ਨਵੀਂ ਵੈਬਸਾਈਟ ’ਤੇ ਅਪਡੇਟ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਥੋਂ ਤੱਕ ਪੁਰਾਤਨ ਰਿਕਾਰਡਿਡ ਕੀਰਤਨ, ਕਥਾ, ਮੁਖਵਾਕ ਅਤੇ ਕਿਤਾਬਾਂ ਆਦਿ ਦਾ ਸਬੰਧ ਹੈ, ਇਹ ਨਵੀਂ ਵੈਬਸਾਈਟ ’ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਤੇ ਸਿੱਖ ਰਹਿਤ ਮਰਯਾਦਾ ਨਾਲ ਸਬੰਧਿਤ ਜਾਣਕਾਰੀ ਵੀ ਵੈਬਸਾਈਟ ਦਾ ਹਿੱਸਾ ਹੋਵੇਗੀ।
                     ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਹੋਈ ਹੈ, ਜਿਸ ਵਿਚ ਡਾ. ਬਲਵੰਤ ਸਿੰਘ ਢਿੱਲੋਂ, ਡਾ. ਪਰਮਵੀਰ ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ ਤੇ ਡਾ. ਜੋਗੇਸ਼ਵਰ ਸਿੰਘ ਸ਼ਾਮਲ ਹਨ।ਇਥੇ ਹੀ ਬਸ ਨਹੀਂ ਬਹੁਤ ਸਾਰੀਆਂ ਇਤਿਹਾਸਕ ਅਤੇ ਸਿੱਖੀ ਨਾਲ ਸਬੰਧਤ ਨਵੀਆਂ ਪੁਸਤਕਾਂ ਵੀ ਇਸ ਵੈਬਸਾਈਟ ਦਾ ਹਿੱਸਾ ਹੋਣਗੀਆਂ।ਉਨ੍ਹਾਂ ਕਿਹਾ ਕਿ ਤਿਆਰ ਕੀਤੀ ਨਵੀਂ ਵੈਬਸਾਈਟ ਸ਼੍ਰੋਮਣੀ ਕਮੇਟੀ ਦੇ ਸਾਰੇ ਅਦਾਰਿਆਂ ਦੇ ਕੇਂਦਰੀਕਰਨ ਦਾ ਇਕ ਯਤਨ ਹੈ, ਜਿਸ ਵਿਚ ਵੱਖ-ਵੱਖ ਅਦਾਰਿਆਂ ਦੀਆਂ ਵੈਬਸਾਈਟਾਂ ਨੂੰ ਇਕ ਥਾਂ ’ਤੇ ਕੇਂਦਿਰਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵੈਬਸਾਈਟ ਦੀ ਅਪਡੇਸ਼ਨ ਦਾ ਕੰਮ ਮੁਕੰਮਲ ਹੋਣਾ ਅਜੇ ਬਾਕੀ ਹੈ।
                         ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਨੇ ਕਿਹਾ ਕਿ ਵੈਬਸਾਈਟ ਦਾ ਕੰਮ ਮੁਕੰਮਲ ਹੋਣ ਮਗਰੋਂ ਇਹ ਸੰਗਤਾਂ ਨਾਲ ਸਿੱਧੇ ਰਾਬਤੇ ਲਈ ਇਕ ਬੇਹਤਰ ਮਾਧਿਅਮ ਸਾਬਤ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਦੇ ਕੰਮ-ਕਾਜ਼ ਬਾਰੇ ਸੁਖਾਲੇ ਢੰਗ ਨਾਲ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸਿੱਖ ਇਤਿਹਾਸ, ਗੁਰਬਾਣੀ ਕੀਰਤਨ ਅਤੇ ਸਿੱਖ ਸਰਗਰਮੀਆਂ ਬਾਰੇ ਜਾਣ ਸਕਣਗੀਆਂ।ਉਨ੍ਹਾਂ ਕਿਹਾ ਕਿ ਜੇਕਰ ਸਰਚਾਂਦ ਸਿੰਘ ਸੱਚਮੁਚ ਹੀ ਸਿੱਖ ਸੰਸਥਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਸੰਜ਼ੀਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਕਿਸੇ ਵੀ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰੇ ਅਤੇ ਆਪਣੇ ਸੁਝਾਅ ਦੇਵੇ, ਜਿਸ ਦਾ ਸ਼੍ਰੋਮਣੀ ਕਮੇਟੀ ਸਵਾਗਤ ਕਰੇਗੀ।ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਹੈ, ਜਿਸ ਦੇ ਅਕਸ ਨੂੰ ਸੰਗਤ ਵਿੱਚ ਵਿਗਾੜਨਾ ਨਹੀਂ ਚਾਹੀਦਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …