Tuesday, December 24, 2024

ਲੂ ਤੋਂ ਬਚਾਅ ਲਈ ਵਰਤੀਆਂ ਜਾਣ ਸਾਵਧਾਨੀਆਂ-ਡਾ. ਸ਼ੇਨਾ ਅਗਰਵਾਲ

ਗਰਮੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੀਤਾ ਸੁਚੇਤ

ਨਵਾਂਸ਼ਹਿਰ, 2 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸੇਨਾ ਅਗਰਵਾਲ ਨੇ ਪੈ ਰਹੀ ਸਖ਼ਤ ਗਰਮੀ ਦੌਰਾਨ ਲੂ (ਗਰਮ ਹਵਾ) ਤੋਂ ਬਚਣ ਲਈ ਜ਼ਿਲ੍ਹਾ ਵਾਸੀਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿਚ ਅਸੀਂ ਕੋਵਿਡ ਦੇ ਨਾਲ-ਨਾਲ ਲੂ ਤੋਂ ਵੀ ਬਚਾਅ ਕਰਨਾ ਹੈ।
                     ਡਿਪਟੀ ਕਮਿਸ਼ਨਰ ਅਨੁਸਾਰ ਗਰਮੀ ਦੌਰਾਨ ਜੇ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸੇ ਤਰ੍ਹਾਂ ਹਵਾਦਾਰ, ਹਲਕੇ ਅਤੇ ਹਲਕੇ ਰੰਗਾਂ ਦੇ ਖਾਦੀ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਵੇ ਅਤੇ ਧੁੱਪ ਤੋਂ ਬਚਣ ਲਈ ਐਨਕਾਂ, ਛਤਰੀ, ਜੁੱਤੇ ਆਦਿ ਪਾਉਣ ਤੋਂ ਇਲਾਵਾ ਸਿਰ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਪਾਣੀ ਨਾਲ ਜ਼ਰੂਰ ਰੱਖਿਆ ਜਾਵੇ।ਜੇ ਕੋਈ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਵੇ। ਹੋਰਨਾਂ ਲੋਕਾਂ ਤੋਂ ਘੱਟੋ-ਘੱਟ ਇਕ ਮੀਟਰ ਦੀ ਦੂਰੀ ਰੱਖੀ ਜਾਵੇ।ਹੱਥਾਂ ਨੂੰ ਵਾਰ-ਵਾਰ ਸਾਬਣ ਤੇ ਪਾਣੀ ਨਾਲ ਧੋਤਾ ਜਾਵੇ। ਜੇਕਰ ਪਾਣੀ ਤੇ ਸਾਬਣ ਉਪਲਬੱਧ ਨਾ ਹੋਣ ਤਾਂ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾਵੇ।ਘਰ ਦੇ ਹਰੇਕ ਮੈਂਬਰ ਵੱਲੋਂ ਵੱਖਰੇ ਤੋਲੀਏ ਦੀ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਧੋਤਾ ਜਾਵੇ।
                     ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਓ.ਆਰ.ਐਸ ਘੋਲ, ਲੱਸੀ, ਤੋਰਾਨੀ (ਚੌਲਾਂ ਦਾ ਪਾਣੀ), ਨਿੰਬੂ ਪਾਣੀ, ਬਟਰ ਮਿਲਕ ਆਦਿ ਨੂੰ ਸਰੀਰਕ ਲੋੜ ਮੁਤਾਬਿਕ ਨਾਲ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਲੂ ਲੱਗਣ ਦੇ ਲੱਛਣਾਂ ਜਿਵੇਂ ਕਮਜ਼ੋਰੀ, ਸੁਸਤੀ, ਸਿਰ ਦਰਦ, ਨਜ਼ਲਾ, ਪਸੀਨਾ ਅਤੇ ਦੌਰਿਆਂ ਆਦਿ ਤੋਂ ਪੀੜਤ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਕੱਲੇ ਇਨਸਾਨਾਂ ਹੀ ਨਹੀਂ ਬਲਕਿ ਪਸ਼ੂਆਂ ਨੂੰ ਵੀ ਲੂ ਤੋਂ ਬਚਾਉਣਾ ਜ਼ਰੂਰੀ ਹੈ, ਜਿਸ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਛਾਵੇਂ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਪਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਘਰਾਂ ਨੂੰ ਠੰਡੇ ਰੱਖਣ, ਪਰਦਿਆਂ ਦੀ ਵਰਤੋਂ ਕਰਨ ਅਤੇ ਰਾਤ ਨੂੰ ਖਿੜਕੀਆਂ ਖੋਲ੍ਹਣ ਨਾਲ ਗਰਮੀ ਤੋਂ ਬਚਾਅ ਹੋ ਸਕਦਾ ਹੈ।ਇਸੇ ਤਰ੍ਹਾਂ ਪੱਖੇ ਦੀ ਵਰਤੋਂ ਅਤੇ ਠੰਡੇ ਪਾਣੀ ਨਾਲ ਦਿਨ ’ਚ ਇਕ ਤੋਂ ਵੱਧ ਵਾਰ ਨਹਾ ਕੇ ਵੀ ਲੂ ਦੇ ਆਸਰ ਤੋਂ ਬਚਿਆ ਜਾ ਸਕਦਾ ਹੈ।
                  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮਕਾਜ਼ ਵਾਲੀਆਂ ਥਾਵਾਂ ’ਤੇ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਠੰਡੇ ਪਾਣੀ ਦਾ ਪ੍ਰਬੰਧ ਕਰਨ, ਕਾਮਿਆਂ ਨੂੰ ਸਿੱਧੀ ਸੂਰਜੀ ਰੋਸ਼ਨੀ ਤੋਂ ਪਰਹੇਜ਼ ਕਰਨ, ਮੁਸ਼ੱਕਤੀ ਕੰਮ ਦਿਨ ਦੇ ਠੰਡੇ ਵੇਲੇ ’ਚ ਕਰਨ, ਆਊਟਡੋਰ ਗਤੀਵਿਧੀਆਂ ਲਈ ਅਰਾਮ ਦੇ ਪੜਾਵਾਂ ’ਚ ਵਾਧਾ ਕਰਨ ਅਤੇ ਗਰਭਵਤੀ ਮਹਿਲਾ ਕਾਮਿਆਂ ’ਤੇ ਵਧਦੇ ਤਾਪਮਾਨ ਵਿਚ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
                  ਉਨ੍ਹਾਂ ਲੂ ਤੋਂ ਬਚਣ ਲਈ ਕੁੱਝ ਨਾ ਕਰਨਯੋਗ ਗੱਲਾਂ ਬਾਰੇ ਵੀ ਸੁਝਾਵਾਂ ’ਤੇ ਅਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਨ੍ਹਾਂ ਵਿਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਖੜ੍ਹੇ ਕੀਤੇ ਵਾਹਨਾਂ ਵਿਚ ਨਾ ਛੱਡਣਾ, ਸਿਖ਼ਰਾਂ ਦੀ ਗਰਮੀ ਵਿੱਚ ਖਾਸ ਕਰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ, ਗੂੜ੍ਹੇ, ਭਾਰੀ ਜਾਂ ਤੰਗ ਕੱਪੜੇ ਨਾ ਪਹਿਨਣਾ, ਤਾਪਮਾਨ ਵਧੇਰੇ ਹੋਣ ’ਤੇ ਮੁਸ਼ੱਕਤੀ ਕੰਮ ਤੋਂ ਗੁਰੇਜ਼ ਕਰਨਾ, ਤਾਪਮਾਨ ਦੇ ਵਾਧੇ ਦੇ ਸਮੇਂ ਵਿਚ ਖਾਣਾ ਪਕਾਉਣ ਤੋਂ ਗੁਰੇਜ਼ ਕਰਨਾ ਅਤੇ ਖਾਣਾ ਬਣਾਉਣ ਵਾਲੀ ਥਾਂ ਹਵਾਦਾਰ ਹੋਣਾ, ਅਲਕੋਹਲ, ਚਾਹ ਕੌਫ਼ੀ ਅਤੇ ਕਾਰਬੋਨੇਟਿਡ ਸਾਫ਼ਟ ਡਰਿੰਕਸ ਤੋਂ ਪਰਹੇਜ਼ ਕਰਨਾ ਅਤੇ ਵਧੇਰੇ ਪ੍ਰੋਟੀਨ ਯੁਕਤ, ਮਸਾਲੇਦਾਰ, ਤਲਿਆ ਅਤੇ ਬੇਹਾ ਖਾਣਾ ਖਾਣ ਤੋਂ ਬਚਾਅ ਰੱਖਣਾ ਆਦਿ ਸ਼ਾਮਲ ਹਨ। ਹੱਥ ਧੋਣ ਤੋਂ ਬਗੈਰ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹਿਆ ਜਾਵੇ।
                ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …