ਅੰਮ੍ਰਿਤਸਰ, 19 ਜੂਨ (ਖੁਰਮਣੀਆਂ) – ਪ੍ਰਸਿੱਧ ਦੌੜਾਕ ਅਤੇ ਫ਼ਲਾਇੰਗ ਸਿੱਖ ਵਜੋਂ ਖਿਤਾਬ ਹਾਸਲ ਕਰਨ ਵਾਲੇ ਸ: ਮਿਲਖਾ ਸਿੰਘ ਦੇ ਅੱਜ ਅਕਾਲ ਚਲਾਣਾ ਕਰ ਜਾਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।ਉਨ੍ਹਾਂ ਇਸ ਮੌਕੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ ਦੀ ਅਰਦਾਸ ਕੀਤੀ।
ਛੀਨਾ ਨੇ ਕਿਹਾ ਕਿ ਉਡਣੇ ਸਿੱਖ ਵਜੋਂ ਜਾਣੇ ਜਾਂਦੇ ਦੌੜਾਕ ਸ. ਮਿਲਖਾ ਸਿੰਘ ਨੇ ਜਨੂੰਨੀ ਹੱਦ ਤੱਕ ਮਿਹਨਤ ਕਰਕੇ ਵਿਸ਼ਵ ’ਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਸਿੱਖ ਦੌੜਾਕ ਵਜੋਂ ਵੱਡੀਆਂ ਪ੍ਰਾਪਤੀਆਂ ਕੀਤੀਆਂ, ਜਿਸ ’ਤੇ ਸਮੂਹ ਜਗਤ ਨੂੰ ਫ਼ਖ਼ਰ ਹੈ।ਉਨ੍ਹਾਂ ਸ: ਮਿਲਖਾ ਸਿੰਘ ਦੀਆਂ ਉਪਲਬੱਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਸਮੇਂ 100 ਮੀਟਰ, 200 ਮੀਟਰ, 400 ਮੀਟਰ ਤੇ 4+400 ਮੀਟਰ ਰਿਲੇਅ ਦੌੜਾਂ ਦੇ ਚਾਰੇ ਨੈਸ਼ਨਲ ਰਿਕਾਰਡ ਉਨ੍ਹਾਂ ਦੇ ਨਾਂ ਸਨ।ਉਨ੍ਹਾਂ 1958 ’ਚ ਭਾਰਤ ਲਈ ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ।ਫਿਰ ਏਸ਼ਿਆਈ ਖੇਡਾਂ ’ਚੋਂ ਚਾਰ ਸੋਨੇ ਦੇ ਤਗ਼ਮੇ ਜਿੱਤੇ। ਕੌਮੀ ਤੇ ਕੌਮਾਂਤਰੀ ਦੌੜਾਂ ’ਚ ਉਹਦੇ ਤਗ਼ਮਿਆਂ ਦੀ ਗਿਣਤੀ ਸੌ ਤੋਂ ਵੱਧ ਹੈ।
ਛੀਨਾ ਨੇ ਕਿਹਾ ਕਿ ਉਨ੍ਹਾਂ ਨੇ 80 ਇੰਟਰਨੈਸ਼ਨਲ ਦੌੜਾਂ ਦੌੜੀਆਂ ਜਿਨ੍ਹਾਂ ’ਚੋਂ 77 ਦੌੜਾਂ ਨੂੰ ਜਿੱਤਿਆ। 1960 ’ਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਉਨ੍ਹਾਂ ਨੇ 400 ਮੀਟਰ ਦੀ ਦੌੜ 45.6 ਸੈਕੰਡ ’ਚ ਲਾ ਕੇ ਪਹਿਲਾ ਓਲੰਪਿਕ ਰਿਕਾਰਡ ਮਾਤ ਪਾਇਆ ਸੀ।ਸਿੰਡਰ ਟਰੈਕ ’ਤੇ ਕਿੱਲਾਂ ਵਾਲੇ ਭਾਰੇ ਸਪਾਈਕਸਾਂ ਨਾਲ ਲਾਈ ਦੌੜ ਦਾ ਉਨ੍ਹਾਂ ਦਾ ਨੈਸ਼ਨਲ ਰਿਕਾਰਡ ਭਾਰਤੀ ਅਥਲੀਟਾਂ ਲਈ 20ਵੀਂ ਸਦੀ ਦੇ ਅੰਤ ਤੱਕ ਚੈਲੰਜ਼ ਬਣਿਆ ਰਿਹਾ।
ਛੀਨਾ ਨੇ ਆਖਿਆ ਕਿ ਸ. ਮਿਲਖਾ ਸਿੰਘ ਦੇ ਚਲਾਣੇ ਨਾਲ ਖੇਡ ਜਗਤ ਦਾ ਇਕ ਪ੍ਰੇਰਣਾ ਸਰੋਤ ਸਦਾ ਲਈ ਰੁਖਸਤ ਹੋ ਗਿਆ ਹੈ।ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਭਵਿੱਖ ਦੇ ਖਿਡਾਰੀਆਂ ਲਈ ਮਾਰਗ-ਦਰਸ਼ਨ ਹਨ, ਜੋ ਉਨ੍ਹਾਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਹਮੇਸ਼ਾ ਪ੍ਰੇਰਣਾ ਦਿੰਦੀਆਂ ਰਹਿਣਗੀਆਂ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਹੋਰਨਾਂ ਮੈਂਬਰ ਸਾਹਿਬਾਨ, ਸਮੂਹ ਖ਼ਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼ ਨੇ ਸ: ਮਿਲਖਾ ਸਿੰਘ ਦੇ ਦਿਹਾਂਤ ’ਤੇ ਗਹਿਣੇ ਦੁੱਖ ਦਾ ਪ੍ਰ੍ਰਟਾਵਾ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …