Monday, December 23, 2024

ਨਵੰਬਰ 1984 ਨਾਲ ਸਬੰਧਤ ਪੁਸਤਕ ‘ਸਿੱਖਾਂ ਦਾ ਕਤਲੇਆਮ’ ਦਾ ਨਵਾਂ ਐਡੀਸ਼ਨ ਜਾਰੀ

ਅੰਮ੍ਰਿਤਸਰ, 26 ਜੂਨ (ਜਗਦੀਪ ਸਿੰਘ) – ਨਵੰਬਰ 1984 ਵਿਚ ਸਿੱਖਾਂ ਵਿਰੁੱਧ ਦੇਸ਼ ਭਰ ਵਿੱਚ ਵਾਪਰੇ ਸ਼ਰਮਨਾਕ ਖ਼ੂਨੀ ਕਾਂਡ ਦੇ ਵੇਰਵਿਆਂ ਬਾਰੇ ‘ਸਿੱਖਾਂ ਦਾ ਕਤਲੇਆਮ’ ਪੁਸਤਕ ਦਾ ਨਵਾਂ ਐਡੀਸ਼ਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਕੀਤਾ।
                         ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਸਤਕ ਜੂਨ 1985 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਭਾਗਾਂ ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।ਜਿਸ ਦੇ ਚਾਰ ਭਾਗਾਂ ਨੂੰ ਇਕੱਠਿਆਂ ਕਰਕੇ ਧਰਮ ਪ੍ਰਚਾਰ ਕਮੇਟੀ ਵੱਲੋਂ ਮੁੜ ਛਪਵਾਇਆ ਗਿਆ ਹੈ।ਉਨਾਂ ਕਿਹਾ ਕਿ ਸਾਲ 1984 ਸਿੱਖਾਂ ਲਈ ਨਾ ਭੁਲਣਯੋਗ ਜ਼ਖਮ ਦੇ ਕੇ ਗਿਆ ਹੈ। ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਕੇਂਦਰ ਸਰਕਾਰ ਦੇ ਹਮਲੇ ਮਗਰੋਂ ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਦੇ ਹੋਰ ਥਾਵਾਂ ’ਤੇ ਸਿੱਖਾਂ ਦਾ ਕਤਲੇਆਮ ਕਰਕੇ ਨਸਲਕੁਸ਼ੀ ਕੀਤੀ ਗਈ, ਜਿਸ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ।ਇਹ ਉਹ ਕਰੂਰ ਕਾਰਾ ਹੈ, ਜੋ ਤਤਕਾਲੀ ਕਾਂਗਰਸ ਸਰਕਾਰ ਦੇ ਮੱਥੇ ‘ਤੇ ਲੱਗਾ ਸਦੀਵ ਕਲੰਕ ਸਾਬਤ ਹੋਇਆ।ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਸੋਖੀ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਚਸ਼ਮਦੀਦਾਂ ਪਾਸੋਂ ਇਕੱਤਰ ਕੀਤੀ ਜਾਣਕਾਰੀ ਨੂੰ ਇਸ ਪੁਸਤਕ ਵਿਚ ਦਰਜ਼ ਕਰਨ ਦਾ ਇਤਿਹਾਸਕ ਕਾਰਜ਼ ਕੀਤਾ ਹੈ।ਹੁਣ ਇਸ ਦੇ ਚਾਰ ਭਾਗਾਂ ਦਾ ਸੰਗ੍ਰਹਿ ਕਰਕੇ ਸੰਸਾਰ ਭਰ ਦੇ ਲੋਕਾਂ ਨੂੰ ਸਿੱਖਾਂ ਵਿਰੁੱਧ ਵਾਪਰੇ ਇਸ ਸ਼ਰਮਨਾਕ ਖ਼ੂਨੀ ਕਾਂਡ ਦੇ ਵੇਰਵਿਆਂ ਤੋਂ ਜਾਣੂ ਕਰਵਾਉਣ ਦਾ ਧਰਮ ਪ੍ਰਚਾਰ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਹੈ।
                           ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਇਹ ਇਕ ਇਤਿਹਾਸਕ ਸਰੋਤ ਹੈ, ਜੋ ਆਉਂਦੇ ਸਮੇਂ ‘ਚ ਨੌਜਵਾਨੀ ਨੂੰ ਸਿੱਖਾਂ ’ਤੇ ਹੋਏ ਜ਼ੁਲਮਾਂ ਤੋਂ ਜਾਣੂ ਕਰਵਾਉਂਦਾ ਰਹੇਗਾ।
                        ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫ਼ਪੁਰ, ਡਾ. ਸੁਖਬੀਰ ਸਿੰਘ, ਡਾ. ਸੂਬਾ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …