Monday, December 23, 2024

ਔਜਲਾ ਦੀ ਮੰਗ `ਤੇ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਲਈ 5 ਆਕਸੀਜਨ ਪਲਾਂਟ ਮਨਜ਼ੂੂਰ

ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਸਦਕਾ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੰਮ੍ਰਿਤਸਰ ਲਈ ਵੱਖ-ਵੱਖ ਕਪੈਸਟੀ ਦੇ 5 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ।ਉਨਾਂ ਨੇ ਟੀਕਾਕਰਨ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਸਹਿਯੋਗ ਵੀ ਮੰਗਿਆ। ਜਿਕਰਯੋਗ ਹੈ ਕਿ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਮੈਂਬਰ ਪਾਰਲੀਮੈਂਟ ਔਜਲਾ ਵਲੋਂ 2 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਸ਼ ਵਰਧਨ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਵਿੱਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਆਕਸੀਜਨ ਪਲਾਂਟ ਲਾਉਣ ਦੀ ਮੰਗ ਕੀਤੀ ਸੀ ।
                 ਇਸ ਮੰਗ `ਤੇ ਕਾਰਵਾਈ ਕਰਦਿਆਂ ਕੇਂਦਰੀ ਮੰਤਰੀ ਹਰਸ਼ ਵਰਧਨ ਨੇ ਉਨ੍ਹਾਂ ਨੂੰ ਇੱਕ ਪੱਤਰ ਰਾਹੀਂ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਨੇ 5 ਆਕਸੀਜਨ ਪਲਾਂਟ ਜਿਨ੍ਹਾਂ ਵਿੱਚ 2000 ਐਲ.ਪੀ.ਐਮ ਕਪੈਸਟੀ ਦਾ ਇੱਕ, 1000 ਕਪੈਸਟੀ ਦੇ 2 ਅਤੇ 250-250 ਐਲ.ਪੀ.ਐਮ ਕਪੈਸਟੀ ਦੇ 2 ਆਕਸੀਜਨ ਪਲਾਂਟ ਪੀ.ਐਮ ਕੇਅਰ ਫੰਡ ਵਿੱਚੋਂ ਅੰਮ੍ਰਿਤਸਰ ਜਿਲ੍ਹੇ ਵਿੱਚ ਲਗਾਏ ਜਾ ਰਹੇ ਹਨ।ਇਹ ਪਲਾਂਟ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ ਅੰਮ੍ਰਿਤਸਰ, ਸਬ ਡਵੀਜ਼ਨ ਹਸਪਤਾਲ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਲਗਾਏ ਜਾਣਗੇ।ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਆਪਣੇ ਖੇਤਰ ਵਿੱਚ ਟੀਕਾਕਰਣ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਚਲਾਉਣ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀ ਤੀਜੀ ਸੰਭਾਵੀ ਲਹਿਰ ਦੇ ਖਤਰੇ ਤੋਂ ਲੋਕਾਂ ਨੂੰ ਬਚਾਉਣ ਲਈ ਟੀਕਾਕਰਨ ਅਤਿ ਮਹੱਤਵਪੂਰਨ ਹੈ।
                 ਯਾਦ ਰਹੇ ਕਿ ਇਸ ਤੋਂ ਪਹਿਲਾਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪਹਿਲਾਂ ਵੀ ਆਕਸੀਜਨ ਪਲਾਂਟ ਲੱਗ ਚੁੱਕਾ ਹੈ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਔਜਲਾ ਦੀ ਮੰਗ `ਤੇ ਹੀ 1000 ਐਲ.ਪੀ.ਐਮ ਕਪੈਸਟੀ ਵਾਲੇ ਆਕਸੀਜਨ ਪਲਾਂਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ `ਤੇ ਚੱਲ ਰਹੀਆਂ ਹਨ।ਜਿਸ ਲਈ ਔਜਲਾ ਨੇ ਟਰਾਂਸਫਾਰਮਰ, ਜਰਨੇਟਰ ਅਤੇ ਸ਼ੈਡ ਲਈ 88 ਲੱਖ ਰੁਪਏ ਆਪਣੇ ਫੰਡ ਵਿੱਚੋਂ ਦਿੱਤੇ ਹਨ।ਗੁਰੂ ਨਾਨਕ ਦਰਬਾਰ ਦੁਬਈ ਦੇ ਸਹਿਯੋਗ ਨਾਲ 100 ਆਕਸੀਜਨ ਕੰਸਟਰੇਟਰ ਅੰਮ੍ਰਿਤਸਰ ਲਈ ਔਜਲਾ ਦੀ ਮੰਗ `ਤੇ ਭੇਜੇ ਗਏ ਸਨ।ਜਿਸ ਵਿਚੋਂ 30 ਗੁਰੂ ਨਾਨਕ ਦੇਵ ਹਸਪਤਾਲ, 50 ਈ.ਐਨ.ਟੀ ਹਸਪਤਾਲ ਅਤੇ 20 ਅਜਨਾਲਾ ਜਾਂ ਲੋਪੋਕੇ ਸਰਕਾਰੀ ਹਸਪਤਾਲ ਵਿੱਚ ਬਿਲਡਿੰਗ ਤੇ ਬਿਜਲੀ ਦੇ ਪ੍ਰਬੰਧਾਂ ਨੂੰ ਮੁੱਖ ਰੱਖ ਕੇ ਭੇਜੇ ਜਾ ਰਹੇ ਹਨ। ਔਜਲਾ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਅੰਮ੍ਰਿਤਸਰ ਵਾਸੀਆਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਕੀਤੇ ਜਾਂਦੇ ਯਤਨ ਜਾਰੀ ਰਹਿਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …