ਨਾਜ਼ੁਕ ਥਾਵਾਂ ਅਤੇ ਬੰਨ੍ਹ ਦੀ ਮਜ਼ਬੂਤੀ ਦੇ ਕੰਮਾਂ ਦਾ ਲਿਆ ਜਾਇਜ਼ਾ
ਨਵਾਂਸ਼ਹਿਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਨਵਾਂਸ਼ਹਿਰ ਸਬ-ਡਵੀਜ਼ਨ ਵਿਚ ਪੈਂਦੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਤੂਫ਼ਾਨੀ ਦੌਰਾ ਕਰਕੇ ਬੰਨ੍ਹ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕਾਰਜ਼ਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਾਰੇ ਲੋੜੀਂਦੇ ਕਾਰਜ਼ ਬਰਸਾਤ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਆਪਣਾ ਇਹ ਦੌਰਾ ਤਾਜੋਵਾਲ-ਮੰਢਾਲਾ ਤੋਂ ਸ਼ੁਰੂ ਕਰਕੇ ਬੁਰਜ਼ ਟਹਿਲ ਦਾਸ ਵਿਖੇ ਮੁਕੰਮਲ ਕੀਤਾ।ਉਨ੍ਹਾਂ ਦਰਿਆ ਦੇ ਸੱਜੇ ਪਾਸੇ ਪੈਂਦੀਆਂ ਨਾਜੁਕ ਥਾਵਾਂ, ਜਿਵੇਂ ਤਾਜੋਵਾਲ-ਮੰਢਾਲਾ ਕੰਪਲੈਕਸ, ਝੁੰਗੀਆਂ ਕੰਪਲੈਕਸ, ਮਿਰਜ਼ਾਪੁਰ ਕੰਪਲੈਕਸ, ਲਾਲੇਵਾਲ ਕੰਪਲੈਕਸ, ਹੁਸੈਨਪੁਰ ਕੰਪਲੈਕਸ ਅਤੇ ਬੁਰਜ਼ ਟਹਿਲ ਦਾਸ ਕੰਪਲੈਕਸ ਵਿਖੇ ਧੁੱਸੀ ਬੰਨ੍ਹ ਦੀ ਸੁਰੱਖਿਆ ਦੇ ਕੰਮਾਂ ਦਾ ਨਿਰੀਖਣ ਕੀਤਾ।ਇਸ ਦੌਰਾਨ ਉਨ੍ਹਾਂ ਨਾਜ਼ੁਕ ਥਾਵਾਂ ’ਤੇ ਚੱਲ ਰਹੇ ਠੋਕਰਾਂ ਮਜ਼ਬੂਤ ਕਰਨ ਦੇ ਕਾਰਜਾਂ ਨੂੰ ਨੇੜਿਓਂ ਦੇਖਿਆ ਅਤੇ ਸਾਰੇ ਕੰਮ 15 ਦਿਨਾਂ ਅੰਦਰ ਮੁਕੰਮਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ।
ਉਨ੍ਹਾਂ ਉਥੇ ਮੌਜ਼ੂਦ ਸਬੰਧਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਦਰਿਆ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਸਮੁੱਚੇ ਕਾਰਜ਼ ਨੇਪਰੇ ਚੜ੍ਹ ਲਏ ਜਾਣਗੇ ਅਤੇ ਉਨ੍ਹਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੀ ਕੋਈ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਕੋਈ ਖ਼ਤਰਾ ਬਣੇ।ਇਸ ਦੌਰਾਨ ਲੋਕਾਂ ਵੱਲੋਂ ਦਰਿਆ ਦੀ ਮਜ਼ਬੂਤੀ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਤਹਿਸੀਲਦਾਰ ਬਲਜਿੰਦਰ ਸਿੰਘ, ਐਕਸੀਅਨ ਡਰੇਨੇਜ਼-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਤੇਜ ਸਿੰਘ ਗਰਚਾ, ਵਰਕਸ ਮੈਨੇਜਰ ਮਨਰੇਗਾ ਇੰਜ: ਜੋਗਾ ਸਿੰਘ, ਐਸ.ਡੀ.ਓ ਡਰੇਨੇਜ ਬਿਕਰਮ ਸਿੰਘ, ਜੇ.ਈ ਅੰਕੁਰ, ਜਸਕਮਲ ਅਤੇ ਰਵਿੰਦਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਸਬੰਧਤ ਇਲਾਕਿਆਂ ਦੇ ਲੋਕ ਮੌਜੂਦ ਸਨ।