Wednesday, December 25, 2024

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਦੋ ਰੋਜ਼ਾ ਹਾਕੀ ਅਤੇ ਕਬੱਡੀ ਟੂਰਨਾਮੈਂਟ’ ਸਫਲਤਾ ਪੂਰਵਕ ਸੰਪੰਨ

PPN1811201414

ਅੰਮ੍ਰਿਤਸਰ, 18 ਨਵੰਬਰ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਰੋਜ਼ਾ  ਸਰਦਾਰ ਬਹਾਦੁਰ ਸਰ ਸੁੰਦਰ ਸਿੰਘ ਮਜੀਠੀਆ ਹਾਕੀ ਅਤੇ ਕਬੱਡੀ ਟੂਰਨਾਮੈਂਟ ਵਿਦਿਆਰਥੀ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿਚ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਮੁੱਖ ਮਹਿਮਾਨ ਸ. ਜਸਦੀਪ ਸਿੰਘ ਐਸ.ਐਸ.ਪੀ ਦਿਹਾਤੀ, ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਸ. ਬਲਵਿੰਦਰ ਸਿੰਘ ਸ਼ੰਮੀ ਸਾਬਕਾ ਹਾਕੀ ਓਲੰਪੀਅਨ ਨੇ ਵਧਾਈ।ਇਸ ਹਾਕੀ ਟੂਰਨਾਮੈਂਟ ਵਿਚ ਜਿਲ੍ਹੇ ਦੀਆਂ ਨਾਮਵਰ ਅੰਡਰ 19 ਅੱਠ ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਫਾਈਨਲ ਮੈਚ ਖ਼ਾਲਸਾ ਕਾਲਜ ਚਵਿੰਡਾ ਦੇਵੀ ਤੇ ਐਸ.ਜੀ.ਜੀ.ਐਸ.ਜੀ. ਖ਼ਾਲਸਾ ਅਕੈਡਮੀ ਮਹਿਤਾ ਚੌਂਕ ਦੀਆਂ ਟੀਮਾਂ ਵਿਚਕਾਰ ਹੋਇਆ ।
ਇਸ ਟੂਰਨਾਮੈਂਟ ਵਿਚ ਐਸ.ਜੀ.ਜੀ.ਐਸ.ਜੀ. ਖ਼ਾਲਸਾ ਅਕੈਡਮੀ ਮਹਿਤਾ ਚੌਂਕ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀ ਟੀਮ ਦੂਜੇ ਸਥਾਨ ‘ਤੇ ਰਹੀ।ਕਬੱਡੀ ਦੇ ਸ਼ੋਅ ਮੈਚ ਵਿਚ ਖ਼ਾਲਸਾ ਕਾਲਜ ਚਵਿੰਡਾ ਦੇਵੀ  ਦੀ ਟੀਮ ਪੰਜਾਬ ਅਤੇ ਨੈਸ਼ਨਲ ਸਟਾਇਲ ਮੈਚਾਂ ਵਿਚ ਪਹਿਲੇ ਸਥਾਨ ‘ਤੇ ਰਹੀ। ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਮੁੱਖ ਮਹਿਮਾਨ ਸ. ਜਸਦੀਪ ਸਿੰਘ ਨੇ ਕਿਹਾ ਕਿ ਕਾਲਜ ਵੱਲੋਂ ਅਜਿਹਾ ਟੂਰਨਾਮੈਂਟ ਕਰਵਾਉਣਾ ਇਕ ਸ਼ਲਾਘਾਯੋਗ ਕਦਮ ਹੈ। ਇਸ ਰਾਹੀ ਇਲਾਕੇ ਦੇ ਨੌਜੁਆਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਖਿਡਾਰੀਆਂ ਨੁੰ ਪੁਲਿਸ ਮਹਿਕਮੇ ਵਿਚ ਵੀ ਬਣਦਾ ਸਨਮਾਨ ਦਿੱਤਾ ਜਾਂਦਾ ਹੈ। ਵਿਸ਼ੇਸ਼ ਮਹਿਮਾਨ ਸ. ਬਲਵਿੰਦਰ ਸਿੰਘ ਸ਼ੰਮੀ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਕਾਲਜ ਨੇ ਥੋੜ੍ਹੇ ਸਮੇਂ ਵਿਚ ਹੀ ਹਾਕੀ ਦੀ ਟੀਮ ਤਿਆਰ ਕਰ ਲਈ ਹੈ। ਕਾਲਜ ਦੀ ਹਾਕੀ ਟੀਮ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਭਰਪੂਰ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸ. ਸਵਿੰਦਰ ਸਿੰਘ ਕੱਥੂਨੰਗਲ ਐਡੀਸ਼ਨਲ ਆਨਰੇਰੀ ਸੈਕਟਰੀ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਨੇ ਕਾਲਜ ਵੱਲੋਂ ਨੌਜੁਆਨਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਉਭਾਰਨ ਲਈ ਕੀਤੇ ਜਾਂਦੇ ਉਚੇਚੇ ਯਤਨਾਂ ਲਈ ਕਾਲਜ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਸਮੇਂ-ਸਮੇਂ ਉਨ੍ਹਾਂ ਵੱਲੋਂ ਮਿਲਦੇ ਵਿਸ਼ੇਸ਼ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਟੂਰਨਾਮੈਂਟ ਵਿਚ ਜੇਤੂ ਰਹੀ ਹਾਕੀ ਅਤੇ ਕਬੱਡੀ ਟੀਮ ਨੂੰ ਕਾਲਜ ਵੱਲੋਂ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਸ. ਹਰਮਿੰਦਰ ਸਿੰਘ, ਸ. ਸੰਤਖ ਸਿੰਘ ਸੇਠੀ (ਮੈਂਬਰ ਮੈਨੇਜਿੰਗ ਕਮੇਟੀ), ਸ. ਪ੍ਰਗਟ ਸਿੰਘ ਚੁਗਾਵਾਂ (ਚੇਅਰਮੈਨ), ਸ. ਪਲਵਿੰਦਰ ਸਿੰਘ ਸਰਹਾਲਾ, ਸ. ਬਲਦੇਵ ਸਿੰਘ ਉੱਪਲ (ਸਰਪੰਚ), ਵਿਸ਼ੇਸ਼ ਤੌਰ ‘ਤੇ ਹਾਜ਼ਿਰ ਸਨ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿਚ ਪ੍ਰੋ. ਅਨੁਰੀਤ ਕੌਰ, ਸ. ਦਲਬੀਰ ਸਿੰਘ ਗੋਗੀ (ਕਬੱਡੀ ਕੋਚ), ਸ. ਮਹਾਂਵੀਰ ਸਿੰਘ, ਸ੍ਰੀ ਅਮਿਤ ਸ਼ਰਮਾ (ਹਾਕੀ ਕੋਚ), ਅਤੇ ਸਮੂਹ ਕਾਲਜ ਸਟਾਫ਼ ਨੇ ਵਿਸ਼ੇਸ਼ ਭੂਮਿਕਾ ਨਿਭਾਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply