ਤਿੰਨ ਪੁੱਤਰਾਂ ਦੀ ਮਾਂ ਸਵਰਗਵਾਸ ਹੋ ਗਈ।ਲਗਭਗ ਇੱਕ ਦਹਾਕੇ ਬਾਅਦ ਘਰ ਦੀ ਵੰਡ ਵੰਡਾਈ ਹੋਈ।ਦੋ ਭਰਾਵਾਂ ‘ਚ ਪਿਤਾ ਜੀ ਨੂੰ ਵਾਰੀ-ਵਾਰੀ ਰੱਖਣ ਦੀ ਗੱਲ ਚੱਲੀ।ਇੱਕ ਭਰਾ ਆਖੇ ਪਿਤਾ ਜੀ ਇੱਕ ਮਹੀਨਾ ਮੇਰੇ ਵੱਲ ਰਹਿਣਗੇ।ਦੂਸਰਾ ਆਖੇ ਫਿਰ ਇੱਕ ਮਹੀਨਾ ਮੇਰੇ ਵੱਲ ਰਹਿਣਗੇ।ਤੀਸਰਾ ਨੂੰਹ-ਪੁੱਤ ਚੁੱਪ ਕਰਕੇ ਸੁਣ ਰਿਹਾ ਸੀ।ਦੋ ਭਰਾ ਜਿਆਦਾ ਹੀ ਬੋਲ ਰਹੇ ਸਨ।ਪਿਤਾ ਮਨ ਭਰਕੇ ਬੋਲਿਆ, ਜੋ ਕੁੱਝ ਪੈਸਾ-ਧੇਲਾ ਘਰ-ਬਾਰ ਜ਼ਮੀਨ ਜਾਇਦਾਦ ਮੇਰੇ ਕੋਲ ਸੀ, ਤਹਾਨੂੰ ਸਾਰਿਆਂ ਨੂੰ ਵੰਡ ਦਿੱਤਾ।ਹੁਣ ਮੇਰੇ ਕੋਲ ਕੀ ਹੈ? ਭਰਾਵਾਂ ਦੇ ਵਿੱਚ ਪਿਤਾ ਜੀ ਨੂੰ ਸਾਂਭਣ ਦੀ ਬਹਿਸ ਵਧਣ ਲੱਗੀ।ਕਾਂਵਾਂ ਰੌਲੀ ਪੈਂਦੀ ਵੇਖ ਗੁਆਂਢ` ‘ਚ ਰਹਿੰਦੇ ਨਿਮਾਣਾ ਸਿਹੁੰ ਦੀ ਪਤਨੀ ਬੋਲੀ, ਆਓ ਜੀ ਜ਼ਰਾ ਚੱਲੀਏ ਉਨ੍ਹਾਂ ਘਰ।ਤੁਹਾਡੇ ਸਾਥੀ ਦੇ ਘਰੋਂ ਕੁੱਝ ਜਿਆਦਾ ਹੀ ਖੜਕੇ ਦੜਕੇ ਦੀਆਂ ਆਵਾਜ਼ਾਂ ਆ ਰਹੀਆਂ।ਕਿਤੇ ਨੇਅ ਜਾਣੀਆਂ—–।ਨਿਮਾਣੇ ਤੇ ਉਸ ਦੀ ਪਤਨੀ ਨੇ ਸਾਰਾ ਬੋਲ ਬੁਲੱਈਆ ਸੁਣਿਆ।
               ਉਹਨਾਂ ਨੂੰ ਸਾਰਾ ਮਸਲਾ ਸਮਝਦਿਆਂ ਦੇਰ ਨਾ ਲੱਗੀ।ਨਿਮਾਣਾ ਕੁੱਝ ਬੋਲਦਾ ਉਸ ਦੇ ਸਾਥੀ ਦਾ ਤੀਸਰਾ ਨੂੰਹ-ਪੁੱਤ ਇੱਕ ਦੂਸਰੇ ਵੱਲ ਇਸ਼ਾਰਾ ਕਰਦੇ ਬੋਲ਼ੇ, ਕੋਈ ਨਾ ਪਿਤਾ ਜੀ, ਤੁਸੀਂ ਉਦਾਸ ਨਾ ਹੋਵੋ, ਤੁਸੀਂ ਕਦੇ-ਕਦੇ ਸਾਡੇ ਵੱਲ ਆ ਜਾਇਆ ਕਰਿਓ।ਇਹ ਸੁਣ ਕੇ ਨਿਮਾਣੇ ਦੇ ਸਾਥੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ।ਉਸ ਦਾ ਮੂੰਹ ਜਿਵੇਂ ਸੀਤਾ ਹੀ ਗਿਆ ਹੋਵੇ।ਅੱਖਾਂ ਉਸਦੀਆਂ ਇਸ ਤਰ੍ਹਾਂ ਨਜ਼ਰ ਆਉਣ ਲੱਗੀਆਂ ਜਿਵੇਂ ਤਾੜੇ ਲੱਗ ਗਈਆਂ ਹੋਣ।ਨਿਮਾਣਾ ਸਿਹੁੰ ਨੇ ਉਸ ਨੂੰ ਹਲੂਣਿਆ ਅਤੇ ਬਾਹੋਂ ਫੜ ਕੇ ਸਹਾਰੇ ਨਾਲ਼ ਥੋੜ੍ਹਾ ਪਾਸੇ ਲੈ ਗਿਆ।ਆਪਣੇ ਮੈਲ਼ੇ ਜਿਹੇ ਪਰਨੇ ਨਾਲ ਉਸ ਦੀਆਂ ਅੱਖਾਂ ਚੋਂ ਤਿੱਪ-ਤਿੱਪ ਕਿਰਦੇ ਅੱਥਰੂ ਪੂੰਝੇ।ਨਿਮਾਣਾ ਉਸ ਦਾ ਹੱਥ ਫੜ੍ਹ ਆਪਣੇ ਘਰ ਵੱਲ ਲੈ ਤੁਰਿਆ। ਉਹ ਬਜ਼ੁੁਰਗ ਨਿਆਣਿਆਂ ਵਾਂਗੂੰ ਉੱਚੀ-ਉਚੀ ਰੋਈ ਜਾ ਰਿਹਾ ਸੀ।
ਉਸ ਨੂੰ ਰੋਂਦਿਆਂ ਵੇਖ ਨਿਮਾਣੇ ਦੀ ਪਤਨੀ ਅਸਮਾਨ ਵੱਲ ਮੂੰਹ ਕਰਕੇ ਬੋਲੀ, ਹੇ ਰੱਬਾ! ਮੇਰੀ ਇੱਕ ਗੱਲ ਮੰਨ ਲਾ–।ਬੰਦੇ ਨੂੰ ਔਰਤ ਨਾਲੋਂ ਸਾਲ-ਛੇ ਮਹੀਨੇ ਪਹਿਲਾਂ ਦੁਨੀਆਂ ਤੋਂ ਲੈ ਜਾਇਆ ਕਰ।ਔਰਤ ਤਾਂ ਵਿਚਾਰੀ ਆਪ ਪਕਾ ਕੇ ਮਾੜਾ ਮੋਟਾ ਖਾ ਸਕਦੀ ਆ, ਨੂੰਹਾਂ-ਪੁੱਤਾਂ ਦੇ ਮਾੜੇ ਚੰਗੇ ਬੋਲ ਵੀ ਸੁਣ ਕੇ ਦਿਨ ਕੱਟ ਲਊ।ਪਰ ਬੰਦਾ ਵਿਚਾਰਾ? ਪਤਨੀ ਦੇ ਦਰਦ ਭਰੇ ਬੋਲ ਸੁਣ ਨਿਮਾਣਾ ਵੀ ਭਾਵੁਕ ਹੋ ਗਿਆ।ਉਹ ਆਪਣੀ ਵਲ਼ ਖਾਂਦੀ ਜ਼ੁਬਾਨ ਨਾਲ ਕੁੱਝ ਬੋਲਣ ਹੀ ਲੱਗਾ ਸੀ ਕਿ ਉਨਾਂ ਨਾਲ ਤੁਰੇ ਆਉਂਦੇ ਗੱਲਾਂ ਸੁਣ ਰਹੇ ਇੱਕ ਭਲੇ ਪੁਰਖ ਨੇ ਕਿਹਾ ਕਿ “ਨਿਮਾਣਾ ਸਿਹੁੰ ਜੀ, ਭਾਵੇਂ ਤੁਸੀਂ ਮੇਰੀ ਗੱਲ ਦਾ ਗੁੱਸਾ ਕਰਿਓ, ਪਰ ਇਹ ਸੱਚ ਜੇ, ਜਿਸ ਦਿਨ ਬੱਚਾ ਪੈਦਾ ਹੁੰਦਾ, ਪਤੀ ਪਤਨੀ ਦਾ ਆਪਸੀ ਪਿਆਰ ਘਟ ਕੇ ਪੁੱਤਰ ਮੋਹ ਵਧ ਜਾਂਦਾ ਹੈ।ਜਿਸ ਦਿਨ ਪੁੱਤ ਵਿਆਹਿਆ ਗਿਆ, ਕਮਰਾ ਖੁੱਸ ਗਿਆ।ਜਿਸ ਕਮਰੇ `ਚ ਉਹ ਰਹਿੰਦੇ ਸੀ, ਉਨਾਂ ਨੂੰ ਉਸ ਕਮਰੇ ‘ਚੋਂ ਵੀ ਬਾਹਰ ਕੱਢ ਕੇ ਬਰਾਂਡੇ `ਚ ਮੰਜ਼ਾ ਡਾਹ ਦਿੱਤਾ।ਜਿਸ ਦਿਨ ਉਸ ਦੇ ਬੱਚੇ ਤਕੜੇ ਹੋ ਗਏ, ਉਸ ਨੇ ਘਰ/ਜਾਇਦਾਦ ਵਗੈਰਾ ਖੋਹਣ ਦੀ ਸੋਚ ਸੋਚਣੀ ਸ਼ੁਰੂ ਕਰ ਦਿੱਤੀ। ਪਰ ਦੇਖਿਆ ਜਾਵੇ ਤਾਂ ਮਰਨ ਉਪਰੰਤ ਮਾਂ ਬਾਪ ਦੇ ਮੂੰਹ ਵਿਚ ਦੇਸੀ ਘਿਓ ਪੁੱਤ ਹੀ ਪਾਉਂਦਾ ਹੈ।ਚਿਖਾ ਨੂੰ ਲਾਂਬੂ ਵੀ ਤਾਂ ਪੁੱਤ ਨੇ ਲਾਉਣਾ ਹੈ।ਇਸ ਕਰਕੇ ਇਨ੍ਹਾਂ ਗੱਲਾਂ ਦਾ ਗਿਲਾ ਨਹੀਂ ਕਰੀ-ਦਾ ਜੀ।ਇਹ ਤਾਂ ਆਦਿ ਜੁਗਾਦ ਤੋਂ ਚੱਲਦਾ ਆਇਆ —-। ਤਕੜੇ ਹੋਈ ਦਾ ਤਕੜੇ, ਜਦੋਂ ਮੂੰਹ ਵਿੱਚ ਦੰਦ ਨਹੀਂ ਸੀ, ਹੱਥ ਪੈਰ ਨਹੀਂ ਸੀ ਚੱਲਦੇ, ਕੋਈ ਸੋਝੀ ਨਹੀਂ ਸੀ, ਉਦੋਂ ਵੀ ਤਾਂ ਸਾਡੀ ਰੱਬ ਨੇ ਰੱਖਿਆ ਕੀਤੀ।ਲੋੜ ਅਨੁਸਾਰ ਸਾਨੂੰ ਭੋਜਨ ਦਿੱਤਾ—–। ਹੁਣ ਮੇਰੀ ਇਹ ਗੱਲ ਪੱਲੇ ਬੰਨ ਲਓ ਕਿ ਇਸ ਉਮਰੇ ਸਿਹਤ ਹੀ ਸਭ ਤੋਂ ਵੱਡੀ ਨਿਆਮਤ ਹੈ—। ਇਸ ਲਈ ਰੱਬ ਕੋਲੋਂ ਤੰਦਰੁਸਤੀ ਮੰਗਣੀ ਚਾਹੀਦੀ ਹੈ।
ਦਿਲ ਨੂੰ ਹੌਸਲਾ ਦੇਣ ਵਾਲੀਆਂ ਗੱਲਾਂ ਕਰਦਾ-ਕਰਦਾ ਪਤਾ ਨਹੀਂ ਉਹ ਭਲਾ ਪੁਰਖ ਸਾਨੂੰ ਧਰਵਾਸ ਦਿੰਦਿਆਂ ਕਿਹੜੇ ਵੇਲੇ ਅੱਖਾਂ ਤੋਂ ਓਹਲੇ ਹੋ ਗਿਆ—-।0306202205

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					