ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਟੋਰਾਂਟੋ ਵਿਖੇ 2 ਤੋਂ 4 ਸਤੰਬਰ 2022 ਤੱਕ ਹੋਣ ਵਾਲੀ 7ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਸਬੰਧੀ ਭਾਰਤ ਦੀ ਪੰਜ ਮੈਂਬਰੀ ਕੋਆਰਡੀਨੇਟਰ ਕਮੇਟੀ ਦੀ ਮੀਟਿੰਗ ਡਾ. ਰਵੇਲ ਸਿੰਘ ਦਿੱਲੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਡਾ. ਜਸਬੀਰ ਕੌਰ ਪ੍ਰਿੰਸੀਪਲ ਗੁਰਮਤਿ ਕਾਲਜ ਪਟਿਆਲਾ, ਡਾ. ਗੁਰਵੀਰ ਸਿੰਘ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਭਾਈ, ਡਾ. ਪਰਮਜੀਤ ਸਿੰਘ ਸਰੋਆ ਸਕੱਤਰ ਐਸ.ਜੀ.ਪੀ.ਸੀ ਅੰਮ੍ਰਿਤਸਰ ਆਦਿ ਮੈਂਬਰ ਸ਼ਾਮਲ ਹੋਏ।ਕੁਆਰਡੀਨੇਟ ਕਮੇਟੀ ਨੇ ਕਾਨਫ਼ਰੰਸ ਵਿੱਚਲੇ ਸੈਸ਼ਨ ਵਾਈਜ਼ ਖੋਜ ਵਿਸ਼ਿਆਂ ਬਾਰੇ ਚਰਚਾ ਕੀਤੀ।ਜਿਸ ਵਿਚ ਪੰਜਾਬੀ ਸਾਹਿਤ ਪੰਜਾਬੀ ਸੰਗੀਤ ਗੁਰਮਤਿ ਸਾਹਿਤ ਪੰਜਾਬੀ ਭਾਸ਼ਾ ਪੰਜਾਬੀ ਪੱਤਰਕਾਰੀ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਨਾਲ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਵਾਲੇ ਵਿਦਵਾਨਾਂ ਬਾਰੇ ਵਿਚਾਰਿਆ ਗਿਆ।
ਡਾ. ਰਵੇਲ ਸਿੰਘ ਦਿੱਲੀ ਨੇ ਕਿਹਾ ਕਿ ਗੁਰਮਤਿ ਸਾਹਿਤ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਪੰਜਾਬੀਅਤ ਦੀ ਪਛਾਣ ਹੈ ਅਤੇ ਇਸ ਦੇ ਹਰ ਪੱਖ ਨੂੰ ਦਰਪੇਸ਼ ਚੁਣੌਤੀਆਂ ਨੂੰ ਇਸ ਕਾਨਫਰੰਸ ਵਿੱਚ ਵਿਚਾਰਿਆ ਜਾਵੇਗਾ। ਡਾ. ਜਸਬੀਰ ਕੌਰ ਨੇ ਕਿਹਾ ਕਿ ਇਸ ਕਾਨਫ਼ਰੰਸ ਵਿੱਚ ਸੰਗੀਤ ਦੀਆਂ ਵੱਖ-ਵੱਖ ਕਲਾਵਾਂ ਵਿਸ਼ੇਸ਼ ਕਰਕੇ ਗੁਰਮਤਿ ਸੰਗੀਤ ਨਾਲ ਸਬੰਧਤ ਵਿਸ਼ਿਆਂ ‘ਤੇ ਵੀ ਖੋਜ ਪੇਪਰ ਪੜ੍ਹੇ ਜਾਣਗੇ।ਡਾ. ਗੁਰਵੀਰ ਸਿੰਘ ਨੇ ਕਿਹਾ ਕਿ ਇਸ ਕਾਨਫ਼ਰੰਸ ਵਿਚ ਗੁਰਮਤਿ ਸਾਹਿਤ ਨੂੰ ਇੱਕ ਸੈਸ਼ਨ ਸਮਰਪਿਤ ਕੀਤਾ ਗਿਆ ਹੈ।ਜਿਸ ਵਿੱਚ ਗੁਰਮਤਿ ਸਿਧਾਂਤ ‘ਤੇ ਵਿਆਖਿਆਕਾਰੀ ਨਾਲ ਸਬੰਧਤ ਵਿਸ਼ਿਆਂ ਤੇ ਵੀ ਪਰਚੇ ਪੜ੍ਹੇ ਜਾਣਗੇ।ਉਨ੍ਹਾਂ ਕਿਹਾ ਕਿ ਕਾਨਫ਼ਰੰਸ ਵਿਚ ਖੋਜ਼ ਪਰਚੇ ਪੇਸ਼ ਕਰਨ ਵਾਲੇ ਵਿਦਵਾਨਾਂ ਤੋਂ ਛੇਤੀ ਪਰਚੇ ਮੰਗਵਾ ਲਏ ਜਾਣ ਤਾਂ ਕਿ ਉਨ੍ਹਾਂ ਨੂੰ ਘੋਖ ਪੜਤਾਲ ਕਰਨ ਉਪਰੰਤ ਵਿਦਵਾਨਾਂ ਨੂੰ ਕਾਨਫ਼ਰੰਸ ਵਿੱਚ ਸ਼ਾਮਲ ਕੀਤਾ ਜਾ ਸਕੇ।
ਇਸ ਮੌਕੇ ਸਤਨਾਮ ਸਿੰਘ ਦਮਦਮੀ, ਭੋਲਾ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜ਼ੂਦ ਸਨ।