Friday, March 14, 2025
Breaking News

ਕੈਬਨਿਟ ਮੰਤਰੀ ਅਰੋੜਾ ਵਲੋਂ ਸ਼ਹੀਦ ਗੁਰਬਿੰਦਰ ਸਿੰਘ ਤੋਲਾਵਾਲ ਦੀ ਯਾਦ ‘ਚ ਲਾਇਬ੍ਰੇਰੀ ਦਾ ਉਦਘਾਟਨ

ਭਾਰਤੀ ਫੌਜ ਦੇ ਜਾਂਬਾਜ਼ ਸਿਪਾਹੀ ਸ਼ਹੀਦ ਗੁਰਬਿੰਦਰ ਸਿੰਘ ਦੀ ਸ਼ਹਾਦਤ ਨੂੰ ਕੀਤਾ ਯਾਦ

ਸੰਗਰੂਰ, 9 ਸਤੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਪਿੰਡ ਤੋਲਾਵਾਲ ਵਿਖੇ ਸ਼ਹੀਦ ਗੁਰਬਿੰਦਰ ਸਿੰਘ ਦੀ ਯਾਦ ‘ਚ ਸਥਾਪਿਤ ਕੀਤੀ ਗਈ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਕੀਤਾ।ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦੇ ਯੋਧਿਆਂ ਦੀਆਂ ਮਹਾਨ ਕੁਰਬਾਨੀਆਂ ’ਤੇ ਸਾਰੇ ਦੇਸ਼ਵਾਸੀਆਂ ਨੂੰ ਫ਼ਖਰ ਹੈ ਅਤੇ ਕੀਮਤੀ ਜਾਨਾਂ ਵਾਰਨ ਵਾਲਿਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ।ਉਨਾਂ ਕਿਹਾ ਕਿ ਸ਼ਹੀਦ ਗੁਰਬਿੰਦਰ ਸਿੰਘ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਸਜ਼ਦਾ ਕਰਦਿਆਂ ਹੀ ਇਹ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ।ਜਿਸ ਵਿੱਚ ਰੱਖੀਆਂ ਪੁਸਤਕਾਂ ਨੂੰ ਪੜ ਕੇ ਹਰ ਉਮਰ ਵਰਗ ਦੇ ਨਾਗਰਿਕ ਆਪਣੇ ਚਾਰ ਚੁਫ਼ੇਰੇ ਗਿਆਨ ਦਾ ਚਾਨਣ ਵੰਡ ਸਕਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਚੀਨ ਸਰਹੱਦ ’ਤੇ ਸਥਿਤ ਗਲਵਾਨ ਘਾਟੀ ਵਿਖੇ ਚੀਨ ਦੀਆਂ ਫੌੌਜਾਂ ਨਾਲ ਹੋਈ ਖੂਨੀ ਝੜਪ ਵਿੱਚ ਭਾਰਤੀ ਫੌਜ ਦੇ ਜਾਂਬਾਜ਼ ਸਿਪਾਹੀ ਗੁਰਬਿੰਦਰ ਸਿੰਘ ਸ਼ਹੀਦ ਹੋ ਗਏ ਸਨ ਅਤੇ ਉਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਇਹ ਲਾਇਬ੍ਰੇਰੀ ਸ਼ਹੀਦ ਨੂੰ ਸਮਰਪਿਤ ਕੀਤੀ ਗਈ ਹੈ।ਉਨਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਇਸ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਹੈ।ਉਨਾਂ ਨੇ ਸ਼ਹੀਦ ਦੇ ਭਰਾ ਤੇ ਹੋਰ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਪਿੰਡ ਦੀਆਂ ਹੋਰ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ।ਅਰੋੜਾ ਨੇ ਪਿੰਡ ਵਾਸੀਆਂ ਨੂੰ ਲਾਇਬ੍ਰੇਰੀ ਦਾ ਵਧ ਚੜ੍ਹ ਕੇ ਲਾਭ ਉਠਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੁਸਤਕਾਂ ਨਿਯਮਤ ਤੌਰ ’ਤੇ ਪੜਨ ਦੀ ਆਦਤ ਪਾਉਣ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਸਰਬਾ ਸਿੰਘ, ਦੀਪਾ ਤੋਲਾਵਾਲ, ਗੁਰਜੰਟ ਸਿੰਘ, ਅਜੈਬ ਸਿੰਘ, ਪਰਗਟ ਸਿੰਘ, ਛਿੰਦਾ ਸਿੰਘ ਸਮੇਤ ਪਿੰਡ ਦੇ ਵੱਡੀ ਗਿਣਤੀ ਨਿਵਾਸੀ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …