ਮੰਡੀ ਭਗਤਾਂਵਾਲਾ ਦੀਆਂ ਸੜਕਾਂ ਬਨਾਉਣ ਅਤੇ ਸੀ.ਸੀ ਫਲੋਰਿੰਗ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਖੇਤੀਬਾੜੀ, ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਐਨ ਆਰ ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆ
ਰਹੇ ਹਾੜੀ ਸੀਜ਼ਨ ਦੌਰਾਨ ਪੰਜਾਬ ’ਚ ਕਣਕ ਦੀ ਸੁਚਾਰੂ ਖਰੀਦ ਲਈ ਕਿਸਾਨਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਤੁਹਾਡੀ ਫਸਲ ਦੀ ਖਰੀਦ ਵਿਚ ਕਿਸੇ ਕਿਸਮ ਦੀ ਮੁਸ਼ਿਕਲ ਸਰਕਾਰ ਨਹੀਂ ਆਉਣ ਦੇਵੇਗੀ। ਉਨਾਂ ਕਿਹਾ ਕਿ ਇਸ ਬਾਬਤ ਮੰਡੀ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਪਰ ਤੁਸੀਂ ਕਿਸੇ ਕਾਹਲ ਵਿਚ ਗਿੱਲੀ ਕਣਕ ਮੰਡੀ ਲੈ ਕੇ ਨਹੀਂ ਆਉਣੀ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਕਿਰਸਾਨੀ ਦੇ ਭਲੇ ਲਈ ਤਤਪਰ ਹੈ ਅਤੇ ਕਿਸਾਨਾਂ ਦੀ ਫਸਲ ਖਰੀਦ ਵਿਚ ਕੋਈ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕੀਤੀਆਂ ਗਈਆਂ ਹਨ ਅਤੇ ਹਰੇਕ ਐਸ.ਡੀ.ਐਮ. ਆਪਣੀ ਸਬ ਡਵੀਜ਼ਨ ’ਚ ਪੈਂਦੀਆਂ ਮੰਡੀਆਂ ’ਚ ਨੋਡਲ ਅਫ਼ਸਰ ਵਜੋਂ ਕਣਕ ਦੀ ਖਰੀਦ ਦਾ ਕੰਮ ਵੇਖਣਗੇ, ਜੋ ਕਿ ਖਰੀਦ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਾਂਝੀ ਕਰਦੇ ਰਹਿਣਗੇ। ਉਨ੍ਹਾਂ ਅਧਿਕਾਰੀਆਂ ਨੂੰ ਮੰਡੀਆਂ ’ਚ ਸਾਫ਼ ਸਫ਼ਾਈ, ਪੀਣ ਵਾਲੇ ਪਾਣੀ, ਪਖਾਨੇ ਤੇ ਪਿਸ਼ਾਬ ਘਰ, ਲਾਇਟਾਂ ਆਦਿ ਦੇ ਸੁਚੱਜੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਲਈ ਵੀ ਕਿਹਾ।ਅੱਜ ਧਾਲੀਵਾਲ ਨੇ ਭਗਤਾਂਵਾਲਾ ਦਾਣਾ ਮੰਡੀ ਵਿਚ ਬਹੁਤ ਪੁਰਾਣਾ ਗੱਡਾ ਸਟੈਂਡ, ਜੋ ਕਿ ਹੁਣ ਥਾਂ ਡੂੰਘੀ ਹੋਣ ਕਾਰਨ ਕਿਸੇ ਵਰਤੋਂ ਵਿਚ ਵੀ ਨਹੀਂ ਸੀ ਆ ਰਿਹਾ, ਉਪਰ ਸੀ ਸੀ ਫਲੋਰਿੰਗ ਕਰਨ ਅਤੇ ਮੰਡੀ ਅੰਦਰਲੀਆਂ ਸੜਕਾਂ ਦੀ ਰਿਪੇਅਰ ਦੇ ਕੰਮਾਂ ਦੀ ਸ਼ੁਰੂਆਤ ਕੀਤੀ, ਜਿਸ ਉਤੇ ਕਰੀਬ 1.63 ਕਰੋੜ ਰੁਪਏ ਖਰਚ ਆਉਣਗੇ। ਉਨਾਂ ਕਿਹਾ ਕਿ ਇਸ ਨਾਲ ਮੰਡੀ ਵਿਚ ਫਸਲ ਦੇ ਰੱਖ ਰਖਾਅ ਲਈ ਥਾਂ ਵਧੇਗੀ ਅਤੇ ਕਿਸਾਨਾਂ ਨੂੰ ਆਪਣੀ ਫਸ਼ਲ ਲੈ ਕੇ ਆਉਣਾ ਵੀ ਅਸਾਨ ਹੋਵੇਗਾ।
ਉਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਬੰਧਾਂ ’ਚ ਕਿਸੇ ਵੀ ਕਿਸਮ ਦੀ ਕੋਈ ਢਿੱਲ ਮੱਠ ਨਹੀਂ ਹੋਣੀ ਚਾਹੀਦੀ।ਉਨ੍ਹਾਂ ਐਸ.ਡੀ.ਐਮ ਨੂੰ ਕਿਹਾ ਕਿ ਉਹ ਮੰਡੀਆਂ ’ਚ ਚੱਲ ਰਹੇ ਸਫ਼ਾਈ ਕਾਰਜਾਂ ਦਾ ਖ਼ੁਦ ਜਾਇਜਾ ਲੈਣਾ ਯਕੀਨੀ ਬਣਾਉਣ।ਧਾਲੀਵਾਲ ਨੇ ਕਿਹਾ ਕਿ ਮੰਡੀਆਂ ’ਚ ਤੋਲ ਤੋਲਾਈ ਲਈ ਕੰਡੇ ਅਤੇ ਨਮੀ ਜਾਂਚਣ ਵਾਲੇ ਮੀਟਰ ਵੀ ਠੀਕ ਹਾਲਤ ’ਚ ਹੋਣੇ ਚਾਹੀਦੇ ਹਨ ਅਤੇ ਤਰਪਾਲਾਂ ਦਾ ਵੀ ਪ੍ਰਬੰਧ ਸਹੀ ਹੋਵੇ, ਤਾਂ ਜੋ ਕਿਸੇ ਵੀ ਤਰਾਂ ਦੇ ਮੌਸਮ ਨਾਲ ਨਜਿਠਿਆ ਜਾ ਸਕੇ।ਉਨ੍ਹਾਂ ਕਿਹਾ ਕਿ ਕਣਕ ਦੀ ਸੰਭਾਲ ਲਈ ਬਾਰਦਾਨੇ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇਗੀ ਤਾਂ ਜੋ ਖਰੀਦ ਸੀਜ਼ਨ ਸ਼ੁਰੂ ਹੋਣ ’ਤੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Punjab Post Daily Online Newspaper & Print Media