ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ) – ਗੁਰੂ ਨਗਰੀ ਤੋਂ ਰਿਲੀਵ ਹੋਏ ਸਾਬਕਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਕਰੀਬ ਇਕ ਸਾਲ ਅਤੇ ਕੁੱਝ ਦਿਨ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਉਨਾਂ ਨੇ ਇਸ ਸਮੇਂ ਦਾ ਸਦਉਪਯੋਗ ਕਰਦੇ ਹੋਏ ਅੰਮ੍ਰਿਤਸਰ ਦੇ ਪ੍ਰਬੰਧਕੀ ਢਾਂਚੇ ਵਿਚ ਵੱਡੇ ਸੁਧਾਰ ਕੀਤੇ।ਅੰਮ੍ਰਿਤਸਰ ਜੋ ਕਿ ਟਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਥਾਂ-ਥਾਂ ਟਰੈਫਿਕ ਜਾਮ ਲੱਗ ਰਹੇ ਸਨ, ਨੂੰ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਮਦਦ ਨਾਲ ਸੂਦਨ ਨੇ ਵੱਡਾ ਸੁਧਾਰ ਕੀਤਾ।ਅੱਜ ਸ਼ਹਿਰ ਵਿਚ ਆਵਾਜਾਈ ਵਾਲੇ ਵਾਹਨਾਂ ਦੀ ਗਿਣਤੀ ਤਾਂ ਉਹੀ ਹੈ, ਪਰ ਜ਼ਾਮ ਕਿਧਰੇ ਨਹੀਂ ਰਿਹਾ।
ਨਗਰ ਸੁਧਾਰ ਟਰੱਸਟ, ਜਿਸ ਦੇ ਉਹ ਥੋੜਾ ਸਮਾਂ ਚੇਅਰਮੈਨ ਰਹੇ, ਦੀਆਂ ਵੱਖ-ਵੱਖ ਸਕੀਮਾਂ ਦੇ ਅਲਾਟੀ ਕਰੀਬ 50 ਸਾਲ ਤੋਂ ਆਪਣੀ ਜਾਇਦਾਦ ਦੀਆਂ ਇੰਤਕਾਲ ਕਰਵਾਉਣ ਨੂੰ ਤਰਸ ਰਹੇ ਸਨ, ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਟਰੱਸਟ ਦੀਆਂ ਜਾਇਦਾਦਾਂ ਨੂੰ ਮਾਲ ਵਿਭਾਗ ਦੀ ਲੋੜ ਅਨੁਸਾਰ ਦੁਰਸਤ ਕਰਵਾ ਕੇ ਇੰਤਕਾਲਾਂ ਦਾ ਰਾਹ ਪੱਧਰਾ ਕੀਤਾ ਅਤੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਜਿੰਨਾ ਕੋਲ ਵੀ ਨਗਰ ਸੁਧਾਰ ਟਰੱਸਟ ਦੀ ਅਲਾਟਮੈਂਟ ਹੈ, ਉਹ ਆਪਣੇ ਪਲਾਟਾਂ ਦੀ ਅਲਾਟਮੈਂਟ ਕਰਵਾ ਲੈਣ।ਮਾਲ ਵਿਭਾਗ ਵਿੱਚ ਵੱਡੇ ਸੁਧਾਰ ਕਰਦੇ ਹੋਏ ਇਸ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਉਨਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਵੀ ਵੱਡੀ ਮੁਹਿੰਮ ਵਿੱਢੀ।
ਸੂਦਨ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਾਰ ਦੇ ਨਾਲ-ਨਾਲ ਜੀ-20 ਵਰਗੇ ਵੱਡੇ ਅੰਤਰਰਾਸ਼ਟਰੀ ਸੰਮੇਲਨਾਂ ਦੀ ਮੇਜ਼ਬਾਨੀ ਕਰਵਾਉਣ ਦਾ ਮੌਕਾ ਮਿਲਿਆ, ਜਿਸ ਨੂੰ ਉਨਾਂ ਨੇ ਬੜੀ ਸ਼ਿਦਤ ਨਾਲ ਪੂਰਾ ਕੀਤਾ।ਥੋੜੇ ਦਿਨਾਂ ਦੇ ਸੱਦੇ ‘ਤੇ ਆਏ ਇੰਨਾਂ ਮਹਿਮਾਨਾਂ ਲਈ ਸਰਕਾਰ ਦੇ ਬਹੁਤ ਥੋੜੇ ਖਰਚੇ ‘ਤੇ ਅਜਿਹੇ ਪ੍ਰਬੰਧ ਅਤੇ ਮਹਿਮਾਨ ਨਿਵਾਜ਼ੀ ਕੀਤੀ ਕਿ ਕੇਂਦਰ ਦੇ ਦੋਵੇਂ ਮੰਤਰਾਲੇ ਸਿੱਖਿਆ ਤੇ ਕਿਰਤ, ਜੋ ਕਿ ਇਹ ਸੰਮੇਲਨ ਕਰਵਾ ਰਹੇ ਸਨ, ਨੇ ਅੰਮ੍ਰਿਤਸਰ ਦੀ ਮੇਜ਼ਬਾਨੀ ਨੂੰ ਅਤੀ ਉਤਮ ਦਰਜ਼ਾਬੰਦੀ ਦਿੱਤੀ।ਇਸ ਸਮੇਂ ਦੌਰਾਨ ਹੀ ਸੂਫੀ ਫੈਸਟੀਵਲ ਵੀ ਉਨਾਂ ਦੀ ਦੇਖ-ਰੇਖ ਵਿਚ ਹੋਇਆ। ਅੰਮ੍ਰਿਤਸਰ ਵਿਚ ਇਸ ਸਮੇਂ ਦੌਰਾਨ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਬਿਆਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹਿਮਾਨਾਂ ਨੇ ਦੌਰਾ ਕੀਤਾ, ਜਿਸ ਦੀ ਸੂਦਨ ਦੀ ਅਗਵਾਈ ਹੇਠ ਮਹਿਮਾਨ ਨਿਵਾਜ਼ੀ ਬੜੀ ਗਰਮਜੋਸ਼ੀ ਨਾਲ ਕੀਤੀ ਗਈ।ਸੂਦਨ ਦੀ ਕਾਰਜਸ਼ੈਲੀ ਦੀ ਵਿਸ਼ੇਸ਼ ਖੂਬੀ ਇਹ ਰਹੀ ਕਿ ਉਹ ਇੰਨੇ ਵੱਡੇ ਸਮਾਗਮਾਂ ਦੀ ਤਿਆਰੀ ਮੌਕੇ ਵੱਡੇ ਦਬਾਅ ਦੇ ਬਾਵਜ਼ੂਦ ਕਦੇ ਕਾਹਲੇ ਨਹੀਂ ਪਏ, ਕਦੇ ਉਨਾਂ ਕਿਸੇ ਅਧਿਕਾਰੀ ਜਾਂ ਕਰਮਚਾਰੀ ਨਾਲ ਗੁੱਸੇ ਵਿੱਚ ਗੱਲ ਤੱਕ ਨਹੀਂ ਕੀਤੀ।ਹਰੇਕ ਕਰਮਚਾਰੀ ਨੂੰ ਪੂਰਾ ਮਾਣ ਤੇ ਪਿਆਰ ਉਨਾਂ ਵਲੋਂ ਦਿੱਤਾ ਜਾਂਦਾ ਰਿਹਾ।ਅੰਮ੍ਰਿਤਸਰ ਵਾਸੀ, ਅਧਿਕਾਰੀ ਤੇ ਕਰਮਚਾਰੀ ਉਨਾਂ ਦੇ ਇਸ ਕਾਰਜ਼ਕਾਲ ਨੂੰ ਹਮੇਸ਼ਾਂ ਯਾਦ ਰੱਖਣਗੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …