Sunday, December 22, 2024

ਪੰਜਾਬੀ ਮਾਹ ਦੇ ਅੰਤਰਗਤ ‘ਪੰਜਾਬ ਦਿਵਸ : ਮਹੱਤਵ ਅਤੇ ਪ੍ਰਸੰਗਿਕਤਾ” ਵਿਸ਼ੇ `ਤੇ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਭਾਸ਼ਾ ਦੇ ਉੱਘੇ ਚਿੰਤਕ ਡਾ. ਮਨਮੋਹਨ ਸਿੰਘ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਸੰਰਚਨਾ ਨੂੰ ਇਤਿਹਾਸਕ ਪ੍ਰੀਪੇਖ ਤੋਂ ਸਮਝਾਉਦਿਆਂ ਭਵਿੱਖ ਵਿੱਚ ਆਉਣ ਵਾਲੀਆਂ ਚਣੌਤੀਆਂ ਦੇ ਨਾਲ ਸਮਾਜ ਨੂੰ ਘੁਣ ਵਾਂਗ ਲੱਗੀਆਂ 6 ਬਿਮਾਰੀਆਂ ਤੋਂ ਜਾਣੂ ਕਰਵਾ ਗਏ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬ ਦਿਵਸ ਮੌਕੇ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਅਧੀਨ ਪੰਜਾਬੀ ਮਾਹ ਦੇ ਅੰਤਰਗਤ “ਪੰਜਾਬ ਦਿਵਸ : ਮਹੱਤਵ ਅਤੇ ਪ੍ਰਸੰਗਿਕਤਾ” ਵਿਸ਼ੇ ‘ਤੇ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ ਦੇ ਆਯੋਜਨ ਦੌਰਾਨ ਪ੍ਰਮੁੱਖ ਵਕਤਾ ਦੇ ਤੌਰ ‘ਤੇ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ ਕਿ ਪੰਜਾਬ ਦੀ ਭੂਗੋਲਿਕਤਾ ਅਤੇ ਇਤਿਹਾਸਿਕਤਾ ਇੱਕ ਦੂਸਰੇ ਨਾਲ ਜਟਿਲ ਸੰਬੰਧਾਂ ਵਿੱਚ ਬੱਝੇ ਹੋਏ ਹਨ।ਇਸ ਨੂੰ ਬਸਤੀਵਾਦੀ ਨਿਜ਼ਾਮ ਦੇ ਵਰਗ ਵੰਡ ਦੇ ਸਿਧਾਂਤ ਦੇ ਪ੍ਰਸੰਗ ਵਿੱਚ ਸਮਝਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਦੋ-ਕੌਮੀ ਸਿਧਾਂਤ ਇਸ ਦੀ ਪ੍ਰਮੁੱਖ ਮਿਸਾਲ ਹੈ, ਪ੍ਰੰਤੂ ਇਸਦੇ ਬਾਵਜ਼ੂਦ ਵੀ ਭਾਸ਼ਾ ਅਤੇ ਸਭਿਆਚਾਰ ਨੂੰ ਵਿਭਾਜਿਤ ਕਰਨਾ ਮੁਮਕਿਨ ਨਹੀਂ ਹੈ।ਉਹਨਾਂ ਪੰਜਾਬੀ ਸੱਭਿਆਚਾਰ ਦੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹੋਏ ਦਿਖਾਵਾ, ਕਰਜ਼ਾ, ਨਸ਼ਾ, ਪਾਣੀ ਦੀ ਘਾਟ, ਜ਼ਮੀਨ ਦਾ ਬੰਜ਼ਰ ਹੋਣਾ ਅਤੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਦਾ ਜ਼ਿਕਰ ਵੀ ਕੀਤਾ। ਪ੍ਰੋ. ਸਰਬਜੋਤ ਸਿੰਘ ਬਹਿਲ, ਮੁਖੀ, ਅਰਕੀਟੈਕਚਰ ਵਿਭਾਗ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਦਿਵਸ ਦੇ ਸੰਕਲਪ ਨੂੰ ਵਿਸਥਾਰ ਪ੍ਰਦਾਨ ਕਰਕੇ ਪੰਜਾਬੀਅਤ ਦੇ ਸੰਕਲਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਪੰਜਾਬ ਦੀ ਕੁਦਰਤੀ ਵੰਡ ਨਹੀਂ ਸਗੋਂ ਮਸਨੂਈ ਵੱਢ-ਟੁੱਕ ਕੀਤੀ ਗਈ ਹੈ।ਉਹਨਾਂ ਆਦਿਮ ਮਨ ਅਤੇ ਸਮਾਜਿਕ ਮਨ ਦੀ ਤੁਲਨਾ ਕਰਦੇ ਹੋਏ ਆਦਿਮ ਮਨ ਨੂੰ ਵੰਡੀਆਂ ਪਾਉਣ ਵਾਲਾ ਜਦੋਂ ਕਿ ਸਮਾਜਿਕ ਮਨ ਨੂੰ ਇਕ ਦੂਸਰੇ ਨਾਲ ਜੋੜਨ ਵਾਲਾ ਮਾਧਿਅਮ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਭਾਸ਼ਾਈ ਅਤੇ ਧਾਰਮਿਕ ਵਿਵਧਤਾ ਦਾ ਸਰੂਪ ਤਨਾਉ ਪੈਦਾ ਕਰਨ ਦੀ ਜਗ੍ਹਾ ਜਸ਼ਨਾਵੀ ਹੋਣਾ ਚਾਹੀਦਾ ਹੈ।ਇਸ ਤੋਂ ਪਹਿਲਾਂ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਬਿਕਰਮਜੀਤ ਸਿੰਘ ਬਾਜਵਾ ਜੋ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ, ਨੇ ਕਿਹਾ ਪੰਜਾਬੀ ਭਾਸ਼ਾ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੈਤਿਕ ਅਤੇ ਕਾਨੂੰਨੀ ਪ੍ਰਤੀਬੱਧਤਾ ਜੁੜੀ ਹੋਈ ਹੈ।ਇਸਦਾ ਪ੍ਰਮਾਣ ਯੂਨੀਵਰਸਿਟੀ ਵਲੋਂ ਸਥਾਪਿਤ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪੰਜਾਬੀ ਅਧਿਐਨ ਸਕੂਲ ਦੀਆਂ ਪ੍ਰਾਪਤੀਆਂ ਹਨ।ਉਹਨਾਂ ਕਿਹਾ ਕਿ ਇਹ ਵਿਭਾਗ ਵੱਖ-ਵੱਖ ਅਨੁਸ਼ਾਸਨਾਂ ‘ਤੇ ਗੰਭੀਰ ਚਿੰਤਨ ਕਰਨ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਤਕਨੀਕੀ ਸ਼ਬਦਕੋਸ਼ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।ਉਹਨਾਂ ਦੱਸਿਆ ਕਿ ਪੰਜਾਬੀ ਭਾਸ਼ਾ ਦਾ ੳ ਜਿੱਥੇ ਸੰਕੇਤਕ ਰੂਪ ਵਿੱਚ ਅਧਿਆਤਮਕ ਅਰਥਾਂ ਵਿੱਚ ਅਰਸ਼ਾਂ ਨਾਲ ਜੁੜਿਆ ਹੋਇਆ ਹੈ, ਉਥੇ ਇਸਦਾ ਅੰਤਿਮ ਅੱਖਰ ੜ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦਾ ਹੈ।
ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਡਾ. ਮਨਮੋਹਨ ਸਿੰਘ ਅਤੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਪੰਜਾਬ ਦਿਵਸ ਉਪਰ ਰੌਸ਼ਨੀ ਪਾਉਂਦਿਆਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਪੰਜਾਬ ਦੇ ਸੰਕਲਪ ਦੇ ਭੂਗੋਲਿਕ, ਮਾਨਸਿਕ ਅਤੇ ਭਾਸ਼ਾਈ ਖੇਤਰ ਦੇ ਵਿਸ਼ਲੇਸ਼ਣ ‘ਤੇ ਬਲ ਦੇਣ ਦੀ ਜ਼ਰੂਰਤ ਹੈ।ਉਹਨਾਂ ਨੇ ਪੰਜਾਬੀ ਮਾਹ ਦੇ ਅੰਤਰਗਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਅਗਲੇ ਸਮਾਗਮਾਂ ਵਿੱਚ ਜਿਥੇ ਪੰਜਾਬੀ ਦਾ ਇਕ ਮਹੱਤਵਪੂਰਨ ਖੋਜ-ਪ੍ਰੋਜੈਕਟ ਰਲੀਜ਼ ਕੀਤਾ ਜਾਵੇਗਾ, ਉਥੇ ਨਾਨਕ ਸਿੰਘ ਨਾਵਲਕਾਰ ਹੁਰਾਂ ਦੀ ਯਾਦ ਵਿੱਚ ਵੀ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਅਤੇ ਇਕ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।ਉਹਨਾਂ ਕਿਹਾ ਕਿ ਅੱਜ ਲੋੜ ਜਸ਼ਨ ਮਨਾਉਣ ਦੇ ਨਾਲ-ਨਾਲ ਅਧਿਐਨ ਚਿੰਤਨ ਕਰਨ ਦੀ ਵੀ ਹੈ।
ਪ੍ਰੋਗਰਾਮ ਦੇ ਅੰਤ ‘ਚ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਨੇ ਡਾ. ਮਨਮੋਹਨ ਸਿੰਘ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਰਿਆੜ ਨੇ ਬਾਖ਼ੂਬੀ ਨਿਭਾਈ।ਇਸ ਸਮਾਗਮ ਵਿਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਅਰਤਿੰਦਰ ਸੰਧੂ, ਦੀਪ ਦਵਿੰਦਰ, ਪ੍ਰਵੀਨ ਪੁਰੀ, ਸ਼ਾਇਰ ਮਲਵਿੰਦਰ,ਹਰਮੀਤ ਆਰਟਿਸਟ, ਡਾ. ਹਰਸਿਮਰਨ ਕੌਰ, ਡਾ. ਜਗਜੀਤ ਕੌਰ ਜੌਲੀ, ਹਿੰਦੀ ਵਿਭਾਗ ਦੇ ਮੁਖੀ ਡਾ. ਸੁਨੀਲ ਕੁਮਾਰ ਆਦਿ ਨੇ ਸ਼ਿਰਕਤ ਕੀਤੀ। ਇਸ ਸਮੇਂ ਡਾ. ਹਰਿੰਦਰ ਸੋਹਲ,ਡਾ. ਚੰਦਨਪ੍ਰੀਤ ਸਿੰਘ, ਡਾ. ਕੰਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਪਵਨ ਕੁਮਾਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਅੰਜੂ ਬਾਲਾ ਅਤੇ ਵੱਡੀ ਗਿਣਤੀ ‘ਚ ਖੋਜ-ਵਿਦਿਆਰਥੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …