ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਮਵਰ ਕਹਾਣੀਕਾਰ ਅਤੇ ਕਵੀ
ਸੁਖਜੀਤ ਜੀ ਦੇ ਇਸ ਫ਼ਾਨੀ ਜਗਤ ਤੋਂ ਤੁਰ ਜਾਣ ‘ਤੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।ਵਿਭਾਗੇ ਮੁਖੀ ਡਾ. ਮਨਜਿੰਦਰ ਸਿੰਘ ਨੇ ਉਹਨਾਂ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਉਹਨਾਂ ਕਿਹਾ ਕਿ ਸੁਖਜੀਤ ਨਿਪੁੰਨ ਕਹਾਣੀਕਾਰ ਸਨ।ਉਹਨਾਂ ਦੱਸਿਆ ਕਿ ਸੁਖਜੀਤ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਤਿੰਨ ਕਹਾਣੀ ਸੰਗ੍ਰਹਿ, (ਅੰਤਰਾ, ਹੁਣ ਮੈਂ ਇੰਜੁਆਏ ਕਰਦੀ ਹਾਂ, ਮੈਂ ਅਯਨਘੋਸ਼ ਨਹੀਂ), ਕਾਵਿ ਪੁਸਤਕ (ਰੰਗਾਂ ਦਾ ਮਨੋਵਿਗਿਆਨ) ਅਤੇ ਸਵੈ-ਬਿਰਤਾਂਤ (ਮੈਂ ਜੈਸਾ ਹੂੰ ਵੈਸਾ ਕਿਉੰ ਹੂੰ) ਪਾਏ।ਉਤਕ੍ਰਿਸ਼ਟ ਸਾਹਿਤਕ ਘਾਲਣਾ ਕਾਰਨ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ 2022 ਵਿੱਚ ਪ੍ਰਾਪਤ ਹੋਇਆ।ਉਹਨਾਂ ਕਿਹਾ ਕਿ ਸੁਖਜੀਤ ਦੇ ਤੁਰ ਜਾਣ ਭਾਵੇਂ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਉਹ ਆਪਣੀ ਸਿਰਜਨਾ ਸਦਕਾ ਹਮੇਸ਼ਾਂ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।ਉਹਨਾਂ ਦੀ ਗਿਣਤੀ ਅਜੋਕੇ ਦੌਰ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਕੀਤੀ ਜਾਂਦੀ ਰਹੇਗੀ।ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਨੇ ਕਿਹਾ ਕਿ ਸੁਖਜੀਤ ਕੋਲ ਕਹਾਣੀ ਸਿਰਜਨ ਦਾ ਹੁਨਰ ਸੀ।ਉਹਨਾਂ ਨੇ ਆਪਣੀ ਕਲਾਤਮਕ ਪ੍ਰਤਿਭਾ ਰਾਹੀਂ ਨਿਵੇਕਲੇ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਸੁਖਜੀਤ ਜੀ ਦੇ ਅਚਾਨਕ ਅਕਾਲ ਚਲਾਣੇ ਕਾਰਨ ਨੇ ਸਮੁੱਚਾ ਪੰਜਾਬੀ ਜਗਤ ਸਦਮੇ ਵਿੱਚ ਹੈ।ਸੁਖਜੀਤ ਨਾ ਕੇਵਲ ਇੱਕ ਪ੍ਰਬੁੱਧ ਲੇਖਕ ਸਨ, ਬਲਕਿ ਉਚੇਰੇ ਮਾਨਵੀ ਗੁਣਾਂ ਦੇ ਧਾਰਨੀ ਸੁਹਿਰਦ ਇਨਸਾਨ ਵੀ ਸਨ।ਪੰਜਾਬੀ ਸਾਹਿਤ ਜਗਤ ਵਿੱਚ ਸੁਖਜੀਤ ਦੀ ਸਿਰਜਨਾ ਕਾਰਨ ਉਹਨਾਂ ਦੀ ਵੱਖਰੀ ਪਹਿਚਾਣ ਕਾਇਮ ਰਹੇਗੀ।ਸਹਾਇਕ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਕਿਹਾ ਕਿ ਸੁਖਜੀਤ ਮਾਨਵੀ ਸੰਵੇਦਨਾ ਨਾਲ ਲਬਰੇਜ਼ ਸਖ਼ਸ਼ੀਅਤ ਸਨ, ਜੋ ਕਿ ਹਮੇਸ਼ਾਂ ਸਾਡੀਆਂ ਸਿਮਰਤੀਆਂ ਵਿੱਚ ਜ਼ਿੰਦਾ ਰਹਿਣਗੇ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media