Saturday, January 4, 2025

ਦਿੱਲੀ ਤੋਂ ਲੁਧਿਆਣੇ ਅਤੇ ਲੁਧਿਆਣੇ ਤੋਂ ਟਿਕਾਣੇ ਤੱਕ

Ramesh Bagga

ਰਮੇਸ਼ ਬੱਗਾ ਚੋਹਲਾ (ਲੁਧਿਆਣਾ)
ਮੋਬ: 94631 32719
ਅਜੋਕੇ ਸਮੇਂ ਵਿਚ ਬੇਸ਼ੱਕ ਬਦੀ ਦਾ ਬੋਲਬਾਲਾ ਹੈ, ਪਰ ਨੇਕੀ ਦਾ ਬੀਜ ਵੀ ਨਾਸ ਨਹੀਂ ਹੋਇਆ।ਖ਼ੁਦਗਰਜ਼ਾਂ ਦੀ ਬਸਤੀ ਭਾਵੇਂ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ ਪਰ ਕਦੇ ਕਦਾਈਂ ਇਸ ਬਸਤੀ ਵਿਚ ਕੁੱਝ ਪਰਉਪਕਾਰ ਦੀ ਭਾਵਨਾ ਵਾਲੇ ਵਿਅਕਤੀ ਵੀ ਮਿਲ ਜਾਂਦੇ ਹਨ।ਇਹ ਵਿਅਕਤੀ ਆਪਣੇ ਪਰਉਪਕਾਰੀ ਅਤੇ ਮਦਦਗਾਰੀ ਸੁਭਾਅ ਕਾਰਨ ਲੋੜਵੰਦਾਂ ਦੀ ਮਦਦ ਕਰਕੇ ਉਨ੍ਹਾਂ ਦੇ ਧੰਨਵਾਦ ਦੇ ਪਾਤਰ ਬਣਦੇ ਰਹਿੰਦੇ ਹਨ।ਇਨ੍ਹਾਂ ਮਹਾਂ ਪੁਰਖਾਂ ਦਾ ਮੇਲ-ਮਿਲਾਪ ਦੂਸਰਿਆਂ ਉਪਰ ਚਿਰਕਾਲ ਤੱਕ ਆਪਣਾ ਪ੍ਰਭਾਵ ਬਣਾਈ ਰੱਖਦਾ ਹੈ।ਇਸ ਤਰ੍ਹਾਂ ਦੇ ਇੱਕ ਮਹਾਂ ਪੁਰਖ ਦਾ ਮੇਲ ਇਕ ਰਾਤਰੀ ਸੰਕਟ ਦੇ ਸਮੇਂ ਮੇਰੇ ਅਤੇ ਮੇਰੇ ਪਰਿਵਾਰ ਨਾਲ ਵੀ ਹੋਇਆ ਜੋ ਜੀਵਨ ਭਰ ਮੇਰੇ ਚੇਤੇ ਦੀ ਚੰਗੇਰ ਦਾ ਅੰਗ ਬਣਿਆ ਰਹੇਗਾ।
ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਮੈਂ ਅਤੇ ਮੇਰਾ ਪਰਿਵਾਰ (ਧਰਮ ਪਤਨੀ ਅਤੇ ਛੋਟਾ ਫ਼ਰਜੰਦ ਸੁਖਜੀਵਨ ਚੋਹਲਾ) ਗਵਾਲੀਅਰ ਅਤੇ ਆਗਰੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ-ਦੀਦਾਰੇ ਕਰਨ ਵਾਸਤੇ ਗਏ।ਤਿੰਨ ਰੋਜ਼ ਦੀ ਇਸ ਯਾਤਰਾ ਤੋਂ ਬਾਅਦ ਚੌਥੇ ਰੋਜ਼ ਘਰ ਵਾਪਸ ਆਉਣਾ ਲਾਜ਼ਮੀ ਸੀ।ਕਿਉਂਕਿ ਇਸ ਦਿਨ ਕੁੱਝ ਮਿਤੀ ਬੱਧ ਕਾਰਜ ਨਿਪਟਾਉਣੇ ਸਨ।ਘਰ ਵਾਪਸੀ ਲਈ ਅਸੀਂ ਤਿੰਨ ਕੁ ਵਜੇ ਦੇ ਲੱਗਭਗ ਨਿਜ਼ਮੂਦੀਨ (ਦਿੱਲੀ) ਦੇ ਰੇਲਵੇ ਸਟੇਸ਼ਨ ‘ਤੇ ਪਹੁੰਚ ਗਏ ਪਰ ਉਥੇ ਆ ਕੇ ਪਤਾ ਲੱਗਾ ਕਿ ਸੱਤ ਵਜੇ ਤੋਂ ਪਹਿਲਾਂ ਕੋਈ ਵੀ ਟ੍ਰੇਨ ਲੁਧਿਆਣਾ ਸ਼ਹਿਰ ਲਈ ਰਵਾਨਾ ਨਹੀਂ ਹੋਣ ਵਾਲੀ।ਇੰਤਜ਼ਾਰੀ ਵਕਫ਼ਾ ਵਧੇਰੇ ਹੋਣ ਕਰਕੇ ਅਸੀਂ ਉਥੇ ਠਹਿਰਨਾ ਵਾਜ਼ਿਬ ਨਹੀਂ ਸਮਝਿਆ ਅਤੇ ਸਥਾਨਕ ਟ੍ਰੇਨ ਰਾਹੀਂ ਨਵੀਂ ਦਿੱਲੀ ਆ ਗਏ।ਸਾਡੇ ਛੇਤੀ ਲੁਧਿਆਣੇ ਅਪੜਨ ਦੀ ਉਮੀਦ ਨੂੰ ਇਥੇ ਆ ਕੇ ਵੀ ਕੋਈ ਬੂਰ ਨਾ ਪਿਆ।ਪਤਾ ਚੱਲਿਆ ਕਿ ਨੌ ਵਜੇ ਤੋਂ ਪਹਿਲਾਂ ਇਥੋਂ ਵੀ ਕੋਈ ਗੱਡੀ ਲੁਧਿਆਣੇ ਸ਼ਹਿਰ ਦੇ ਰਾਹ ਪੈਣ ਵਾਲੀ ਨਹੀਂ। ਇੰਝ ਲੱਗਾ ਜਿਵੇਂ ‘ਨਮਾਜ਼ ਬਖ਼ਸ਼ਾਉਣ ਆਇਆਂ ਦੇ ਗਲ ਰੋਜ਼ੇ’ ਪੈ ਗਏ ਹੋਣ।ਚਾਰ ਘੰਟੇ ਸਟੇਸ਼ਨ ‘ਤੇ ਲੰਘਾਉਣੇ ਕਾਫੀ ਔਖੇ ਲੱਗ ਰਹੇ ਸਨ।ਹਨ੍ਹੇਰਾ ਸੰਘਣਾ ਹੁੰਦਾ ਦੇਖ ਕੇ ਮਨ ਵੀ ਤਰਲੋਮੱਛੀ ਹੋ ਰਿਹਾ ਸੀ।ਟ੍ਰੇਨ ਦਾ ਬਦਲ ਬੱਸ ਨੂੰ ਬਣਾਉਣ ਦਾ ਵੀ ਵਿਚਾਰ ਆਇਆ ਪਰ ਕਿਰਾਏ ਪੱਖੋਂ ਜੇਬ ਜਵਾਬ ਦਿੰਦੀ ਲੱਗੀ।ਪਰਿਵਾਰ ਵਿਚ ਵਿਚਾਰ ਕੀਤੀ ਗਈ ਕਿ ਅੰਬਾਲੇ ਤੱਕ ਦੀ (2) ਕਿਸੇ ਵੀ ਗੱਡੀ ਵਿਚ ਬੈਠ ਕੇ ਲੁਧਿਆਣੇ ਨਾਲ ਨੇੜਤਾ ਬਣਾ ਲਈ ਜਾਵੇ ਅਤੇ ਅੱਗੇ ਦਾ ਪੈਂਡਾ ਕਿਸੇ ਬੱਸ ਜਾਂ ਮੌਕੇ ਮੁਤਾਬਕ ਮਿਲੇ ਸਾਧਨ ‘ਤੇ ਤਹਿ ਕਰ ਲਿਆ ਜਾਵੇ।ਇਸ ਸਕੀਮ ਨੂੰ ਸਿਰੇ ਚਾੜ੍ਹਨ ਲਈ ਅਸੀਂ ਕਾਲਕਾ ਨੂੰ ਜਾਣ ਵਾਲੀ ਇੱਕ ਗੱਡੀ (ਜਿਹੜੀ ਅੰਬਾਲੇ ਵਿਚ ਦੀ ਲੰਘ ਕੇ ਜਾਣੀ ਸੀ) ਦੇ ਆਮ ਡੱਬੇ ਵਿਚ ਸਵਾਰ ਹੋ ਗਏ।ਇਸ ਗੱਡੀ ਦਾ ਸ਼ਰੂਆਤੀ ਸਫ਼ਰ ਤਾਂ ਕੁੱਝ ਤੇਜ ਗਤੀ ਵਾਲਾ ਰਿਹਾ ਪਰ ਰੇਲਵੇ ਦੀ (ਲੇਟ ਕਰਨ ਵਾਲੀ) ਰਿਵਾਇਤ ਮੁਤਾਬਕ ਅੱਧ ਵਿਚਾਲੇ ਜਾ ਕੇ ਇਹ ਵੀ ਸੁਸਤ ਚਾਲ ਹੋ ਗਈ।ਇਸ ਦੀ ਸੁਸਤੀ ਕਾਰਨ ਸਾਨੂੰ ਅੰਬਾਲੇ ਤੱਕ ਪਹੁੰਚਦਿਆਂ ਹੀ ਅੱਧੀ ਰਾਤ ਹੋ ਗਈ।ਇਥੇ ਆ ਕੇ ਵੀ ਸਾਨੂੰ ਕੁੱਝ ਸਮਾਂ ਪਿੱਛੋਂ ਆਉਣ ਵਾਲੀ ਇੱਕ ਤੇਜ਼ ਰਫ਼ਤਾਰੀ ਗੱਡੀ ਦਾ ਇੰਤਜ਼ਾਰ ਕਰਨਾ ਪਿਆ। ਲੱਗਭਗ ਅੱਧੇ ਕੁ ਘੰਟੇ ਬਾਅਦ ਸਾਡਾ ਇਹ ਇੰਤਜ਼ਾਰ ਖ਼ਤਮ ਹੋਇਆ।ਸੰਪਰਕ ਕ੍ਰਾਂਤੀ ਵਿਚ ਬੈਠ ਕੇ ਜਦੋਂ ਅਸੀਂ ਰਾਤ ਦੇ ਢਾਈ ਵਜੇ ਲੁਧਿਆਣੇ ਪਹੁੰਚੇ ਤਾਂ ਕਿਸੇ ਮਜ਼ਬੂਰੀ ਮਾਰੇ ਲੋਕਾਂ ਤੋਂ ਇਲਾਵਾ ਸਾਰਾ ਸ਼ਹਿਰ ਗੂੜੀ ਨੀਂਦ ਦਾ ਆਨੰਦ ਲੈ ਰਿਹਾ ਸੀ।
ਛੇ ਕੁ ਕਿਲੋਮੀਟਰ ਦਾ ਸਫ਼ਰ ਅਜੇ ਬਕਾਇਆ ਸੀ ਜਿਸ ਨੂੰ ਤਹਿ ਕਰਕੇ ਹੀ ਘਰ ਪ੍ਰਵੇਸ਼ ਕੀਤਾ ਜਾਣਾ ਸੀ।’ਹਾਥੀ ਦੇ ਲੰਘ ਜਾਣ ਤੋਂ ਬਾਅਦ’ ਹੈ ਤਾਂ ਇਹ ਸਫ਼ਰ ਪੂਛ ਦੀ ਨਿਆਈਂ ਸੀ ਪਰ ਰਾਤ ਦਾ ਸਮਾਂ ਹੋਣ ਕਰਕੇ ਇਹ ਪੂਛ ਹੀ ਸਾਡੇ ਲਈ ਜ਼ਹਿਮਤ ਬਣ ਗਈ।ਕਿਸੇ ਆਟੋ-ਰਿਕਸ਼ੇ ਦੀ ਭਾਲ ਵਿਚ ਅਸੀਂ ਸਟੇਸ਼ਨ ਦੇ ਮੁੱਖ ਦੁਆਰ ਦੀ ਬਜਾਏ ਉਸ ਦੇ ਪਿਛਲੇ ਦੁਆਰ (ਫੁਆਰਾ ਚੌਂਕ) ਵੱਲ ਹੋ ਗਏ।ਇਧਰ ਕੁੱਝ ਆਟੋ ਤਾਂ ਖੜ੍ਹੇ ਤਾਂ ਸਨ ਪਰ ਉਨ੍ਹਾਂ ਦੇ ਮਾਲਕ/ਚਾਲਕ ਡੇਢ-ਦੋ ਸੌ ਰੁਪਏ ਬਦਲੇ ਆਪਣੀ ਨੀਂਦ ਤਿਆਗਣ ਲਈ ਤਿਆਰ ਨਹੀਂ ਸਨ।ਕੁੱਝ ਮਿਲਣ ਦੀ ਆਸ ਨਾਲ ਮੁੱਖ ਸੜਕ ਤੱਕ ਪੈਦਲ ਹੀ ਚੱਲ ਪਏ ਪਰ ਇਧਰ ਵੀ ਸੜਕਾਂ ਸੁੱਤੀਆਂ ਪਈਆਂ ਸਨ।ਅਜਿਹੀ ਹਾਲਤ ਵਿਚ ਰੇਲਵੇ ਦੇ ਮੁੱਖ ਗੇਟ ਵੱਲ ਨਾ ਜਾਣ ਦਾ ਇੱਕ ਵੱਡਾ ਪਛਤਾਵਾ ਵੀ ਮਨ ਵਿਚ ਹੋ ਰਿਹਾ ਸੀ।ਥਕਾਵਟ ਅਤੇ ਰੁਕਾਵਟ(ਘਰ ਪਹੁੰਚਣ ਵਿਚ) ਕਾਰਨ ਪੈਦਲ ਚੱਲਣ ਦੀ ਹਿੰਮਤ (ਵਿਸ਼ੇਸ਼ ਕਰਕੇ ਧਰਮ ਪਤਨੀ ਅਤੇ ਬੇਟੇ ਦੀ)ਜਵਾਬ ਦੇ ਗਈ ਸੀ।ਗ਼ਲਤ ਰਸਤੇ ਦੀ ਚੋਣ ਕਾਰਨ ਉਹ ਦੋਵੇਂ ਮੈਨੂੰ ਪਾਣੀ ਪੀ-ਪੀ ਕੋਸ ਰਹੇ ਸਨ ਅਤੇ ਮੈਂ ਉਨ੍ਹਾਂ ਨੂੰ ਅੱਗੋਂ ਕੁੱਝ ਨਾ ਕੁੱਝ ਜ਼ਰੂਰ ਮਿਲ ਜਾਣ ਦਾ ਲਾਰੇ ਵਰਗਾ ਹੌਂਸਲਾ ਦੇ ਰਿਹਾ ਸੀ।ਇਸ ਹੌਂਸਲੇ ਨਾਲ ਮੈਂ ਉਨ੍ਹਾਂ ਨੂੰ ਪੁਰਾਣੀ ਕਚਹਿਰੀ ਤੱਕ ਲੈ ਆਇਆ (3)ਪਰ ਹਲਾਤ ਇਥੇ ਵੀ ਜਿਉਂ ਦੀ ਤਿਉਂ ਹੀ ਸਨ।ਇਸ ਚੌਂਕ ਵਿਚ ਸੁੱਤੇ ਪਏ ਕੁੱਝ ਰਿਕਸ਼ਾ ਪਾਇਲਟਾਂ ਨੂੰ ਜਗਾਉਣ ਦਾ ਜਤਨ ਵੀ ਕੀਤਾ ਪਰ ਉਹ ਵੀ ਟੱਸ ਤੋਂ ਮਸ ਨਹੀਂ ਹੋਏ।ਸਮਾਂ ਆਪਣੀ ਤੋਰੇ ਤੁਰਦਾ ਜਾ ਰਿਹਾ ਸੀ।ਮੁਸੀਬਤ ਦੇ ਇਸ ਮੌਸਮ ਵਿਚ ਕੋਈ ਵੀ ਸਹਾਰਾ ਨਹੀਂ ਬਣ ਰਿਹਾ ਸੀ।ਅਸੀਂ ਇੱਕ ਅਜਿਹੀ ਥਾਂ ‘ਤੇ ਖੜ੍ਹੇ ਸੀ ਜਿਥੋਂ ਬਗ਼ੈਰ ਕਿਸੇ ਸਾਧਨ ਦੇ ਨਾ ਅੱਗੇ ਵੱਲ ਜਾ ਸਕਦੇ ਸੀ ਅਤੇ ਨਾ ਹੀ ਪਿੱਛੇ ਵੱਲ।
ਨਿਰਾਸ਼ਤਾ ਦੇ ਬਦਲਾਂ ਵਿਚ ਘਿਰਿਆਂ ਨੂੰ ਇੱਕ ਟਾਟਾ ਸੂਮੋ ਆਉਂਦੀ ਨਜ਼ਰ ਆ ਗਈ।ਮੈਂ ਕਿਸੇ ਭਲੇ ਦੀ ਆਸ ਨਾਲ ਇਸ ਦੇ ਚਾਲਕ ਨੂੰ ਹੱਥ ਦੇ ਦਿੱਤਾ।ਪਹਿਲਾਂ ਤਾਂ ਉਹ ਕਾਫੀ ਅਗਾਂਹ ਨੂੰ ਨਿਕਲ ਗਿਆ,           ਪਰ ਫਿਰ ਪਤਾ ਨਹੀਂ ਕਦੋਂ ਉਸ ਦੇ ਮਨ ਮੇਹਰ ਪੈ ਗਈ ਅਤੇ ਪਿਛਾਂਹ ਨੂੰ ਪਰਤ ਆਇਆ।
‘ਕਿਥੇ ਜਾਣਾ?’ਉਸ ਨੇ ਸਵਾਲ ਕੀਤਾ।
‘ਰਿਸ਼ੀ ਨਗਰ ਐਕਸਟੈਨਸ਼ਨ’।ਮੈਂ ਉਸ ਨੂੰ ਆਪਣੇ ਟਿਕਾਣੇ ਬਾਰੇ ਦੱਸਦਿਆਂ ਕਿਹਾ।
‘ਪਰ ਮੈਂ ਤਾਂ ਡੀ.ਐਮ.ਸੀ ਤੋਂ ਹੀ ਮੁੜ ਜਾਣਾ’।
‘ਚੱਲ ਕੋਈ ਨਹੀਂ, ਅੱਗੇ ਤਾਂ ਫਿਰ ਬਹੁਤਾ ਦੂਰ ਨਹੀਂ’।ਘਰ ਦੇ ਨੇੜੇ ਲੱਗਦੇ ਦੇਖ ਕੇ ਅਸੀਂ ਉਸ ਦੀ ਸੂਮੋਂ ਵਿਚ ਸਵਾਰ ਹੋ ਗਏ।ਉਸ ਨੇ ਕਿਹਾ ਕਿ ਰਾਤ ਦਾ ਸਮਾਂ ਹੋਣ ਕਰਕੇ ਮੈਂ ਰੁਕਣਾ ਤਾਂ ਨਹੀਂ ਸੀ ਪਰ ਬੱਚਾ ਅਤੇ ਜ਼ਨਾਨਾ ਸਵਾਰੀ ਹੋਣ ਕਰਕੇ ਮੈਂ ਨਾ ਚਾਹੁੰਦਿਆਂ ਹੋਇਆਂ ਵੀ ਪਿੱਛੇ ਨੂੰ ਮੁੜ ਆਇਆ।ਉਸ ਨੇਕਬਖ਼ਤ ਦੀ ਇਸ ਨੇਕੀ ਲਈ ਮੈਂ ਉਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੀ ਅਣਗਹਿਲੀ ਕਾਰਨ ਹੋਈ ਖ਼ਜਲ-ਖ਼ੁਆਰੀ ਦੀ ਵਿਥਿਆ ਆਖ ਸੁਣਾਈ।ਇਸ ਵਿਥਿਆ ਨੂੰ ਸੁਣ ਕੇ ਉਸ ਦਾ ਦਿਲ ਹੋਰ ਵੀ ਦਰਿਆ ਹੋ ਗਿਆ ਅਤੇ ਉਹ ਸਾਨੂੰ ਧੁਰ ਤੱਕ ਹੀ ਛੱਡ ਗਿਆ।ਉਸ ਦੇ ਇਸ ਪਰਉਪਕਾਰ ਦਾ ਮੁੱਲ ਜਦੋਂ ਮੈਂ ਪੈਸੇ ਨਾਲ ਪਾਉਣਾ ਚਾਹਿਆ ਤਾਂ ਉਸ ਨੇ ਪੈਸੇ ਲੈਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ।ਉਸ ਦੀ ਇਸ ਪਰਉਪਕਾਰੀ ਭਾਵਨਾ ਨੇ ਜਿਥੇ ਸਾਡੇ (ਵਿਸ਼ੇਸ਼ ਕਰਕੇ ਪਤਨੀ ਅਤੇ ਪੁੱਤਰ ਦੇ) ਤਪਦਿਆਂ ਹਿਰਦਿਆਂ ਨੂੰ ਸ਼ਾਂਤ ਕਰ ਦਿੱਤਾ ਉੱਥੇ ਉਂਨੀਦਰੇ ਮਾਰੇ ਨੈਣਾਂ ਨੂੰ ਕੁੱਝ ਪਲ ਲਈ ਨੀਂਦ ਵੀ ਬਖ਼ਸ਼ ਦਿੱਤੀ।

Check Also

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਕਰਦੀ ਹੈ ਫ਼ਿਲਮ ‘ਆਪਣੇ ਘਰ ਬਿਗਾਨੇ’

  ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ।ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ …

Leave a Reply