Wednesday, May 28, 2025
Breaking News

ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਝੁਲਾਏ ਖਾਲਸਈ ਨਿਸ਼ਾਨ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਪੰਜ ਸਿੰਘ ਸਾਹਿਬਾਨ ਵੱਲੋਂ 325ਵੇਂ ਖਾਲਸਾ ਸਾਜਣਾ ਦਿਵਸ ਮੌਕੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਘਰਾਂ ’ਤੇ ਖਾਲਸਈ ਝੰਡੇ ਝੁਲਾਉਣ ਦੇ ਆਦੇਸ਼ ਮੁਤਾਬਿਕ ਅੱਜ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਮੂਹ ਵਿੱਚ ਖਾਲਸਈ ਨਿਸ਼ਾਨ ਝੁਲਾਏ ਗਏ।ਇਸ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੁਲਾਜ਼ਮਾਂ ਨੇ ਸਮੂਹਕ ਰੂਪ ਵਿਚ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਿੰਘ ਸਾਹਿਬਾਨ ਦੇ ਹਰਇਕ ਆਦੇਸ਼ ਦਾ ਸਿੱਖ ਕੌਮ ਲਈ ਵੱਡਾ ਮਹੱਤਵ ਹੁੰਦਾ ਹੈ, ਜਿਸ ਦੀ ਪਾਲਣਾ ਕਰਨਾ ਕੌਮ ਦੀ ਜ਼ਿੰਮੇਵਾਰੀ ਹੈ।ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੁਲਾਜ਼ਮ ਪਰਿਵਾਰ ਵੱਲੋਂ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸਵੈਮਾਣ ਨਾਲ ਜਿਊਣ ਦਾ ਰਾਹ ਦਿਖਾਇਆ।ਸਾਡਾ ਸਭ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬ ਵੱਲੋਂ ਸਾਜੇ ਖਾਲਸੇ ਦੇ ਮਨੋਰਥ ਅਨੁਸਾਰ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੀਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓ.ਐਸ.ਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਬਿਜੈ ਸਿੰਘ, ਪ੍ਰੀਤਪਾਲ ਸਿੰਘ, ਮੀਤ ਸਕੱਤਰ ਸ਼ਾਹਬਾਜ਼ ਸਿੰਘ, ਜਸਵਿੰਦਰ ਸਿੰਘ ਜੱਸੀ, ਬਲਵਿੰਦਰ ਸਿੰਘ ਖੈਰਾਬਾਦ, ਗੁਰਨਾਮ ਸਿੰਘ, ਹਰਜਭਨ ਸਿੰਘ ਵਕਤਾ, ਸੁਖਬੀਰ ਸਿੰਘ, ਸੁਪਰਡੈਂਟ ਨਿਸ਼ਾਨ ਸਿੰਘ ਤੇ ਸਮੂਹ ਮੁਲਾਜ਼ਮ ਮੌਜ਼ੂਦ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …