Monday, July 14, 2025
Breaking News

ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਸਬੰਧੀ ਇਕੱਤਰਤਾ

ਸ੍ਰੀ ਗੋਇੰਦਵਾਲ ਸਾਹਿਬ, 6 ਮਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ‘ਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਮੌਕੇ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਸਬੰਧੀ ਅੱਜ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ-ਵੱਖ ਪੰਥਕ ਜਥੇਬੰਦੀਆਂ, ਨਿਹੰਗ ਸਿੰਘ, ਕਾਰਸੇਵਾ, ਉਦਾਸੀ ਤੇ ਨਿਰਮਲੇ ਸੰਪ੍ਰਦਾਵਾਂ, ਸਿੰਘ ਸਭਾਵਾਂ, ਟਕਸਾਲਾਂ, ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਨਾਲ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਇਸ ਇਕੱਤਰਤਾ ਦੌਰਾਨ ਸਤੰਬਰ ਮਹੀਨੇ ਮਨਾਈ ਜਾਣ ਵਾਲੀਆਂ ਇਨ੍ਹਾਂ ਸ਼ਤਾਬਦੀਆਂ ਸਬੰਧੀ ਦੀਰਘ ਵਿਚਾਰ ਚਰਚਾ ਕੀਤੀ ਗਈ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੁੱਜੇ ਨੁਮਾਇੰਦਿਆਂ ਦੇ ਸੁਝਾਅ ਪ੍ਰਾਪਤ ਕੀਤੇ ਗਏ ਹਨ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪੁੱਜੀਆਂ ਸਮੂਹ ਸ਼ਖ਼ਸੀਅਤਾਂ ਦਾ ਆਪਣੇ ਸੁਚੱਜੇ ਤੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸੁਝਾਵਾਂ ਨੂੰ ਨੋਟ ਕਰ ਲਿਆ ਗਿਆ ਅਤੇ ਸ਼ਤਾਬਦੀ ਦੇ ਸਮੁੱਚੇ ਸਮਾਗਮ ਇਨ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਉਲੀਕੇ ਜਾਣਗੇ।ਭਾਈ ਮਹਿਤਾ ਨੇ ਕਿਹਾ ਕਿ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸ੍ਰੀ ਗੁਰੂ ਅਮਰਦਾਸ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਤੋਂ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਵੀ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਪ੍ਰਾਪਤ ਹੋਏ ਸੁਝਾਵਾਂ ਅਨੁਸਾਰ ਜੋ ਵੀ ਹੋਰ ਸਮਾਗਮ ਉਲੀਕੇ ਜਾਣਗੇ, ਉਨ੍ਹਾਂ ਦੀ ਰੂਪ-ਰੇਖਾ ਤੈਅ ਕਰਕੇ ਜਲਦ ਹੀ ਸੰਗਤ ਨੂੰ ਦੱਸ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸ਼ਤਾਬਦੀ ਸਮਾਗਮ ਪੰਥਕ ਜਾਹੋ-ਜਲਾਲ ਵਾਲੇ ਅਤੇ ਦੇਸ਼ ਦੁਨੀਆਂ ਵਿਚ ਵਸਦੀ ਸੰਗਤ ਲਈ ਯਾਦਗਾਰ ਹੋਣਗੇ। ਇਸ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਇਕੱਤਰਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਗੁਰਬਚਨ ਸਿੰਘ ਕਰਮੂੰਵਾਲਾ, ਅਮਰਜੀਤ ਸਿੰਘ ਭਲਾਈਪੁਰ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਜਰਨੈਲ ਸਿੰਘ ਡੋਗਰਾਂਵਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਦਮਦਮੀ ਟਕਸਾਲ ਮਹਿਤਾ ਤੋਂ ਬਾਬਾ ਸਾਹਿਬ ਸਿੰਘ, ਦਲ ਬਾਬਾ ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਤੇ ਬਾਬਾ ਸੁਖਵਿੰਦਰ ਸਿੰਘ ਕਾਰਸੇਵਾ ਭੂਰੀਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ, ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ, ਬਾਬਾ ਦਰਸ਼ਨ ਸਿੰਘ ਸ਼ਾਸਤਰੀ ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ, ਬਾਬਾ ਸਤਨਾਮ ਸਿੰਘ ਕਾਰਸੇਵਾ ਗੁਰੂ ਕਾ ਬਾਗ, ਬਾਬਾ ਹਰਜਿੰਦਰ ਸਿੰਘ ਚੰਡੀਗੜ੍ਹ, ਪਰਮਜੀਤ ਸਿੰਘ ਸਰਪੰਚ ਮੁੰਡਾਪਿੰਡ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਸਮੇਤ ਵੱਖ-ਵੱਖ ਸਿੰਘ ਸਭਾਵਾਂ, ਲੰਗਰ ਕਮੇਟੀਆਂ, ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …